ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ਸਮਾਜ ਦੇ ਹਰ ਵਰਗ ਨੂੰ ਅੱਗੇ ਆਏ –ਸਹਾਇਕ ਕਮਿਸ਼ਨਰ
ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ

ਅੰਮ੍ਰਿਤਸਰ, 18 ਅਪ੍ਰੈਲ 2025 (ਸੁਖਬੀਰ ਸਿੰਘ)
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸੁਆਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ਵਿਖੇ ਰੈਡ ਕ੍ਰਾਸ ਸੋਸਾਇਟੀ ਨਾਲ ਮਿਲ ਕੇ ਇਕ ਨਸ਼ੇ ਵਿਰੁੱਧ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਹ ਸੈਮੀਨਾਰ ਵਿੱਚ ਸਹਾਇਕ ਕਮਿਸ਼ਨਰ ਸ੍ਰੀਮਤੀ ਗੁਰ ਸਿਮਰਨਜੀਤ ਕੌਰ ਨੇ ਨਸ਼ੇ ਤੋਂ ਪੀੜਿਤ ਨੌਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਨਸ਼ਿਆਂ ਨੂੰ ਛੱਡ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਮੁੜ ਤੋਂ ਸ਼ਾਮਿਲ ਹੋਣ। ਉਹਨਾਂ ਕਿਹਾ ਕਿ ਤੁਹਾਡੇ ਇਸ ਕੰਮ ਵਿੱਚ ਜਿਲਾ ਪ੍ਰਸ਼ਾਸਨ ਵੀ ਤੁਹਾਨੂੰ ਸਹਿਯੋਗ ਦੇਵੇਗਾ ਅਤੇ ਤੁਹਾਨੂੰ ਹੁਨਰਮੰਦ ਬਣਾਉਣ ਲਈ ਕੋਰਸ ਵੀ ਕਰਵਾਏ ਜਾਣਗੇ ਉਹਨਾਂ ਕਿਹਾ ਕਿ ਨਸ਼ਾ ਸਮਾਜ ਦਾ ਸਭ ਤੋਂ ਵੱਡਾ ਕੋਹੜ ਹੈ ਅਤੇ ਅਸੀਂ ਸਾਰਿਆਂ ਨੇ ਮਿਲ ਕੇ ਹੀ ਇਸ ਕੋਹੜ ਨੂੰ ਜੜ੍ਹੋਂ ਵੱਢਣਾ ਹੈ।
ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ਸਮਾਜ ਦੇ ਹਰ ਵਰਗ ਦਾ ਸਹਿਯੋਗ ਲਾਜ਼ਮੀ ਹੈ ਪਰ ਹਰ ਮੁਹਿੰਮ ਦੀ ਸਫਲਤਾ ਲਈ ਨੌਜਵਾਨਾਂ ਦਾ ਯੋਗਦਾਨ ਅਹਿਮ ਹੁੰਦਾ ਹੈ ਤੇ ਪੰਜਾਬ ਦੇ ਨੌਜਵਾਨ ਹੁਣ ਇਸ ਬੁਰਾਈ ਦੇ ਖਾਤਮੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿੱਢੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾ ਰਹੇ ਹਨ। ਉਨ੍ਹਾਂ ਨੇ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਲਈ ਸਮਾਜ ਦੇ ਹਰ ਵਰਗ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ।
ਸਹਾਇਕ ਕਮਿਸ਼ਨਰ ਨੇ ਕਿਹਾ ਕਿ ਨਸ਼ਿਆਂ ਤੋਂ ਸਭਨਾਂ ਨੂੰ ਦੂਰ ਰਹਿਣਾ ਚਾਹੀਦਾ ਹੈ ਅਤੇ ਸਾਡੇ ਆਸ-ਪਾਸ ਜਿਹੜਾ ਵੀ ਵਿਅਕਤੀ ਨਸ਼ਿਆਂ ਦੀ ਦਲਦਲ ਵਿਚ ਫਸਿਆ ਹੋਇਆ ਹੈ, ਉਸ ਨੂੰ ਸਹੀ ਰਾਹ ਉੱਤੇ ਲੈ ਕੇ ਆਉਣ ਲਈ ਯਤਨ ਕੀਤੇ ਜਾਣ।ਉਹਨਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਜਿਹੜੀਆਂ ਸੰਸਥਾਵਾਂ ਇਸ ਕੰਮ ਵਿੱਚ ਜਿਲਾ ਪ੍ਰਸ਼ਾਸਨ ਦਾ ਸਹਿਯੋਗ ਕਰ ਰਹੀਆਂ ਹਨ ਜਿਲਾ ਪ੍ਰਸ਼ਾਸਨ ਆਉਣ ਵਾਲੇ ਸਮੇਂ ਵਿੱਚ ਇਹਨਾਂ ਸੰਸਥਾਵਾਂ ਨੂੰ ਸਨਮਾਨਿਤ ਵੀ ਕਰੇਗਾ। ਇਸ ਮੌਕੇ ਸਿਵਲ ਸਰਜਨ ਡਾਕਟਰ ਕਿਰਨਦੀਪ ਕੌਰ ਅਤੇ ਰੈਡ ਕਰੋਸ ਤੇ ਸਕੱਤਰ ਸ੍ਰੀ ਸੈਮਸਨ ਮਸੀਹ ਵੀ ਹਾਜ਼ਰ ਸਨ।



