ਤਰਨਤਾਰਨ, 21 ਮਾਰਚ 2025
ਵਾਲਮੀਕਿ ਜਥੇਬੰਦੀਆਂ ਦੇ ਆਗੂ ਜਗਦੀਸ਼ ਕੁਮਾਰ ਜੱਗੂ, ਵੀਰ ਸੁਮੀਤ ਕਾਲੀ ਅਤੇ ਸੁਰਿੰਦਰ ਭੱਟੀ ਨੇ ਸਾਂਝੇ ਤੌਰ ‘ਤੇ ਡਿਪਟੀ ਕਮਿਸ਼ਨਰ ਦਫ਼ਤਰ ‘ਚ ਮੰਗ ਪੱਤਰ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਖੱਡੂਰ ਸਾਹਿਬ ਹਲਕੇ ਵਿੱਚ ਜ਼ਿਮਣੀ ਚੋਣ ਕਰਵਾਉਣ ਦੀ ਮੰਗ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਮਾਜਿਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਉਨ੍ਹਾਂ ਨੇ ਖੱਡੂਰ ਸਾਹਿਬ ਹਲਕੇ ਵਿੱਚ ਜਾ ਕੇ ਅਹੁਦੇਦਾਰਾਂ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਉਥੋਂ ਦੇ ਲੋਕਾਂ ਨੇ ਵਿਕਾਸ ਕਾਰਜਾਂ ਦੀ ਰੁਕਾਵਟ ਅਤੇ ਮੌਜੂਦਾ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੱਤੀ।
ਆਗੂਆਂ ਨੇ ਦਾਅਵਾ ਕੀਤਾ ਕਿ ਖੱਡੂਰ ਸਾਹਿਬ ਹਲਕੇ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਕੋਈ ਵੀ ਵਿਕਾਸਾਤਮਕ ਕਾਰਜ ਨਹੀਂ ਹੋਏ ਹਨ ਅਤੇ ਲੋਕ ਬੁਨਿਆਦੀ ਸੁਵਿਧਾਵਾਂ ਤੋਂ ਵੀ ਵਾਂਝੇ ਹਨ। ਉਨ੍ਹਾਂ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਤੋਂ ਤੁਰੰਤ ਜ਼ਿਮਣੀ ਚੋਣ ਕਰਵਾਉਣ ਦੀ ਮੰਗ ਕੀਤੀ, ਤਾਂ ਕਿ ਹਲਕੇ ਵਿੱਚ ਵਿਕਾਸ ਦੇ ਰਾਹ ਖੁਲ੍ਹ ਸਕਣ।
ਇਸਦੇ ਨਾਲ ਹੀ, ਜਗਦੀਸ਼ ਕੁਮਾਰ ਜੱਗੂ ਨੇ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀ ਮੰਗ ‘ਤੇ ਤੁਰੰਤ ਕਾਰਵਾਈ ਨਾ ਹੋਈ, ਤਾਂ ਉਹ 25 ਮਾਰਚ ਤੋਂ ਭੁੱਖ ਹੜਤਾਲ ਸ਼ੁਰੂ ਕਰਨਗੇ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਭੁੱਖ ਹੜਤਾਲ ਦੌਰਾਨ ਕੋਈ ਅਣਹੋਣੀ ਵਾਪਰਦੀ ਹੈ, ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਪ੍ਰਸ਼ਾਸਨ ‘ਤੇ ਹੋਵੇਗੀ।
ਇਸ ਮਾਮਲੇ ‘ਤੇ ਹੁਣ ਪ੍ਰਸ਼ਾਸਨ ਦੀ ਕੀ ਹੋਵੇਗੀ ਪ੍ਰਤੀਕ੍ਰਿਆ, ਇਹ ਵੇਖਣਾ ਦਿਲਚਸਪ ਰਹੇਗਾ।



