AmritsarBreaking NewsDPRO NEWSE-PaperEducation‌Local NewsPunjab
Trending

ਸਕੂਲਾਂ ਵਿੱਚ 2000 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰੋਜੈਕਟਾਂ ਦੀ ਕੀਤੀ ਜਾ ਰਹੀ ਹੈ ਸ਼ੁਰੂਆਤ- ਬੈਂਸ

ਮਹਾਂ ਸਿੰਘ ਗੇਟ ਸਕੂਲ ਨੂੰ 50 ਲੱਖ ਰੁਪਏ ਹੋਰ ਦੇਣ ਦਾ ਕੀਤਾ ਐਲਾਨ, ਸਰਹੱਦੀ ਖੇਤਰ ਵਿੱਚ ਖੋਲਿਆ ਜਾਵੇਗੀ ਲੜਕੀਆਂ ਲਈ ਕਾਲਜ

ਅੰਮ੍ਰਿਤਸਰ, 9 ਅਪਰੈਲ 2025 (ਕੰਵਲਜੀਤ ਸਿੰਘ, ਅਭਿਨੰਦਨ ਸਿੰਘ)

ਸਿੱਖਿਆ ਮੰਤਰੀ ਸ ਹਰਜੋਤ ਸਿੰਘ ਬੈਂਸ ਨੇ ਅੱਜ ਸਰਹੱਦੀ ਪੱਟੀ ਵਿੱਚ ਸਕੂਲਾਂ ਵਿੱਚ ਵੱਖ-ਵੱਖ ਕੰਮਾਂ ਦੀ ਸ਼ੁਰੂਆਤ ਕਰਦੇ ਕਿਹਾ ਕਿ ਸਿੱਖਿਆ ਦਾ ਤਿਉਹਾਰ ‘ਸਿੱਖਿਆ ਕ੍ਰਾਂਤੀ’ ਤਹਿਤ ਸੂਬੇ ਭਰ ਦੇ 12,000 ਸਰਕਾਰੀ ਸਕੂਲਾਂ ਵਿੱਚ 2,000 ਕਰੋੜ ਰੁਪਏ ਦੀ ਲਾਗਤ ਵਾਲੇ ਨਵੇਂ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸੂਬੇ ਭਰ ਦੇ 20 ਹਜ਼ਾਰ ਸਰਕਾਰੀ ਸਕੂਲਾਂ ਵਿੱਚ ਪੰਜਾਬ ਦੇ ਕਰੀਬ 28 ਲੱਖ ਬੱਚੇ ਵਿਦਿਆ ਪ੍ਰਾਪਤ ਕਰ ਰਹੇ ਹਨ। ਸਰਹੱਦੀ ਇਲਾਕੇ ਦੇ ਬੱਚਿਆਂ ਦੀ ਲੋੜ ਨੂੰ ਸਮਝਦੇ ਹੋਏ ਸਿੱਖਿਆ ਮੰਤਰੀ ਨੇ ਸਰਹੱਦੀ ਖੇਤਰ ਵਿੱਚ ਲੜਕੀਆਂ ਦਾ ਕਾਲਜ ਖੋਲਣ ਦਾ ਐਲਾਨ ਵੀ ਕੀਤਾ।
ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਆਧੁਨਿਕ ਸਿੱਖਿਆ ਪ੍ਰਣਾਲੀ ਵਾਲਾ ਵਾਤਾਵਰਣ ਸਿਰਜਣ ‘ਤੇ ਜ਼ੋਰ ਦੇ ਰਹੀ ਹੈ ਤਾਂ ਕਿ ਵਿਦਿਆਰਥੀਆਂ ਨੂੰ ਮੌਜੂਦਾ ਸਮੇਂ ਦੇ ਹਾਣੀ ਬਣਾਇਆ ਜਾ ਸਕੇ।ਉਹਨਾਂ ਅੱਜ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਵੱਖ-ਵੱਖ ਸਕੂਲਾਂ ਦਾ ਦੌਰਾ ਕੀਤਾ ਬੱਚਿਆਂ ਅਤੇ ਬੱਚਿਆਂ ਦੇ ਮਾਂ ਪਿਓ ਨਾਲ ਸਿੱਧੀ ਗੱਲਬਾਤ ਕੀਤੀ ਅਤੇ ਕਰੀਬ ਦੋ ਕਰੋੜ ਤੋਂ ਵੱਧ ਦੀ ਲਾਗਤ ਨਾਲ ਬਣੇ ਵੱਖ-ਵੱਖ ਕੰਮਾਂ ਦੇ ਉਦਘਾਟਨ ਕੀਤੇ।
ਸਿੱਖਿਆ ਮੰਤਰੀ ਅੱਜ ਆਪਣੇ ਦੌਰੇ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੀਤਾ ਕਲਾਂ, ਸਰਕਾਰੀ ਐਲੀਮੈਂਟਰੀ ਸਕੂਲ ਝੀਤਾ ਕਲਾਂ, ਸਰਕਾਰੀ ਗਰਲਜ ਸੀਨੀਅਰ ਸੈਕੰਡਰੀ ਸਕੂਲ ਮਹਾਂ ਸਿੰਘ ਗੇਟ, ਸਰਕਾਰੀ ਸੀਨੀਅਰ ਸੈਕਂਡਰੀ ਸਕੂਲ ਟਪਿਆਲਾ ਲੜਕੀਆਂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਟਪਿਆਲਾ ਵਿਖੇ ਉਚੇਚੇ ਤੌਰ ਤੇ ਪਹੁੰਚੇ ਅਤੇ ਬੱਚਿਆਂ ਨਾਲ ਵਕਤ ਗੁਜ਼ਾਰਦੇ ਹੋਏ ਉਹਨਾਂ ਨਾਲ ਗੱਲਬਾਤ ਕੀਤੀ। ਮਹਾ ਸਿੰਘ ਗੇਟ ਵਿਖੇ ਉਹਨਾਂ ਨੇ ਸਕੂਲ ਦੇ ਕੰਮਾਂ ਲਈ ਆਪਣੇ ਅਖਤਿਆਰੀ ਖਾਤੇ ਵਿੱਚੋਂ 50 ਲੱਖ ਰੁਪਏ ਦੀ ਰਾਸ਼ੀ ਹੋਰ ਦੇਣ ਦਾ ਐਲਾਨ ਕੀਤਾ।
ਅੱਜ ਸਕੂਲਾਂ ਵਿੱਚ ਉਹਨਾਂ ਵੱਲੋਂ ਜੋ ਕੰਮ ਬੱਚਿਆਂ ਨੂੰ ਸਮਰਪਿਤ ਕੀਤੇ ਗਏ ਉਹਨਾਂ ਵਿੱਚ ਨਵੇਂ ਕਲਾਸ ਰੂਮ ਬਾਸਕਟ ਬਾਲ ਗਰਾਊਂਡ ਅਤੇ ਸਕੂਲਾਂ ਦੀ ਚਾਰ ਦੀਵਾਰੀ ਦਾ ਕੰਮ ਸ਼ਾਮਿਲ ਸੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਹੁਕਮਾਂ ਮੁਤਾਬਕ ਸਰਕਾਰੀ ਸਕੂਲਾਂ ਨੂੰ ਸਾਰੀਆਂ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਸਾਫ਼ ਪੀਣ ਵਾਲਾ ਪਾਣੀ, ਹਾਈ-ਸਪੀਡ ਵਾਈਫਾਈ ਕੁਨੈਕਸ਼ਨ, ਲੜਕੀਆਂ ਅਤੇ ਲੜਕਿਆਂ ਲਈ ਵੱਖਰੇ ਪਖਾਨੇ, ਡੈਸਕ ਤੇ ਕੁਰਸੀਆਂ ਅਤੇ ਚਾਰਦੀਵਾਰੀ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿੱਥੇ ਸਕੂਲਾਂ ਵਿੱਚ ਕੈਂਪਸ ਮੈਨੇਜਰ ਅਤੇ ਸੁਰੱਖਿਆ ਗਾਰਡ ਨਿਯੁਕਤ ਕੀਤੇ ਗਏ ਹਨ ਅਤੇ ਵਿਦਿਆਰਥੀਆਂ ਲਈ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ। ਦੱਸਣਯੋਗ ਹੈ ਕਿ ਮੌਜੂਦਾ ਸਮੇਂ 10,000 ਤੋਂ ਵੱਧ ਵਿਦਿਆਰਥੀ ਇਸ ਸਹੂਲਤ ਦਾ ਲਾਭ ਉਠਾ ਰਹੇ ਹਨ। ਸਿੱਖਿਆ ਮੰਤਰੀ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਰੱਖ-ਰਖਾਵ ‘ਤੇ ਸਾਲਾਨਾ 200 ਕਰੋੜ ਰੁਪਏ ਤੋਂ ਵੱਧ ਖਰਚਾ ਕੀਤਾ ਜਾਂਦਾ ਹੈ।
ਉਨ੍ਹਾਂ ਹਲਕਾ ਅਟਾਰੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੀਤਾ ਕਲਾਂ 48.7 ਲੱਖ ਰੁਪਏ, ਸਰਕਾਰੀ ਐਲੀਮੈਂਟਰੀ ਸਕੂਲ ਝੀਤਾ ਕਲਾਂ ਵਿਖੇ 8.14 ਲੱਖ ਰੁਪਏ ਦੀ ਲਾਗਤ ਨਾਲ ਚਾਰ ਦੀਵਾਰੀ, ਏ:ਸੀ:ਆਰ, ਅਤੇ ਕਲਾਸ ਰੂਮ ਬਣਾੲ ਜਾਣਗੇ। ਇਸ ਉਪਰੰਤ ਸਿਖਿਆ ਮੰਤਰੀ ਵੱਲੋਂ ਹਲਕਾ ਪੂਰਬੀ ਵਿਖੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਮਹਾਂ ਸਿੰਘ ਗੇਟ ਵਿਖੇ 29.32 ਲੱਖ ਰੁਪਏ ਦੀ ਲਾਗਤ ਨਾਲ ਬਾਸਕਟਬਾਲ ਗਰਾਉਂਡ, 2 ਕਲਾਸ ਰੂਮ, ਨਵੇਂ ਟਾਇਲਟ ਦਾ ਉਦਘਾਟਨ ਵੀ ਕੀਤਾ ਅਤੇ ਬੱਚਿਆਂ ਨੂੰ 5 ਟੈਬ ਵੀ ਪ੍ਰਦਾਨ ਕੀਤੇ।
ਸਿਖਿਆ ਮੰਤਰੀ ਵੱਲੋਂ ਹਲਕਾ ਰਾਜਾਸਾਂਸੀ ਅਧੀਨ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਪਿਆਲਾ 23.38 ਲੱਖ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਟਪਿਆਲਾ ਵਿਖੇ 8.64 ਲੱਖ ਰੁਪਏ ਦੀ ਲਾਗਤ ਨਾਲ ਕਮਰਿਆਂ ਦੀ ਮੁਰੰਮਤ, ਨਵੇਂ ਬਾਥਰੂਮ ਦੇ ਕੰਮਾਂ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਦੱਸਿਆ ਕਿ ਟਪਿਆਲਾ ਸਕੂਲ ਪਹਿਲਾਂ ਹੀ ਸਰਵੋਤਮ ਸਕੂਲ ਦਾ ਐਵਾਰਡ ਹਾਸਲ ਹੋ ਚੁੱਕਾ ਹੈ ਅਤੇ ਇਸ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਪਰਮਿੰਦਰਜੀਤ ਕੌਰ ਇਸ ਪ੍ਰਸੰਸਾ ਦੇ ਹੱਕਦਾਰ ਹਨ ਕਿ ਉਨ੍ਹਾਂ ਵੱਲੋਂ ਆਪਣੇ ਸਕੂਲ ਦੀ ਦਿੱਖ ਨੂੰ ਸੁਧਾਰਨ ਆਪਣੇ ਪੱਧਰ ਤੇ ਯਤਨ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਪਿਛਲੇ 5 ਦਿਨਾਂ ਵਿੱਚ 92 ਬੱਚੇ ਪ੍ਰਵਾਈਵੇਟ ਸਕੂਲਾਂ ਨੂੰ ਛੱਡ ਕੇ ਇਸ ਸਕੂਲ ਵਿੱਚ ਦਾਖਲ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਸਕੂਲ ਵਿੱਚ ਸਰਹੱਦੀ ਖੇਤਰ ਦੇ 55 ਪਿੰਡਾਂ ਦੇ ਬੱਚੇ ਇਸ ਸਕੂਲ ਵਿੱਚ ਸਿਖਿਆ ਲੈਣ ਆਉਂਦੇ ਹਨ ਅਤੇ ਜਲਦ ਹੀ ਇਸ ਸਕੂਲ ਵਿੱਚ ਬੱਚਿਆਂ ਲਈ ਬੱਸਾਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
ਇਸ ਮੌਕੇ ਹਲਕਾ ਵਿਧਾਇਕ ਅਟਾਰੀ ਸ੍ਰ ਜਸਵਿੰਦਰ ਸਿੰਘ ਰਮਦਾਸ, ਹਲਕਾ ਵਿਧਾਇਕ ਪੂਰਬੀ ਮੈਡਮ ਜੀਵਨਜੋਤ ਕੌਰ, ਮੇਅਰ ਨਗਰ ਨਿਗਮ ਸ੍ਰ ਜਤਿੰਦਰ ਸਿੰਘ ਮੋਤੀ ਭਾਟੀਆ, ਚੇਅਰਮੈਨ ਬਲਦੇਵ ਸਿੰਘ ਮਿਆਦੀਆਂ, ਵਧੀਕ ਡਿਪਟੀ ਕਮਿਸ਼ਨਰ ਪਰਮਜੀਤ ਕੌਰ, ਐਸ:ਡੀ:ਐਮ ਲੋਪੋਕੇ ਸ੍ਰੀਮਤੀ ਅਮਨਦੀਪ ਕੌਰ ਘੁੰਮਣ, ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਸ ਹਰਭਗਵੰਤ ਸਿੰਘ, ਜਿਲ੍ਹਾ ਸਿਖਿਆ ਅਫਸਰ ਐਲੀਮੈਂਟਰੀ ਸ੍ਰ ਕੰਵਲਜੀਤ ਸਿੰਘ, ਡਿਪਟੀ ਡੀ:ਓ ਰਾਜੇਸ਼ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਹਾਜਰ ਸਨ।
Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button