ਵਾਲਮੀਕਿ ਜਥੇਬੰਦੀਆਂ ਵੱਲੋਂ ਨਜਾਇਜ਼ ਮਾਮਲਿਆਂ ਦੀ ਰੱਦਗੀ ਲਈ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ, ਭੁੱਖ ਹੜਤਾਲ ਦੀ ਚੇਤਾਵਨੀ
ਅੰਮ੍ਰਿਤਸਰ, 7 ਅਪ੍ਰੈਲ 2025
ਅੱਜ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦਫ਼ਤਰ ਵਿਚ ਵੱਖ ਵੱਖ ਵਾਲਮੀਕਿ ਜਥੇਬੰਦੀਆਂ ਦੇ ਆਗੂਆਂ ਵੱਲੋਂ ਇਕ ਸਾਂਝਾ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ ਲੋਕਾਂ ‘ਤੇ ਦਰਜ ਨਜਾਇਜ਼ ਮਾਮਲਿਆਂ ਦੀ ਰੱਦਗੀ ਦੀ ਮੰਗ ਕੀਤੀ ਗਈ। ਆਗੂ ਵੀਰ ਸੁਮੀਤ ਕਾਲੀ, ਜਗਦੀਸ਼ ਕੁਮਾਰ ਜੱਗੂ ਅਤੇ ਰਾਹੁਲ ਮਲਿਕ ਨੇ ਪੀੜਤ ਪਰਿਵਾਰਾਂ ਨੂੰ ਨਾਲ ਲੈ ਕੇ ਮਾਮਲਿਆਂ ਦੀ ਨਿਆਂਸੰਗਤ ਜਾਂਚ ਦੀ ਮੰਗ ਕੀਤੀ।
ਆਗੂਆਂ ਨੇ ਦਾਅਵਾ ਕੀਤਾ ਕਿ ਪੁਲਿਸ ਵੱਲੋਂ ਨਸ਼ੇ ਅਤੇ ਅਪਰਾਧ ਖ਼ਿਲਾਫ਼ ਕਾਰਵਾਈ ਦੇ ਨਾਂ ‘ਤੇ ਕੁਝ ਲੋਕਾਂ ਉੱਤੇ ਗ਼ਲਤ ਤਰੀਕੇ ਨਾਲ ਕੇਸ ਦਰਜ ਕਰ ਦਿੱਤੇ ਗਏ ਹਨ, ਜਿਸ ਕਾਰਨ ਆਮ ਲੋਕ ਮੁਸ਼ਕਲਾਂ ‘ਚ ਫਸ ਗਏ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਇਨਸਾਫ ਨਾ ਮਿਲਿਆ, ਤਾਂ ਭੰਡਾਰੀ ਪੁਲ ‘ਤੇ ਭੁੱਖ ਹੜਤਾਲ ਕੀਤੀ ਜਾਵੇਗੀ ਅਤੇ ਇਹ ਸੰਘਰਸ਼ ਵੱਡਾ ਰੂਪ ਧਾਰ ਸਕਦਾ ਹੈ।
ਸੁਮੀਤ ਕਾਲੀ ਨੇ ਕਿਹਾ ਕਿ ਜੇਕਰ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੇ ਪੀੜਤ ਪਰਿਵਾਰਾਂ ਨੂੰ ਇਨਸਾਫ ਨਾ ਦਿੱਤਾ, ਤਾਂ ਉਨ੍ਹਾਂ ਨੂੰ ਸੰਘਰਸ਼ ਦੌਰਾਨ ਹੋਣ ਵਾਲੇ ਨੁਕਸਾਨ ਦੀ ਪੂਰੀ ਜਿੰਮੇਵਾਰੀ ਲੈਣੀ ਪਵੇਗੀ।



