ਮੁਗਲਾਨੀਕੋਟ ਵਿਖੇ ਤੇਜ਼ ਝੱਖੜ ਕਾਰਣ ਅਚਣਚੇਤ ਅੱਗ ‘ਚ ਸੜ ਕੇ ਰਾਖ ਹੋਏ ਰਿਹਾਇਸ਼ੀ ਡੇਰਿਆਂ, ਮੱਝਾਂ ਮਰਨ ਤੇ ਹੋਰ ਵਿੱਤੀ ਨੁਕਸਾਨ ਦੀ ਪੂਰਤੀ ਲਈ ਮੁੱਖ ਮੰਤਰੀ ਫੰਡ ‘ਚੋਂ ਪ੍ਰਭਾਵਿਤ ਗੁੱਜਰ ਭਾਈਚਾਰੇ ਦੇ ਪਰਿਵਾਰਾਂ ਨੂੰ ਰਾਹਤ ਦਿੱਤੀ ਜਾਵੇਗੀ-ਮੰਤਰੀ ਧਾਲੀਵਾਲ
ਮੰਤਰੀ ਧਾਲੀਵਾਲ ਵਲੋਂ ਮੁਗਲਾਨੀਕੋਟ ਵਿਖੇ ਪੁੱਜ ਕੇ ਅਗਨੀਕਾਂਡ ਤੋਂ ਪ੍ਰਭਾਵਿਤ ਪੀੜਤਾਂ ਨਾਲ ਹਮਦਰਦੀ ਪ੍ਰਗਟ ਕੀਤੀ-

ਰਾਜਾਸਾਂਸੀ/ਅੰਮ੍ਰਿਤਸਰ, 2 ਮਈ 2025
ਅੱਜ ਬਾਅਦ ਦੁਪਿਹਰ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਵਲੋਂ ਬੀਤੀ ਰਾਤ ਕੁਦਰਤੀ ਆਫਤ ਤੇਜ਼ ਝੱਖੜ ਦੌਰਾਨ ਹਲਕਾ ਰਾਜਾਸਾਂਸੀ ਦੇ ਪਿੰਡ ਮੁਗਲਾਨੀ ਕੋਟ ਨੇੜੇ ਪਿੰਡ ਅਦਲੀਵਾਲ ਵਿਖੇ ਕਣਕ ਦੇ ਖੇਤਾਂ ‘ਚ ਨਾੜ ਨੂੰ ਅਚਣਚੇਤੀ ਵਾਪਰੇ ਅਗਨੀਕਾਂਡ ‘ਚ ਗੁੱਜਰ ਭਾਈਚਾਰੇ ਦੇ ਤਬਾਹ ਹੋਏ 5 ਰਿਹਾਇਸ਼ੀ ਡੇਰਿਆਂ , 40 ਦੇ ਕਰੀਬ ਦੁਧਾਰੂ ਮੱਝਾਂ ਦੀ ਮੌਤ ਹੋਣ ਅਤੇ 35-40 ਦੇ ਕਰੀਬ ਹੋਰ ਮੱਝਾਂ ਝੁਲਸਣ ਸਮੇਤ ਨਕਦੀ ਤੇ ਗਹਿਣੇ ਆਦਿ ਸੜ ਕੇ ਸੁਆਹ ਹੋਣ ਜਾਣ ਦੇ ਮੰਦਭਾਗੇ ਵਰਤਾਰੇ ਦਾ ਜਿਥੇ ਜਾਇਜ਼ਾ ਲਿਆ, ਉਥੇ ਪ੍ਰਭਾਵਿਤ ਗੁੱਜਰ ਮੁਹੰਮਦ ਕਰੀਮ, ਸਦੀਕ, ਬਾਊ, ਰਾਣਾ, ਹੁਸੈਣ, ਨਾਲ ਨਿੱਜੀ ਜਾਤੀ ਤੌਰ ਤੇ ਪੰਜਾਬ ਸਰਕਾਰ ਵਲੋਂ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਭਰੋਸਾ ਦਿੱਤਾ ਕਿ ਪੀੜਤ ਪਰਿਵਾਰਾਂ ਨੂੰ ਮੁੱਖ ਮੰਤਰੀ ਰਾਹਤ ਫੰਡ ‘ਚੋਂ ਵਿੱਤੀ ਸਹਾਇਤਾ ਦਿਵਾਈ ਜਾਵੇਗੀ ਅਤੇ ਵਿੱਤੀ ਸਹਾਇਤਾ ਦੇਣ ਲਈ ਜਲਦੀ ਪ੍ਰਕਿਿਰਆ ਮੁਕੰਮਲ ਕਰਨ ਵਜੋਂ ਅੱਜ ਹੀ ਵੈਟਨਰੀ ਵਿਭਾਗ ਦੇ ਮਾਹਿਰ ਡਾਕਟਰਾਂ ਸਮੇਤ ਵੱਖ ਵੱਖ ਅਧਿਕਾਰੀਆਂ ਨੂੰ ਆਦੇਸ਼ ਦੇ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਪੰਜਾਬ ‘ਚ ਪਸ਼ੂ ਧਨ ਰਾਹੀਂ ਚਿੱਟੀ ਕ੍ਰਾਂਤੀ ਭਾਵ ਦੁੱਧ ਦਾ ਇਨਕਲਾਬ ਲਿਆਉਣ ‘ਚ ਪੰਜਾਬ ਦੇ ਦੁੱਧ ਉਤਪਾਦਕਾਂ /ਕਿਸਾਨਾਂ ਤੋਂ ਇਲਾਵਾ ਗੁੱਜਰ ਭਾਈਚਾਰੇ ਦਾ ਮਹੱਤਵਪੂਰਨ ਭੂਮਿਕਾ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ। ਲੰਮੇ ਸਮੇਂ ਤੋਂ ਪੰਜਾਬ ‘ਚ ਰਹਿਣ ਕਾਰਣ ਗੁੱਜਰ ਭਾਈਚਾਰਾ ਸਥਾਨਕ ਮਿਹਨਤਕਸ਼ ਲੋਕਾਂ ਵਜੋਂ ਵਿਚਰ ਰਿਹਾ ਹੈ।
ਅਤੇ ਇਨ੍ਹਾਂ ਦੇ ਜਾਨ ਮਾਲ ਦੀ ਸੁਰੱਖਿਆ ਨੂੰ ਪੰਜਾਬ ਸਰਕਾਰ ਹੋਰਨਾਂ ਵਰਗਾਂ ਦੇ ਬਰਾਬਰ ਹੀ ਦੇਣ ਲਈ ਵਚਣਬੱਧ ਹੈ। ਬਾਅਦ ‘ਚ ਗੱਲਬਾਤ ਦੌਰਾਨ ਮੰਤਰੀ ਸ: ਧਾਲੀਵਾਲ ਨੇ ਕਿਹਾ ਕਿ ਅੱਗ ਲੱਗਣ ਕਾਰਣ ਗੁੱਜਰ ਭਾਈਚਾਰੇ ਦੇ ਇਸ ਹੋਏ ਵਿੱਤੀ ਨੁਕਸਾਨ ਤੋਂ ਉਹ ਜਾਤੀ ਤੌਰ ਤੇ ਵੀ ਦੁੱਖ ਮਹਿਸੂਸ ਕਰ ਰਹੇ ਹਨ ਅਤੇ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਕੋਲ ਇਨ੍ਹਾਂ ਪੀੜਤਾਂ ਦੇ ਨੁਕਸਾਨ ਦੀ ਪੂਰਤੀ ਕਰਵਾਉਣ ਲਈ ਉਹ ਨਿੱਜੀ ਦਿਲਚਸਪੀ ਵੀ ਲੈਣਗੇ। ਇਸ ਮੌਕੇ ਤੇ ਹਲਕਾ ਰਾਜਾਸਾਂਸੀ ਇੰਚਾਰਜ ਤੇ ਪਨ ਗਰੇਨ ਚੇਅਰਮੈਨ ਸ: ਬਲਦੇਵ ਸਿੰਘ ਮਿਆਦੀਆਂ , ਪਾਰਟੀ ਦੇ ਜ਼ਿਲਾ ਦਿਹਾਤੀ ਪ੍ਰਧਾਨ ਬਲਜਿੰਦਰ ਸਿੰਘ ਥਾਂਦੇ, ਐਸ.ਡੀ.ਐਮ. ਲੋਪੋਕੇ ਸਮੇਤ ਹੋਰ ਅਧਿਕਾਰੀ ਮੌਜੂਦ ਸਨ।


