ਅੰਮ੍ਰਿਤਸਰ, 7 ਫਰਵਰੀ 2025 (ਸੁਖਬੀਰ ਸਿੰਘ)
ਬਾਰਡਰ ਏਰੀਏ ਦੇ ਪਿੰਡ ਕੱਕੜਾਂ ਦੇ ਰਹਿਣ ਵਾਲੇ ਗੁਰਪ੍ਰਤਾਪ ਸਿੰਘ ਨੇ ਆਪਣੇ ਤੇ ਆਪਣੇ ਪੁੱਤਰ ਦੇ ਜਨਮਦਿਨ ਨੂੰ ਖ਼ਾਸ ਬਣਾਉਂਦੇ ਹੋਏ ਆਸਰਾ ਦੇ ਆਸਰੇ ਆਸ਼ਰਮ (ਨਵਾਂ ਪਿੰਡ, ਮਹਿਤਾ ਰੋਡ) ਵਿਖੇ ਮਨਾਇਆ। 10 ਸਾਲਾਂ ਦੀ ਲੰਮੀ ਉਡੀਕ ਤੋਂ ਬਾਅਦ ਉਨ੍ਹਾਂ ਨੂੰ ਪੁੱਤਰ ਦੀ ਪ੍ਰਾਪਤੀ ਹੋਈ, ਜਿਸ ਕਰਕੇ ਇਹ ਦਿਨ ਉਨ੍ਹਾਂ ਲਈ ਹੋਰ ਵੀ ਮਹੱਤਵਪੂਰਨ ਹੋ ਗਿਆ।
ਅਕਸਰ ਲੋਕ ਆਪਣੇ ਜਨਮਦਿਨ ਵੱਡੇ ਹੋਟਲਾਂ ਤੇ ਰੈਸਟੋਰੈਂਟਾਂ ‘ਚ ਮਨਾਉਣ ਨੂੰ ਤਰਜੀਹ ਦਿੰਦੇ ਹਨ, ਪਰ ਗੁਰਪ੍ਰਤਾਪ ਸਿੰਘ ਨੇ ਇਸ ਰਵਾਇਤ ਨੂੰ ਬਦਲਣ ਦਾ ਫ਼ੈਸਲਾ ਕੀਤਾ। ਉਹ ਆਪਣੇ ਪਰਿਵਾਰ ਸਮੇਤ “ਆਸਰਾ ਦੇ ਆਸਰੇ” ਆਸ਼ਰਮ ਪਹੁੰਚੇ, ਜਿੱਥੇ ਅਨਾਥ ਬੱਚਿਆਂ, ਬਜ਼ੁਰਗਾਂ ਤੇ ਲੋੜਵੰਦ ਲੋਕਾਂ ਨਾਲ ਆਪਣੇ ਤੇ ਆਪਣੇ ਪੁੱਤਰ ਦੇ ਜਨਮਦਿਨ ਦੀ ਖੁਸ਼ੀ ਸਾਂਝੀ ਕੀਤੀ।
ਇਸ ਮੌਕੇ ਗੁਰਪ੍ਰਤਾਪ ਸਿੰਘ ਨੇ ਲੋਕਾਂ ਨੂੰ ਵਿਸ਼ੇਸ਼ ਸੁਨੇਹਾ ਦਿੰਦਿਆਂ ਕਿਹਾ –
“ਬਾਬਾ ਜੀ ਨੇ 10 ਸਾਲਾਂ ਬਾਅਦ ਮੈਨੂੰ ਪੁੱਤਰ ਦੀ ਦਾਤ ਬਖ਼ਸ਼ੀ ਹੈ। ਇਸ ਖ਼ਾਸ ਦਿਨ ਨੂੰ ਮੈਂ ਰੱਬੀ ਰੂਹਾਂ ਦੇ ਨਾਲ ਮਨਾਉਣ ਆਇਆ ਹਾਂ। ਹਰ ਇੱਕ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਖੁਸ਼ੀਆਂ, ਜਨਮਦਿਨ ਅਤੇ ਤਿਉਹਾਰ ਇਨ੍ਹਾਂ ਲੋੜਵੰਦ ਪਰਿਵਾਰਾਂ ਨਾਲ ਸਾਂਝੇ ਕਰਨ।”
ਉਨ੍ਹਾਂ ਨੇ ਲੋਕਾਂ ਨੂੰ ਵਾਧੂ ਅਤੇ ਫ਼ਜ਼ੂਲ ਖ਼ਰਚਿਆਂ ਤੋਂ ਬਚਣ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਹੁਣ ਹਮੇਸ਼ਾ ਆਪਣੇ ਪਰਿਵਾਰਕ ਤਿਉਹਾਰ ਤੇ ਖੁਸ਼ੀਆਂ ਇਨ੍ਹਾਂ ਪਰਿਵਾਰਾਂ ਦੇ ਨਾਲ ਹੀ ਸਾਂਝੀਆਂ ਕਰਨਗੇ।
ਗੁਰਪ੍ਰਤਾਪ ਸਿੰਘ ਦੇ ਇਸ ਉਪਰਾਲੇ ਨੂੰ ਸਮਾਜ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਇਹ ਸੋਚ ਹੋਰ ਲੋਕਾਂ ਲਈ ਵੀ ਇੱਕ ਪ੍ਰੇਰਣਾ ਬਣ ਸਕਦੀ ਹੈ, ਤਾਂਕਿ ਲੋਕ ਵਧੇਰੇ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਵੱਲ ਵਧਣ।


