ਥਾਣਾ ਏ ਡਵੀਜ਼ਨ ਵੱਲੋਂ 417 ਗ੍ਰਾਮ ਹੈਰੋਇਨ, 22,400 ਰੁਪਏ ਡਰੱਗ ਮਨੀ ,ਇਲੈਕਟ੍ਰੋਨਿਕ ਕੰਡਾ ਅਤੇ ਲਗਜ਼ਰੀ ਕਾਰ ਸਮੇਤ ਇੱਕ ਮੁਲਜ਼ਮ ਗ੍ਰਿਫ਼ਤਾਰ

ਅੰਮ੍ਰਿਤਸਰ, 24 ਫਰਵਰੀ 2025 (ਸੁਖਬੀਰ ਸਿੰਘ)
ਅੰਮ੍ਰਿਤਸਰ ਪੁਲਿਸ ਨੇ ਇੱਕ ਵੱਡੀ ਕਾਰਵਾਈ ਦੇ ਦੌਰਾਨ 417 ਗ੍ਰਾਮ ਹੈਰੋਇਨ, 22,400 ਰੁਪਏ ਡਰੱਗ ਮਨੀ ਅਤੇ ਇੱਕ ਲਗਜ਼ਰੀ ਕਾਰ ਬਰਾਮਦ ਕਰਕੇ ਇੱਕ ਪੇਸ਼ੇਵਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।
ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ ਅਧੀਨ, ਡੀ.ਸੀ.ਪੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਅਤੇ ਏ.ਡੀ.ਸੀ.ਪੀ ਸਿਟੀ-3 ਹਰਪਾਲ ਸਿੰਘ ਦੀ ਨਿਗਰਾਨੀ ਹੇਠ, ਏ.ਸੀ.ਪੀ ਪੂਰਬੀ ਕਮਲਜੀਤ ਸਿੰਘ ਅਤੇ ਥਾਣਾ ਏ-ਡਵੀਜ਼ਨ ਦੇ ਇੰਸਪੈਕਟਰ ਬਲਜਿੰਦਰ ਸਿੰਘ ਔਲ਼ਖ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਇਹ ਕਾਰਵਾਈ ਅੰਜਾਮ ਦਿੱਤੀ।
ਯੋਜਨਾਬੱਧ ਢੰਗ ਨਾਲ ਪੁਰਾਣੀ ਸਬਜ਼ੀ ਮੰਡੀ ਇਲਾਕੇ ਵਿੱਚ ਕੀਤੀ ਗਈ ਛਾਪੇਮਾਰੀ ਦੌਰਾਨ, ਰੋਹਿਤ ਕੁਮਾਰ ਉਰਫ਼ ਲੋਭੀ (ਪੁੱਤਰ ਸਤਨਾਮ ਸਿੰਘ), ਨਿਵਾਸੀ ਘਾਹ ਮੰਡੀ, ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਕੋਲੋਂ 417 ਗ੍ਰਾਮ ਹੈਰੋਇਨ, 22,400 ਰੁਪਏ ਨਕਦ ਅਤੇ ਇੱਕ ਹਾਂਡਾ ਇਮੇਜ਼ ਕਾਰ ਬਰਾਮਦ ਕੀਤੀ ਗਈ।
ਗ੍ਰਿਫ਼ਤਾਰ ਮੁਲਜ਼ਮ ਖਿਲਾਫ਼ ਪਹਿਲਾਂ ਵੀ ਕਈ ਗੰਭੀਰ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ:
- ਮੁਕੱਦਮਾ ਨੰਬਰ 72/16 (ਜੁਰਮ 323, 354, 506 ਭ.ਦ. ਅਤੇ 8, 12 ਪੋਸਕੋ ਐਕਟ) – ਥਾਣਾ ਈ-ਡਵੀਜ਼ਨ, ਅੰਮ੍ਰਿਤਸਰ।
- ਮੁਕੱਦਮਾ ਨੰਬਰ 196/22 (ਜੁਰਮ 21, 29 NDPS ਐਕਟ ਅਤੇ 25 ਆਰਮਜ਼ ਐਕਟ) – ਐਂਟੀ ਨਾਰਕੋਟਿਕ ਟਾਸਕ ਫੋਰਸ, ਮੋਹਾਲੀ।
- ਮੁਕੱਦਮਾ ਨੰਬਰ 101/24 (ਜੁਰਮ 420, 467, 468 ਭ.ਦ.) – ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ। (ਇਸ ਮਾਮਲੇ ਵਿੱਚ, ਉਸ ਨੇ ਜਾਅਲੀ ਅਸਲ੍ਹਾ ਲਾਇਸੰਸ ਬਣਵਾਇਆ ਸੀ।)
ਪੁਲਿਸ ਵੱਲੋਂ ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ, ਜਿਸ ਤੋ ਬਾਅਦ ਉਸਦੇ ਬੈਕਵਰਡ ਤੇ ਫਾਰਵਰਡ ਲਿੰਕ ਦੀ ਜਾਂਚ ਕੀਤੀ ਜਾਵੇਗੀ।



