Breaking NewsNews
Trending

ਤੁੰਗ ਢਾਬ ਡਰੇਨ ਦੀ ਸਫਾਈ ਲਈ ਵਿਭਾਗਾਂ ਦੇ ਨਾਲ-ਨਾਲ ਲੋਕਾਂ ਦਾ ਸਹਿਯੋਗ ਲੈਣਾ ਵੀ ਜਰੂਰੀ- ਸੀਚੇਵਾਲ

ਹਵਾ-ਪਾਣੀ ਦੀ ਸ਼ੁੱਧਤਾ ਲਈ ਅਸੀਂ ਕਰਾਂਗੇ ਹਰ ਤਰ੍ਹਾਂ ਨਾਲ ਸਹਿਯੋਗ -ਧਾਲੀਵਾਲ

ਅੰਮ੍ਰਿਤਸਰ,22 ਅਪ੍ਰੈਲ 2025 (ਕੰਵਲਜੀਤ ਸਿੰਘ – ਅਭਿਨੰਦਨ ਸਿੰਘ)

ਵਾਤਾਵਰਨ ਦੀ ਸਫਾਈ, ਦਰਿਆ ਤੇ ਡਰੇਨਾਂ ਦੀ ਸ਼ੁੱਧਤਾ ਕੇਵਲ ਇੱਕ ਵਿਭਾਗ ਦਾ ਹੀ ਕੰਮ ਨਹੀਂ ਬਲਕਿ ਇਸ ਲਈ ਸਬੰਧਤ ਵਿਭਾਗਾਂ ਦੇ ਨਾਲ ਨਾਲ ਦੇਸ਼ ਦੇ ਹਰ ਨਾਗਰਿਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੌਣ ਪਾਣੀ ਦੀ ਰੱਖਿਆ ਲਈ ਆਪਣਾ ਯੋਗਦਾਨ ਪਾਵੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਥਾਨਕ ਡੀਸੀ ਕੰਪਲੈਕਸ ਵਿਖੇ ਤੁੰਗ ਢਾਬ ਡਰੇਨ ਦੇ ਮੁੱਦੇ ਉੱਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕੀਤਾ।

ਉਹਨਾਂ ਕਿਹਾ ਕਿ ਪਾਣੀ, ਹਵਾ ਅਤੇ ਮਿੱਟੀ ਤੋਂ ਬਿਨਾਂ ਧਰਤੀ ਉੱਤੇ ਜ਼ਿੰਦਗੀ ਦੀ ਕਿਆਸ ਵੀ ਨਹੀਂ ਕੀਤੀ ਜਾ ਸਕਦੀ ਪਰ ਸਾਡੇ ਲਈ ਇਹ ਬੜੀ ਬਦਕਿਸਮਤੀ ਵਾਲੀ ਗੱਲ ਹੈ ਕਿ ਅਸੀਂ ਇਹਨਾਂ ਗੰਭੀਰ ਵਿਸ਼ਿਆਂ ਵੱਲ ਧਿਆਨ ਹੀ ਨਹੀਂ ਦਿੱਤਾ। ਪਿਛਲੇ ਸਮੇਂ ਦੌਰਾਨ ਜਿਸ ਨੇ ਜੋ ਵੀ ਜੀਅ ਕੀਤਾ ਦਰਿਆਵਾਂ ਵਿੱਚ ਰੋੜ ਦਿੱਤਾ, ਹਵਾ ਦੇ ਵਿੱਚ ਜ਼ਹਿਰ ਘੋਲ ਦਿੱਤਾ ਅਤੇ ਮਿੱਟੀ ਨੂੰ ਪਲੀਤ ਕਰ ਦਿੱਤਾ ਪਰ ਕਿਸੇ ਵੀ ਸਰਕਾਰ, ਕਿਸੇ ਵੀ ਅਧਿਕਾਰੀ ਜਾਂ ਆਮ ਲੋਕਾਂ ਨੇ ਇਸ ਵਿਰੁੱਧ ਆਵਾਜ਼ ਤੱਕ ਨਹੀਂ ਚੁੱਕੀ ।

ਉਹਨਾਂ ਕਿਹਾ ਕਿ ਅੱਜ ਮੈਂ ਤੁੰਗ ਢਾਬ ਡਰੇਨ ਦੀ ਸਫਾਈ ਦੇ ਮੁੱਦੇ ਉੱਤੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਅਤੇ ਚੇਅਰਮੈਨ ਪ੍ਰਦੂਸ਼ਣ ਕੰਟਰੋਲ ਬੋਰਡ ਸ੍ਰੀ ਆਦਰਸ਼ ਪਾਲ ਵਿਗ ਦੇ ਸੱਦੇ ਉੱਤੇ ਆਇਆ ਹਾਂ। ਮੈਂ ਇਸ ਤੋਂ ਪਹਿਲਾਂ ਵਿਭਾਗ ਦੇ ਅਧਿਕਾਰੀਆਂ ਨਾਲ ਬੈਠ ਕੇ ਤੁੰਗ ਢਾਬ ਡਰੇਨ ਦੀ ਮੌਜੂਦਾ ਸਥਿਤੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਈ ਹੈ, ਹੁਣ ਮੈਂ ਤੁਹਾਡੇ ਸਾਰਿਆਂ ਨਾਲ ਮੀਟਿੰਗ ਕੀਤੀ ਹੈ, ਜੋ ਕਿ ਇਸ ਡਰੇਨ ਦੇ ਰੱਖ ਰਖਾਵ ਲਈ ਕੰਮ ਕਰ ਸਕਦੇ ਹਨ।

ਉਹਨਾਂ ਕਿਹਾ ਕਿ ਸਭ ਤੋਂ ਵੱਧ ਇਸ ਡਰੇਨ ਨੂੰ ਡੇਅਰੀਆਂ ਨੇ ਗੰਦਾ ਕੀਤਾ ਹੈ। 74 ਫੀਸਦੀ ਯੋਗਦਾਨ ਇਹਨਾਂ ਦਾ ਹੈ ਅਤੇ ਬਾਕੀ 26 ਫੀਸਦੀ ਵਿੱਚ ਸਥਾਨਕ ਕਾਲੋਨੀਆਂ ਦਾ ਪਾਣੀ, ਇੰਡਸਟਰੀ ਦਾ ਪਾਣੀ ਹੈ । ਉਹਨਾਂ ਕਿਹਾ ਕਿ ਬੜੀ ਸਪਸ਼ਟ ਜਿਹੀ ਗੱਲ ਹੈ ਕਿ ਜਿਸ ਨੇ ਪਸ਼ੂ ਰੱਖੇ ਹਨ, ਜੋ ਇਹਨਾਂ ਦਾ ਦੁੱਧ ਪੀਂਦਾ ਅਤੇ ਵੇਚਦਾ ਹੈ, ਉਹ ਇਹਨਾਂ ਦੇ ਗੋਹੇ ਲਈ ਵੀ ਜ਼ਿੰਮੇਵਾਰ ਹੈ। ਉਸ ਦਾ ਕੰਮ ਹੈ ਕਿ ਇਸ ਨੂੰ ਠੀਕ ਥਾਂ ਰੱਖੇ।

ਸੰਤ ਸੀਚੇਵਾਲ ਨੇ ਕਿਹਾ ਕਿ ਇਸ ਲਈ ਜਰੂਰੀ ਹੈ ਕਿ ਡੇਅਰੀ ਮਾਲਕਾਂ ਨੂੰ ਪਹਿਲਾ ਸਮਝਾਓ ਅਤੇ ਫਿਰ ਸਖਤੀ ਨਾਲ ਗੋਹੇ ਨੂੰ ਡਰੇਨ ਵਿੱਚ ਪਾਉਣ ਤੋਂ ਬੰਦ ਕਰੋ। ਇਸੇ ਤਰਾਂ ਹੀ ਕਾਰਪੋਰੇਸ਼ਨ ਦੀਆਂ ਕਲੋਨੀਆਂ ਜੋ ਕਿ ਬਿਨਾਂ ਟਰੀਟ ਕੀਤਾ ਪਾਣੀ ਡਰੇਨ ਵਿੱਚ ਪਾ ਰਹੀਆਂ ਹਨ, ਆਪਣਾ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਉਣ ਅਤੇ ਫਿਰ ਪਾਣੀ ਡਰੇਨ ਵਿੱਚ ਪਾਉਣ। ਉਹਨਾਂ ਕਿਹਾ ਕਿ ਅੱਜ ਇਸਦਾ ਮੌਕਾ ਵੇਖਿਆ ਹੈ ਅਤੇ ਅਗਾਂਹ ਰਣਨੀਤੀ ਤੈਅ ਕਰਕੇ ਫਿਰ ਕੰਮ ਕਰਾਂਗੇ।

ਇਸ ਮੌਕੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਸੰਤ ਸੀਚੇਵਾਲ ਦਾ ਇਸ ਵਡਮੁੱਲੇ ਕੰਮ ਲਈ ਅੰਮ੍ਰਿਤਸਰ ਆਉਣ ਉੱਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਤੁਸੀਂ ਕਾਲੀ ਵੇਈਂ ਹੋਵੇ ਜਾਂ ਬੁੱਢਾ ਦਰਿਆ, ਤੁਸੀਂ ਆਪ ਕਰਕੇ ਵਿਖਾਇਆ ਹੈ, ਸੋ ਤੁਸੀਂ ਇਸ ਡਰੇਨ ਦੀ ਸਫਾਈ ਲਈ ਸਾਡੀ ਅਗਵਾਈ ਕਰੋ ਤਾਂ ਜੋ ਅਸੀਂ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਆਲੇ ਦੁਆਲੇ ਨੂੰ ਸ਼ੁੱਧ ਕਰ ਸਕੀਏ।

ਉਹਨਾਂ ਕਿਹਾ ਕਿ ਵਾਤਾਵਰਨ ਦੀ ਬਹਾਲੀ ਲਈ ਅਸੀਂ ਜੋ ਵੀ ਕਦਮ ਚੁੱਕਣਾ ਪਿਆ, ਚੁੱਕਣ ਲਈ ਤਿਆਰ ਹਾਂ। ਇਸ ਮੌਕੇ ਚੇਅਰਮੈਨ ਸ਼੍ਰੀ ਆਦਰਸ਼ ਪਾਲ ਵਿਗ ਨੇ ਦੋਵਾਂ ਸ਼ਖਸ਼ੀਅਤਾਂ ਨੂੰ ਇਸ ਕੰਮ ਲਈ ਇੱਥੇ ਪਹੁੰਚਣ ਉੱਤੇ ਧੰਨਵਾਦ ਕੀਤਾ ਅਤੇ ਵਿਸਥਾਰ ਵਿੱਚ ਡਰੇਨ ਦੀ ਮੌਜੂਦਾ ਸਥਿਤੀ ਤੋਂ ਜਾਣੂ ਕਰਵਾਇਆ।

ਇਸ ਮੀਟਿੰਗ ਵਿਚ ਮੇਅਰ ਨਗਰ ਨਿਗਮ ਸ: ਜਤਿੰਦਰ ਸਿੰਘ ਮੋਤੀ ਭਾਟਿਆ,ਕਮਿਸ਼ਨਰ ਨਗਰ ਨਿਗਮ ਸ਼੍ਰੀ ਗੁਲਪ੍ਰੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਜੋਤੀ ਬਾਲਾ, ਐਸ .ਈ ਪ੍ਰਦੂਸ਼ਣ ਬੋਰਡ ਸ: ਹਰਪਾਲ ਸਿੰਘ, ਐਕਸੀਅਨ ਸ੍ਰੀ ਸੁਖਦੇਵ ਸਿੰਘ, ਐਸ ਡੀ ਓ ਸ਼੍ਰੀ ਵਿਨੋਦ ਕੁਮਾਰ ਤੇ ਜਸਮੀਤ ਸਿੰਘ ਆਮ ਆਦਮੀ ਪਾਰਟੀ ਦੇ ਜ੍ਹਿਲਾ ਪ੍ਰਧਾਨ ਸ਼੍ਰੀ ਮਨੀਸ਼ ਅਗਰਵਾਲ ਤੋ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button