ਛੇਹਰਟਾ ‘ਚ ਲੜਾਈ ਨੇ ਲਿਆ ਨਵਾਂ ਮੋੜ, ਦੂਜੀ ਧਿਰ ਨੇ ਦੱਸਿਆ ਅਸਲੀ ਸੱਚ

ਅੰਮ੍ਰਿਤਸਰ, 24 ਮਾਰਚ 2025 (ਅਭਿਨੰਦਨ ਸਿੰਘ, ਸਾਹਿਬ ਸਿੰਘ)
ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਦੇ ਸੁੰਦਰ ਸਿੰਘ ਆਬਾਦੀ ਵਿੱਚ ਹੋਈ ਲੜਾਈ ਨੇ ਹੁਣ ਨਵਾਂ ਮੋੜ ਲੈ ਲਿਆ ਹੈ। ਜਿਸ ਵਿੱਚ ਸਮਾਜ ਸੇਵਿਕਾ ਵੱਲੋਂ ਲਗਾਏ ਗਏ ਹਮਲੇ ਦੇ ਦੋਸ਼ਾਂ ਤੋਂ ਬਾਅਦ ਹੁਣ ਦੂਜੀ ਧਿਰ ਵੀ ਸਾਹਮਣੇ ਆਈ ਹੈ।
ਪਿਛਲੇ ਦਿਨੀਂ ਇਸ ਇਲਾਕੇ ਵਿੱਚ ਝਗੜੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਸੀ, ਜਿਸ ਵਿੱਚ ਕੁਝ ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਭੱਜਦੇ ਹੋਏ ਨਜ਼ਰ ਆ ਰਹੇ ਸਨ। ਸਮਾਜ ਸੇਵਿਕਾ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੇ ਬੇਟੇ ‘ਤੇ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੇ ਘਰ ਦੀ ਭੰਨਤੋੜ ਵੀ ਕੀਤੀ ਗਈ।
ਪਰ ਹੁਣ ਇਸ ਮਾਮਲੇ ਵਿੱਚ ਦੂਜੀ ਧਿਰ ਨੇ ਵੀ ਆਪਣਾ ਪੱਖ ਰੱਖਿਆ ਹੈ। ਹਸਪਤਾਲ ਵਿੱਚ ਇਲਾਜ ਕਰਵਾ ਰਹੇ ਨੌਜਵਾਨਾਂ ਅਤੇ ਉਨ੍ਹਾਂ ਦੀ ਭੈਣ ਨੇ ਦੱਸਿਆ ਕਿ 21 ਮਾਰਚ ਦੀ ਰਾਤ ਨੂੰ ਉਹ ਆਪਣੇ ਈ-ਰਿਕਸ਼ਾ ‘ਤੇ ਬੱਚਿਆਂ ਨਾਲ ਘਰ ਜਾ ਰਹੇ ਸਨ। ਰਸਤੇ ਵਿੱਚ ਉਨ੍ਹਾਂ ਨੇ ਕੁਝ ਨੌਜਵਾਨਾਂ ਨੂੰ ਰਾਹ ਦੇਣ ਲਈ ਕਿਹਾ।
ਪਰ ਸਮਾਜ ਸੇਵਿਕਾ ਦੇ ਬੇਟੇ ਨੇ ਰਾਹ ਦੇਣ ਦੀ ਬਜਾਏ ਆਪਣੇ ਸਾਥੀਆਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਹੱਥੋਪਾਈ ਤੋਂ ਬਾਅਦ ਉਹ ਘਰ ਚਲੇ ਗਏ, ਪਰ ਉਨ੍ਹਾਂ ਨੌਜਵਾਨਾਂ ਨੇ ਦੁਬਾਰਾ ਆਪਣੇ ਸਾਥੀਆਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਦੋਵੇਂ ਭਰਾ ਜ਼ਖਮੀ ਹੋ ਗਏ ਅਤੇ ਹੁਣ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਹਨ।
ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪੱਖ ਵੀ ਸੁਣਿਆ ਜਾਵੇ ਅਤੇ ਇਨਸਾਫ਼ ਕੀਤਾ ਜਾਵੇ।


