
ਅੰਮ੍ਰਿਤਸਰ,22 ਅਪ੍ਰੈਲ 2025 (ਕੰਵਲਜੀਤ ਸਿੰਘ – ਅਭਿਨੰਦਨ ਸਿੰਘ)
ਨੇਸ਼ਨਲ ਫੂਡ ਸਿਕਯੂਰਟੀ ਐਕਟ ਦੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਪੰਜਾਬ ਰਾਜ ਖਾਦ ਕਮਿਸ਼ਨ ਵੱਲੋਂ ਸਰਕਾਰੀ ਸਕੂਲਾਂ (ਮਿਡ-ਡੇ ਮੀਲ), ਆਂਗਣਵਾੜੀ ਕੇਂਦਰਾਂ ਅਤੇ ਸਰਕਾਰੀ ਰਾਸ਼ਨ ਡੀਪੂਆਂ ‘ਚ ਵੰਡੇ ਜਾਂਦੇ ਖਾਦ ਸਮੱਗਰੀ ਦੀ ਗੁਣਵੱਤਾ ਅਤੇ ਮਾਤਰਾ ‘ਚ ਪਾਰਦਰਸ਼ਿਤਾ ਲਿਆਉਣ ਲਈ ਲਗਾਤਾਰ ਅਚਨਚੇਤ ਦੌਰੇ ਕੀਤੇ ਜਾਣਗੇ।
ਇਸ ਸਕੀਮ ਵਿੱਚ ਕੋਤਾਹੀ ਕਰਦਾ ਜੋ ਵਿਅਕਤੀ ਮਿਲਿਆ, ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਬਿਆਨ ਪੰਜਾਬ ਰਾਜ ਖਾਦ ਕਮਿਸ਼ਨ ਦੇ ਮੈਂਬਰ ਵਿਜੇ ਦੱਤ ਨੇ ਅੰਮ੍ਰਿਤਸਰ ਵਿਚ ਹੋਏ ਅਚਾਨਕ ਕੀਤੀ ਗਈ ਚੈਕਿੰਗ ਦੌਰਾਨ ਕੀਤਾ।
ਵਿਜੇ ਦੱਤ ਨੇ ਕਿਹਾ ਕਿ ਉਹ ਅੰਮ੍ਰਿਤਸਰ ਦਾ ਚਾਰਜ ਹਾਲ ਹੀ ਵਿੱਚ ਸੰਭਾਲਿਆ ਹੈ ਲਗਾਤਾਰ ਦੌਰੇ ਕਰ ਰਹੇ ਹਨ। ਉਹਨਾਂ ਨੇ ਅੱਜ ਮੀਰਾ ਕੋਟ ਖੁਰਦ, ਹੇਰ ਕਾਲੋਨੀ, ਸਚੰਦਰ ਪਿੰਡ ਅਤੇ ਏਅਰਪੋਰਟ ਖੇਤਰ ਦੇ ਸਰਕਾਰੀ ਸਕੂਲਾਂ ਅਤੇ ਆਂਗਣਵਾਡੀ ਕੇਂਦਰਾਂ ਦੀ ਜਾਂਚ ਕੀਤੀ। ਦੌਰੇ ਦੌਰਾਨ ਮਿਡ-ਡੇ ਮੀਲ ਦੀ ਗੁਣਵੱਤਾ, ਸਫਾਈ ਅਤੇ ਰਜਿਸਟਰ ਰੱਖਣ ‘ਤੇ ਜ਼ੋਰ ਦਿੱਤਾ ਗਿਆ ਅਤੇ ਉਹਨਾਂ ਨੇ ਬੱਚਿਆਂ ਨਾਲ ਮਿਲ ਕੇ ਭੋਜਨ ਵੀ ਕੀਤਾ।
ਵਿਜੇ ਦੱਤ ਨੇ ਵਿਭਾਗ ਨੂੰ ਪਾਣੀ ਦੀ ਗੁਣਵੱਤਾ ਜਾਂਚ (TDS), ਵਿਦਿਆਰਥੀਆਂ ਦੇ ਸਿਹਤ ਜਾਂਚ ਅਤੇ ਮਿਡ-ਡੇ ਮੀਲ ਵਰਕਰਾਂ ਦੀ ਮੈਡੀਕਲ ਜਾਂਚ ਨਿਯਮਤ ਤੌਰ ‘ਤੇ ਕਰਵਾਉਣ ਲਈ ਕਿਹਾ।
ਸਭ ਸਕੂਲਾਂ ਅਤੇ ਆਂਗਣਵਾਡੀ ਕੇਂਦਰਾਂ ਵਿੱਚ ਪੰਜਾਬ ਰਾਜ ਖਾਦ ਕਮਿਸ਼ਨ ਦਾ ਹੈਲਪਲਾਈਨ ਨੰਬਰ 9876764545 ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਲਾਭਪਾਤਰੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਣ।


