ਭਾਰਤੀ ਗਿਆਨ ਪ੍ਰਣਾਲੀ ਵਿਸ਼ਵ ਨੂੰ ਅਸਥਾਈ ਸੁੱਖਾਂ ਤੋਂ ‘ਆਨੰਦ’ ਦੀ ਖੋਜ ਵੱਲ ਲੈ ਜਾਣ ਦੀ ਸਮਰੱਥ: ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 2 ਮਈ 2025 (ਅਭਿਨੰਦਨ ਸਿੰਘ)
ਭਾਰਤੀ ਗਿਆਨ ਪ੍ਰਣਾਲੀ ਸਿਰਫ਼ ਵਿਦਿਆ ਦਾ ਖਜ਼ਾਨਾ ਨਹੀਂ, ਸਗੋਂ ਜੀਵਨ ਨੂੰ ‘ਆਨੰਦ’ ਨਾਲ ਭਰਪੂਰ ਕਰਨ ਦਾ ਰਾਹ ਹੈ। ਇਹ ਵਿਚਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਵਾਈਸ-ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਨਵੀਂ ਦਿੱਲੀ ਵਿਖੇ ਸਿੱਖਿਆ ਮੰਤਰਾਲੇ ਵੱਲੋਂ “ਭਾਰਤੀ ਗਿਆਨ ਪ੍ਰਣਾਲੀ ਨੂੰ ਸਿੱਖਿਆ ਪਾਠਕ੍ਰਮ ਵਿੱਚ ਸ਼ਾਮਲ ਕਰਨਾ” ਦੇ ਵਿਸ਼ੇ ਕਰਵਾਈ ਦੋ ਦਿਨਾਂ ਰਾਸ਼ਟਰੀ ਵਰਕਸ਼ਾਪ ਵਿੱਚ ਪ੍ਰਗਟ ਕੀਤੇ।
ਉਨ੍ਹਾਂ ਨੇ ਭਾਰਤੀ ਗਿਆਨ ਪ੍ਰਣਾਲੀ ਦੀ ਮਜ਼ਬੂਤੀ ਨੂੰ ਪੰਜਾਬ ਦੀ ਅਮੀਰ ਵਿਰਾਸਤ ਨਾਲ ਜੋੜਿਆ ਅਤੇ ਇਸ ਨੂੰ ਵਿਸ਼ਵ ਪੱਧਰ ‘ਤੇ ਪ੍ਰਸਿੱਧ ਕਰਨ ਦਾ ਸੱਦਾ ਦਿੱਤਾ।ਪ੍ਰਧਾਨ ਮੰਤਰੀ ਉਚਤਰ ਸਿੱਖਿਆ ਅਭਿਆਨ (ਪੀ.ਐਮ.-ਯੂ.ਐਸ.ਐਚ.ਏ.) ਅਧੀਨ ਆਈ.ਸੀ.ਏ.ਆਰ. ਵਿਖੇ ਹੋਈ ਇਸ ਵਰਕਸ਼ਾਪ ਦਾ ਉਦਘਾਟਨ ਕੇਂਦਰੀ ਸਿੱਖਿਆ ਰਾਜ ਮੰਤਰੀ ਡਾ. ਸੁਕੰਤ ਮਜੂਮਦਾਰ ਨੇ ਕੀਤਾ, ਜਦਕਿ ਸਮਾਪਤੀ ਸਮਾਰੋਹ ਵਿੱਚ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਸੰਬੋਧਨ ਕੀਤਾ। ਸਿੱਖਿਆ ਮੰਤਰਾਲੇ ਨੇ ਦੇਸ਼ ਦੀਆਂ 64 ਰਾਜ ਯੂਨੀਵਰਸਿਟੀਆਂ ਨੂੰ ਉਚੇਰੀ ਸਿੱਖਿਆ ਨੂੰ ਮਜ਼ਬੂਤ ਕਰਨ ਲਈ 12 ਵਿਸ਼ਿਆਂ ‘ਤੇ ਨੀਤੀ ਪੱਤਰ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ, ਜਿਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ‘ਭਾਰਤੀ ਗਿਆਨ ਪ੍ਰਣਾਲੀ’ ਵਿਸ਼ੇ ਦੀ ਅਗਵਾਈ ਕੀਤੀ।ਪ੍ਰੋ. ਕਰਮਜੀਤ ਸਿੰਘ ਨੇ ਕਰਨਾਟਕ, ਕੇਰਲ, ਤਮਿਲਨਾਡੂ ਅਤੇ ਰਾਜਸਥਾਨ ਦੀਆਂ ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰਦਿਆਂ ਭਾਰਤੀ ਗਿਆਨ ਪ੍ਰਣਾਲੀ ‘ਤੇ ਸਰਬਪੱਖੀ ਪੇਸ਼ਕਾਰੀ ਦਿੱਤੀ।
ਉਨ੍ਹਾਂ ਨੇ ਪੰਜਾਬ ਦੀ ਬੌਧਿਕ ਵਿਰਾਸਤ ਨੂੰ ਰਿਗਵੇਦ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਜੋੜਿਆ ਅਤੇ ਕਿਹਾ, “ਭਾਰਤੀ ਗਿਆਨ ਪ੍ਰਣਾਲੀ ਅਸਥਾਈ ਸੁੱਖਾਂ ਦੀ ਦੌੜ ਨਹੀਂ, ਸਗੋਂ ਗੁਰੂ ਸਾਹਿਬਾਨ ਵੱਲੋਂ ਦਰਸਾਏ ‘ਆਨੰਦ’—ਅੰਦਰੂਨੀ ਸ਼ਾਂਤੀ ਅਤੇ ਸੰਤੁਸ਼ਟੀ ਦੀ ਖੋਜ ਹੈ।”
ਸ੍ਰੀ ਭਗਵਤ ਗੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੇ ਅਧਿਆਤਮਿਕ ਸੂਝ ਨੂੰ ਆਧੁਨਿਕ ਸਿੱਖਿਆ ਨਾਲ ਜੋੜਨ ਦੀ ਵਕਾਲਤ ਕੀਤੀ।ਉਨ੍ਹਾਂ ਨੇ ਹਰ ਸੂਬੇ ਵਿੱਚ ਇੱਕ ਨੋਡਲ ਯੂਨੀਵਰਸਿਟੀ ਸਥਾਪਤ ਕਰਨ ਦਾ ਪ੍ਰਸਤਾਵ ਰੱਖਿਆ, ਜੋ ਹੱਬ-ਐਂਡ-ਸਪੋਕ ਮਾਡਲ ਰਾਹੀਂ ਖੇਤਰੀ ਗਿਆਨ ਪਰੰਪਰਾਵਾਂ ਨੂੰ ਸੰਭਾਲੇ ਅਤੇ ਉਤਸ਼ਾਹਿਤ ਕਰੇ।
ਇਸ ਨਾਲ ਭਾਰਤ ਦੀ ਵਿਭਿੰਨ ਵਿਦਵਤਾ ਨੂੰ ਢਾਂਚਾਗਤ ਰੂਪ ਵਿੱਚ ਵਿਸ਼ਵ ਮੰਚ ‘ਤੇ ਪੇਸ਼ ਕੀਤਾ ਜਾ ਸਕੇਗਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਡੀ ਗਿਆਨ ਪ੍ਰਣਾਲੀ ਵਿਗਿਆਨ, ਅਧਿਆਤਮ ਅਤੇ ਸੱਭਿਆਚਾਰ ਦਾ ਅਨੂਠਾ ਸੁਮੇਲ ਹੈ, ਜੋ ਸੰਸਾਰ ਨੂੰ ਸਥਾਈ ਸ਼ਾਂਤੀ ਦਾ ਸੁਨੇਹਾ ਦੇ ਸਕਦੀ ਹੈ।
ਵਰਕਸ਼ਾਪ ਵਿੱਚ ਯੂ.ਜੀ.ਸੀ. ਦੇ ਸਾਬਕਾ ਚੇਅਰਮੈਨ ਪ੍ਰੋ. ਜਗਦੀਸ਼ ਕੁਮਾਰ, ਐੱਨ.ਏ.ਏ.ਸੀ. ਅਤੇ ਏ.ਆਈ.ਸੀ.ਟੀ.ਈ. ਦੇ ਚੇਅਰਮੈਨ ਪ੍ਰੋ. ਅਨਿਲ ਸਹਿਸਰਾਬੁੱਧੇ, ਸਿੱਖਿਆ ਮੰਤਰਾਲੇ ਦੇ ਵਧੀਕ ਸਕੱਤਰ ਸੁਨੀਲ ਕੁਮਾਰ ਬਰਨਵਾਲ ਅਤੇ ਆਈ.ਆਈ.ਟੀ. ਇੰਦੌਰ ਦੇ ਪ੍ਰੋ. ਗੰਟੀ ਮੂਰਤੀ ਸਮੇਤ ਕਈ ਪ੍ਰਮੁੱਖ ਵਿਦਵਾਨ ਸ਼ਾਮਲ ਹੋਏ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਇਸ ਪਹਿਲਕਦਮੀ ਨੇ ਭਾਰਤੀ ਸਿੱਖਿਆ ਨੂੰ ਮੁੱਲਾਂ, ਵਿਦਵਤਾ ਅਤੇ ਨਵੀਨਤਾ ਨਾਲ ਜੋੜਨ ਵਿੱਚ ਮੋਹਰੀ ਭੂਮਿਕਾ ਨਿਭਾਈ। ਇਹ ਯਤਨ ਭਾਰਤੀ ਗਿਆਨ ਪ੍ਰਣਾਲੀ ਦੀ ਵਿਲੱਖਣਤਾ ਨੂੰ ਉਜਾਗਰ ਕਰਦਾ ਹੈ ਅਤੇ ਇਸ ਨੂੰ ਆਧੁਨਿਕ ਸੰਦਰਭ ਵਿੱਚ ਵਿਸ਼ਵ ਲਈ ਪ੍ਰਸੰਗਿਕ ਬਣਾਉਂਦਾ ਹੈ, ਜੋ ਵਿਗਿਆਨ ਅਤੇ ਅਧਿਆਤਮ ਦਾ ਸੰਗਮ ਹੈ।