ਪਿੰਡ ਮੂਲੇਚੱਕ ਵਿਖੇ ਵਿਸਾਖੀ ਦਿਹਾੜਾ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ
ਸੰਗਤਾਂ ਬਾਣੀ ਤੇ ਬਾਣੇ ਦੇ ਧਾਰਨੀ ਹੋ ਕੇ ਸਿੰਘ ਸੱਜਣ- ਸੰਤ ਜੱਸੋਵਾਲ

ਅੰਮ੍ਰਿਤਸਰ, 15 ਅਪ੍ਰੈਲ 2025 (ਸੁਖਬੀਰ ਸਿੰਘ)
ਪਿੰਡ ਮੂਲੇਚੱਕ ਵਿਖੇ ਹਰ ਸਾਲ ਦੀ ਤਰਾਂ ਸੰਤ ਬਾਬਾ ਪਰਮਜੀਤ ਸਿੰਘ ਜੀ ਦੀ ਯੋਗ ਅਗਵਾਈ ਹੇਠ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸਾਖੀ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਜਿਥੇ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ। ਦੀਵਾਨ ਦੀ ਸ਼ੁਰੂਆਤ ਪਿੰਡ ਮੂਲੇਚੱਕ ਦੇ ਬੱਚਿਆਂ ਵੱਲੋਂ ਸ਼ਬਦ ਕੀਰਤਨ ਰਾਹੀਂ ਕੀਤੀ ਗਈ।ਉਪਰੰਤ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਤਰਸੇਮ ਸਿੰਘ ਵੱਲੋਂ ਕਥਾ ਵਿਚਾਰਾਂ ਕੀਤੀਆਂ ਗਈਆਂ, ਉਪਰੰਤ ਪਿੰਡ ਮੂਲੇਚੱਕ ਦੇ ਹੀ ਕਵੀਸ਼ਰੀ ਜਥੇ ਬੀਬੀ ਤਰਨਪ੍ਰੀਤ ਕੌਰ ਵੱਲੋਂ ਵਾਰਾਂ ਪੇਸ਼ ਕਰਕੇ ਆਈਆਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਗਿਆ।
ਉਪਰੰਤ ਰਾਗੀ, ਢਾਡੀ, ਕਵੀਸ਼ਰੀ ਜਥਿਆਂ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਗੁਰ ਇਤਿਹਾਸ ਨਾਲ ਨਿਹਾਲ ਕੀਤਾ ਗਿਆ ਵਿਸ਼ੇਸ਼ ਤੋਰ ਤੇ ਪਹੁੰਚੇ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਮੁੱਖ ਬੁਲਾਰਾ ਇੰਟਰਨੈਸ਼ਨਲ ਪੰਥਕ ਦਲ ਸੰਤ ਚਰਨਜੀਤ ਸਿੰਘ ਜੀ ਜੱਸੋਵਾਲ ਨੇ ਕਥਾ ਵਿਚਾਰਾਂ ਦੇ ਅਨਮੋਲ ਬਚਨਾਂ ਰਾਂਹੀ ਹਰ-ਜਸ ਸੁਣਾ ਕੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਬਾਣੀ ਬਾਣੇ ਦੇ ਧਾਰਨੀ ਹੋ ਕੇ ਸਿੰਘ ਸੱਜਣ ਲਈ ਪ੍ਰੇਰਿਤ ਵੀ ਕੀਤਾ।
ਗੁਰਦੁਆਰਾ ਸ਼ਹੀਦ ਗੰਜ ਸਾਹਿਬ ਤੋਂ ਜਥੇਦਾਰ ਭਾਈ ਕੁਲਦੀਪ ਸਿੰਘ ਪੰਡੋਰੀ ਦੀ ਅਗਵਾਈ ਹੇਠ ਸ਼ਬਦ ਚੌਂਕੀ ਜਥੇ ਵੱਲੋਂ ਸ਼ਬਦ ਗਾਇਨ ਕਰ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ। ਵਿਸ਼ੇਸ਼ ਤੌਰ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪਹੁੰਚੇ ਚੌਰ ਬਰਦਾਰ ਭਾਈ ਨਿਸ਼ਾਨ ਸਿੰਘ ਵੱਲੋਂ ਦੀਵਾਨ ਦੀ ਸਮਾਪਤੀ ਦੀ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਸਟੇਜ ਸੈਕਟਰੀ ਦੀ ਸੇਵਾ ਭਾਈ ਅਵਤਾਰ ਸਿੰਘ ਖਾਲਸਾ ਪ੍ਰਧਾਨ ਅਮਰ ਖਾਲਸਾ ਫਾਉਂਡੇਸ਼ਨ ਵਲੋਂ ਬਾਖੂਬੀ ਨਿਬਾਈ ਗਈ, ਸਵੇਰ ਤੋਂ ਹੀ ਠੰਡੇ– ਮਿੱਠੇ ਜਲ, ਚਾਹ ਪਕੌੜੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਇਸ ਮੌਕੇ ਸੰਤ ਬਾਬਾ ਪਰਮਜੀਤ ਸਿੰਘ ਜੀ ਮੂਲੇਚੱਕ ਨੇ ਵੀ ਦੂਰੋਂ ਨੇੜਿਓਂ ਆਈਆ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ,ਸਰਪੰਚ ਗੁਰਮੀਤ ਸਿੰਘ ਰੂਬੀ, ਡਾ: ਸਤਿੰਦਰਜੀਤ ਸਿੰਘ, ਪ੍ਰਧਾਨ ਭਾਈ ਲਖਵਿੰਦਰ ਸਿੰਘ,ਅਤੇ ਸਮੂਹ ਗੁਰਦਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਵੱਡੀ ਗਿਣਤੀ ਚ ਇਲਾਕਾ ਨਿਵਾਸੀ ਸੰਗਤਾਂ ਹਾਜਿਰ ਸਨ।