AmritsarE-Paper‌Local NewsPunjab
Trending

ਪੰਜਾਬ ਪੁਲਿਸ ਵੱਲੋਂ ਹਥਿਆਰਾਂ ਦੀ ਖੇਪ ਪਹੁੰਚਾਉਣ ਦੀ ਕੋਸ਼ਿਸ਼ ਕਰਦੇ 2 ਵਿਅਕਤੀ ਕਾਬੂ; 8 ਆਧੁਨਿਕ ਪਿਸਤੌਲ ਬਰਾਮਦ

ਅੰਮ੍ਰਿਤਸਰ, 30 ਨਵੰਬਰ 2024 (ਸੁਖਬੀਰ ਸਿੰਘ, ਅਭਿਨੰਦਨ ਸਿੰਘ)

ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਨੈਟਵਰਕਾਂ ਨੂੰ ਵੱਡਾ ਝਟਕਾ ਦਿੰਦਿਆਂਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ (ਸੀ.ਆਈ.) ਅੰਮ੍ਰਿਤਸਰ ਨੇ ਦੋ ਵਿਅਕਤੀਆਂ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਹੈ ਜਦੋਂ ਉਹ ਪਾਕਿਸਤਾਨ ਤੋਂ ਤਸਕਰੀ ਕੀਤੀ ਗਈ ਹਥਿਆਰਾਂ ਦੀ ਖੇਪ ਸੌਂਪਣ ਲਈ ਕਿਸੇ ਹੋਰ ਸੰਚਾਲਕ ਦੀ ਉਡੀਕ ਕਰ ਰਹੇ ਸਨ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜਗਜੀਤ ਸਿੰਘ ਉਰਫ਼ ਨਿੱਕੂ ਅਤੇ ਗੁਰਵਿੰਦਰ ਸਿੰਘ ਉਰਫ਼ ਗਾਂਧੀ ਦੋਵੇਂ ਵਾਸੀ ਪਿੰਡ ਕੌਲੋਵਾਲ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ।

ਪੁਲੀਸ ਟੀਮਾਂ ਨੇ ਉਕਤ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਅੱਠ ਅਤਿ ਆਧੁਨਿਕ ਪਿਸਤੌਲਾਂ ਜਿਨ੍ਹਾਂ ਵਿੱਚ ਚਾਰ ਗਲੌਕ ਪਿਸਤੌਲਾਂ (ਆਸਟਰੀਆ ਦੇ ਬਣੇ ਹੋਏ)ਦੋ ਤੁਰਕੀ 9 ਐਮ.ਐਮ. ਪਿਸਤੌਲਾਂ ਅਤੇ ਦੋ ਐਕਸ ਸ਼ਾਟ ਜ਼ਿਗਾਨਾ .30 ਬੋਰ ਦੇ ਪਿਸਤੌਲਾਂ ਸਮੇਤ 10 ਕਾਰਤੂਸ ਸ਼ਾਮਲ ਹਨਦੀ ਖੇਪ ਵੀ ਬਰਾਮਦ ਕੀਤੀ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਤੇ ਕੀਤੀ ਗਈ ਕਾਰਵਾਈ ਦੌਰਾਨ ਸੀਆਈ ਅੰਮ੍ਰਿਤਸਰ ਦੀਆਂ ਟੀਮਾਂ ਨੂੰ ਪਤਾ ਲੱਗਾ ਕਿ ਕੁਝ ਵਿਅਕਤੀ ਪਾਕਿਸਤਾਨ ਤੋਂ ਭਾਰਤ ਵਿੱਚ ਹਥਿਆਰਾਂ ਦੀ ਵੱਡੀ ਖੇਪ ਦੀ ਤਸਕਰੀ ਕਰਨ ਵਿੱਚ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਸੂਚਨਾ ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਜਾਲ ਵਿਛਾ ਕੇ ਮੁਲਜ਼ਮ ਜਗਜੀਤ ਉਰਫ਼ ਨਿੱਕੂ ਅਤੇ ਗੁਰਵਿੰਦਰ ਉਰਫ਼ ਗਾਂਧੀ ਨੂੰ ਅੰਮ੍ਰਿਤਸਰ ਦੇ ਘਰਿੰਡਾ ਨੇੜੇ ਨੂਰਪੁਰ ਪਧਰੀ ਤੋਂ ਉਸ ਸਮੇਂ ਕਾਬੂ ਕਰ ਲਿਆ ਜਦੋਂ ਉਹ ਖੇਪ ਦੀ ਡਿਲਿਵਰੀ ਲਈ ਕਿਸੇ ਦੀ ਉਡੀਕ ਕਰ ਰਹੇ ਸਨ।

ਡੀਜੀਪੀ ਨੇ ਕਿਹਾ ਕਿ ਸੀਆਈ ਅੰਮ੍ਰਿਤਸਰ ਨੇ ਇਸ ਮਾਡਿਊਲ ਦੇ ਮੁੱਖ ਸਰਗਨਾ ਵੀ ਦੀ ਪਛਾਣ ਕਰ ਲਈ ਹੈ ਅਤੇ ਉਸ ਨੂੰ ਫੜਨ ਲਈ ਕਈ ਟੀਮਾਂ ਦਾ ਗਠਨ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਮਾਡਿਊਲ ਦਾ ਮੁੱਖ ਸਰਗਨਾ ਏਨਕ੍ਰਿਪਟਡ ਐਪਸ ਰਾਹੀਂ ਪਾਕਿਸਤਾਨ ਅਧਾਰਿਤ ਹਥਿਆਰ ਤਸਕਰਾਂ ਦੇ ਸੰਪਰਕ ਵਿੱਚ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।

ਇਸ ਸਬੰਧੀ ਐਫਆਈਆਰ ਨੰਬਰ 66 ਮਿਤੀ 29.11.2024 ਨੂੰ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀ ਧਾਰਾ 25 ਅਤੇ ਭਾਰਤੀ ਨਿਆ ਸੰਹਿਤਾ (ਬੀ.ਐਨ.ਐਸ.) ਦੀ ਧਾਰਾ 61(2) ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ।

admin1

Related Articles

Back to top button