
ਅੰਮ੍ਰਿਤਸਰ, 30 ਜਨਵਰੀ 2025 (ਸੁਖਬੀਰ ਸਿੰਘ)
ਸਿਵਲ ਸਰਜਨ ਅੰਮ੍ਰਿਤਸਰ ਡਾ. ਕਿਰਨਦੀਪ ਕੌਰ ਦੀ ਪ੍ਰਧਾਨਗੀ ਹੇਠ ਜਿਲਾ ਲਿਪਰੋਸੀ ਅਫਸਰ ਡਾ.ਹਰਪ੍ਰੀਤ ਕੌਰ ਦੀ ਅਗਵਾਈ ਹੇਠ ਸ਼੍ਰੀ ਗੁਰੂ ਰਾਮਦਾਸ ਕੁਸ਼ਟ ਆਸ਼ਰਮ ਅੰਮ੍ਰਿਤਸਰ ਵਿਖੇ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ। ਜਿਸ ਵਿੱਚ ਲਗਭਗ 150 ਕੁਸਟ ਰੋਗੀਆਂ ਨੂੰ ਐਮ.ਸੀ.ਆਰ ਫੁਟਵੇਅਰ ਅਤੇ ਅਲਸਰ ਕਿੱਟਾਂ ਵੰਡੀਆਂ ਗਈਆਂ। ਇਸ ਦੌਰਾਨ ਡਾ.ਕਿਰਨਦੀਪ ਕੌਰ ਨੇ ਦੱਸਿਆ ਕਿ ਮਹਾਤਮਾ ਗਾਂਧੀ ਜੀ ਦੇ ਬਲਦਾਨ ਦਿਵਸ ਦੇ ਮੌਕੇ ਤੇ ਹਰ ਸਾਲ ਵਿਸ਼ਵ ਕੁਸ਼ਟ ਰੋਗ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ। ਸਿਹਤ ਵਿਭਾਗ ਵੱਲੋਂ ਅੱਜ ਸ਼੍ਰੀ ਗੁਰੂ ਰਾਮਦਾਸ ਕੁਸ਼ਟ ਆਸ਼ਰਮ ਵਿਖੇ ਰੋਗੀਆਂ ਦਾ ਮੈਡੀਕਲ ਚੈਕ ਅਪ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਇਹਨਾਂ ਰੋਗੀਆਂ ਨੂੰ ਐਮਸੀਆਰ ਫੁੱਟਵੇਅਰ ਅਤੇ ਅਲਸਰ ਕੇਅਰ ਕਿੱਟਾਂ ਵੰਡੀਆਂ ਜਾ ਰਹੀਆਂ ਹਨ ਤਾਂ ਜੋ ਇੱਥੇ ਰਹਿ ਰਹੇ ਸਾਰੇ ਲੋਕਾਂ ਨੂੰ ਕੁਸ਼ਟ ਦੇ ਇਲਾਜ ਲਈ ਮਦਦ ਮਿਲ ਸਕੇ ।
ਜਿਲਾ ਲੇਪ੍ਰੋਸੀ ਅਫਸਰ ਡਾ.ਹਰਪ੍ਰੀਤ ਕੌਰ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਕੁਸ਼ਟ ਰੋਗ ਦੇ ਲੱਛਣ, ਇਲਾਜ ਅਤੇ ਦਵਾਈਆਂ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਜਿਵੇਂ ਕਿ ਸਰੀਰ ਤੇ ਕਿਸੇ ਵੀ ਹਿੱਸੇ ਤੇ ਕੋਈ ਅਜਿਹਾ ਨਿਸ਼ਾਨ ਜਿਸ ਦਾ ਰੰਗ ਲਾਲ ਚਿੱਟਾ ਜਾਂ ਤਾਂਬੇ ਰੰਗ ਦਾ ਹੋਵੇ ਜਿਸ ਤੇ ਸ਼ੋਹ ਮਹਿਸੂਸ ਨਾ ਹੁੰਦੀ ਹੋਵੇ ਅਤੇ ਠੰਡਾ ਗਰਮ ਵੀ ਨਾ ਮਹਿਸੂਸ ਹੁੰਦਾ ਹੋਵੇ। ਇਸ ਦੇ ਨਾਲ ਹੀ ਹੱਥਾਂ ਪੈਰਾਂ ਤੇ ਆਪਣੇ ਆਪ ਛਾਲੇ ਪੈ ਕੇ ਜਖਮ ਹੋ ਜਾਣਾ ਆਦਿ ਸਾਰੀਆਂ ਕੁਸ਼ਟ ਰੋਗ ਦੀਆਂ ਨਿਸ਼ਾਨੀਆਂ ਹਨ। ਇਸ ਦਾ ਇਲਾਜ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਮੁਫਤ ਕੀਤਾ ਜਾਂਦਾ। ਇਸ ਅਫਸਰ ਤੇ ਜਿਲਾ ਐਮ.ਈ.ਆਈ.ਓ. ਅਮਰਦੀਪ ਸਿੰਘ, ਸੁਪਰਵਾਈਜ਼ਰ ਗੁਰਪ੍ਰੀਤ ਸਿੰਘ ਅਤੇ ਮਨਜਿੰਦਰ ਕੌਰ ਸਮੇਤ ਸਮੂਹ ਸਟਾਫ ਹਾਜ਼ਰ ਸੀ।



