ਅੰਮ੍ਰਿਤਸਰ: ਮੁਸਤਫਾਬਾਅਦ ਇਲਾਕੇ ਦੇ ਗੰਦੇ ਨਾਲੇ ਤੋਂ ਮਿਲੀ ਅਣਪਛਾਤੀ ਲਾਸ਼, ਇਲਾਕੇ ‘ਚ ਫੈਲੀ ਸਨਸਨੀ
ਅੰਮ੍ਰਿਤਸਰ, (ਕੰਵਲਜੀਤ ਸਿੰਘ – ਜੈ ਰਾਮ ਸ਼ਰਮਾ ) –
ਅੰਮ੍ਰਿਤਸਰ ਦੇ ਮੁਸਤਫਾਬਾਅਦ ਇਲਾਕੇ ਵਿੱਚ ਇੱਕ ਗੰਦੇ ਨਾਲੇ ਤੋਂ ਅਣਪਛਾਤੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਫਿਲਹਾਲ ਲਾਸ਼ ਦੀ ਪਹਿਚਾਣ ਨਹੀਂ ਹੋ ਸਕੀ ਅਤੇ ਇਹ ਵੀ ਨਹੀਂ ਪਤਾ ਲੱਗ ਸਕਿਆ ਕਿ ਇਹ ਕਿਸੇ ਵਿਅਕਤੀ ਦੀ ਹੈ ਜਾਂ ਕਿਸੇ ਔਰਤ ਦੀ।
ਮਿਲੀ ਜਾਣਕਾਰੀ ਅਨੁਸਾਰ, ਇਹ ਲਾਸ਼ ਰੇਲਵੇ ਲਾਈਨਾਂ ਦੇ ਕੋਲ ਪਏ ਗੰਦੇ ਨਾਲੇ ਵਿੱਚ ਪਈ ਸੀ। ਜਦੋਂ ਇਲਾਕੇ ਦੇ ਲੋਕਾਂ ਨੇ ਇਸਨੂੰ ਦੇਖਿਆ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਘਟਨਾ ਦੀ ਜਾਣਕਾਰੀ ਮਿਲਣ ਉਪਰੰਤ, ਪੁਲਿਸ ਚੌਂਕੀ ਵਿਜੇ ਨਗਰ ਦੇ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ।
ਇਲਾਕੇ ਵਿੱਚ ਨਸ਼ੇ ਦੀ ਸਮੱਸਿਆ, ਲੋਕਾਂ ਨੇ ਪ੍ਰਸ਼ਾਸਨ ‘ਤੇ ਉਠਾਏ ਸਵਾਲ
ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਸ ਥਾਂ ‘ਤੇ ਆਏ ਦਿਨ ਨੌਜਵਾਨ ਨਸ਼ੇ ਕਰਦੇ ਹਨ। ਕਈ ਵਾਰ ਨਸ਼ੇ ਦੀ ਥੋਡੀ ਜ਼ਿਆਦਾ ਖੁਰਾਕ ਜਾਂ ਇੰਜੈਕਸ਼ਨ ਲਗਾਉਣ ਕਾਰਨ ਮੌਤ ਹੋਣ ਦੇ ਮਾਮਲੇ ਵੀ ਸਾਹਮਣੇ ਆਉਂਦੇ ਰਹੇ ਹਨ। ਇਲਾਕਾ ਵਾਸੀਆਂ ਦਾ ਆਰੋਪ ਹੈ ਕਿ ਬਾਵਜੂਦ ਕਈ ਵਾਰ ਅਪੀਲ ਕਰਨ ਦੇ, ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਇਲਾਕੇ ਵਿੱਚ ਕੋਈ ਗਸ਼ਤ ਜਾਂ ਨਿਯਮਤ ਨਿਗਰਾਨੀ ਨਹੀਂ ਕੀਤੀ ਜਾਂਦੀ।
ਪੁਲਿਸ ਨੇ ਰੇਲਵੇ ਵਿਭਾਗ ਨੂੰ ਦਿੱਤੀ ਸੂਚਨਾ
ਇਸ ਸੰਬੰਧੀ ਪੁਲਿਸ ਚੌਂਕੀ ਵਿਜੇ ਨਗਰ ਦੇ ਇੰਚਾਰਜ ਗੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਮੌਕੇ ‘ਤੇ ਪਹੁੰਚੇ, ਪਰ ਚੁੱਕਾ ਇਹ ਖੇਤਰ ਰੇਲਵੇ ਵਿਭਾਗ ਦੇ ਅਧੀਨ ਆਉਂਦਾ ਹੈ, ਇਸ ਕਰਕੇ ਇਹ ਮਾਮਲਾ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਰੇਲਵੇ ਪੁਲਿਸ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਆਗੇ ਦੀ ਕਾਰਵਾਈ ਕਰੇਗੀ।
ਇਲਾਕਾ ਵਾਸੀਆਂ ਨੇ ਪੁਲਿਸ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਨਸ਼ੇ ਅਤੇ ਗੁੰਡਾਗਰਦੀ ਨੂੰ ਰੋਕਣ ਲਈ ਗਸ਼ਤ ਵਧਾਈ ਜਾਵੇ, ਤਾਂ ਜੋ ਆਉਣ ਵਾਲੇ ਸਮੇਂ ‘ਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।



