ਹੁਣ ਤੱਕ ਸਵਾ ਛੇ ਲੱਖ ਟਨ ਤੋਂ ਵੱਧ ਕਣਕ ਦੀ ਖਰੀਦ ਜ਼ਿਲੇ ਦੀਆਂ ਮੰਡੀਆਂ ਵਿੱਚ ਹੋਈ , ਖਰੀਦ ਕੀਤੀ ਫਸਲ ਦੀ 93 ਫੀਸਦੀ ਅਦਾਇਗੀ ਵੀ ਕਿਸਾਨਾਂ ਦੇ ਖਾਤਿਆਂ ਵਿੱਚ ਪਹੁੰਚੀ
ਪਿਛਲੇ ਸਾਲ ਨਾਲੋਂ ਕਰੀਬ ਇਕ ਲੱਖ ਟਨ ਵੱਧ ਕਣਕ ਮੰਡੀਆਂ ਵਿੱਚ ਆਈ , ਇਸ ਸਾਲ ਕਣਕ ਦਾ ਪ੍ਰਤੀ ਹੈਕਟੇਅਰ ਝਾੜ 5 ਫੀਸਦੀ ਵਧਿਆ

ਅੰਮ੍ਰਿਤਸਰ, 03 ਮਈ 2025 (ਕੰਵਲਜੀਤ ਸਿੰਘ – ਅਭਿਨੰਦਨ ਸਿੰਘ)
ਇਸ ਵਾਰ ਜ਼ਿਲ੍ਹੇ ਵਿੱਚ ਕਣਕ ਦੀ ਆਮਦ ਪਿਛਲੇ ਸਾਲ ਦੇ ਮੁਕਾਬਲੇ ਤੇਜੀ ਨਾਲ ਹੋਈ ਹੈ, ਜਿਸ ਕਾਰਨ ਖਰੀਦ ਵੀ ਪਿਛਲੇ ਸਾਲ ਨਾਲੋਂ ਵੱਧ ਹੋ ਰਹੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਹੁਣ ਤੱਕ ਖਰੀਦ ਕੀਤੀ ਅਤੇ ਮੰਡੀਆਂ ਵਿੱਚੋਂ ਚੁੱਕੀ ਗਈ ਕਣਕ ਦਾ ਜਾਇਜ਼ਾ ਲੈਣ ਮੌਕੇ ਕੀਤਾ।
ਉਹਨਾਂ ਦੱਸਿਆ ਕਿ ਹੁਣ ਤੱਕ ਮੰਡੀਆਂ ਵਿੱਚ 632260 ਮੀਟਰਕ ਟਨ ਕਣਕ ਦੀ ਆਮਦ ਹੋਈ ਹੈ ਜੋ ਕਿ ਪਿਛਲੇ ਸਾਲ ਖਰੀਦ ਕੀਤੀ ਗਈ ਕੁੱਲ ਆਮਦ ਦਾ 84 ਫੀਸਦੀ ਹੈ। ਉਹਨਾਂ ਦੱਸਿਆ ਕਿ ਪਿਛਲੇ ਸਾਲ ਅੱਜ ਦੇ ਦਿਨ ਤੱਕ 523535 ਮੀਟ੍ਰਿਕ ਟਨ ਕਣਕ ਮੰਡੀਆਂ ਵਿੱਚ ਆਈ ਸੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਤੱਕ ਮੰਡੀਆਂ ਵਿੱਚੋਂ 626846 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ, ਜਿਸ ਵਿੱਚੋਂ 587344 ਮੀਟ੍ਰਿਕ ਟਨ ਕਣਕ ਸਰਕਾਰੀ ਏਜੰਸੀਆਂ ਨੇ ਅਤੇ 39502 ਮੀਟ੍ਰਿਕ ਟਨ ਵਪਾਰੀਆਂ ਨੇ ਖਰੀਦੀ ਹੈ ।
ਉਹਨਾਂ ਦੱਸਿਆ ਕਿ ਅਸੀਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਰੀਦ ਦੇ 48 ਘੰਟਿਆਂ ਅੰਦਰ ਅਦਾਇਗੀ ਕਰਨ ਦਾ ਟੀਚਾ ਰੱਖਿਆ ਸੀ, ਜਿਸ ਅਨੁਸਾਰ 93 ਫੀਸਦੀ ਕਿਸਾਨਾਂ ਨੂੰ ਕਣਕ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਹਨਾਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਲਿਫਟਿੰਗ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ ਵੀ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਵਧਾਈ ਦਿੰਦੇ ਦੱਸਿਆ ਕਿ ਇਸ ਸਾਲ ਕਣਕ ਦਾ ਝਾੜ ਪ੍ਰਤੀ ਏਕੜ ਕਰੀਬ ਪੰਜ ਫੀਸਦੀ ਵਧਿਆ ਹੈ। ਉਹਨਾਂ ਦੱਸਿਆ ਕਿ ਇਸ ਸਾਲ ਜ਼ਿਲ੍ਹੇ ਵਿੱਚ 1.85 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਜਾਈ ਕੀਤੀ ਗਈ ਸੀ ਅਤੇ ਖੇਤੀਬਾੜੀ ਵਿਭਾਗ ਦੀਆਂ ਕੋਸ਼ਿਸ਼ਾਂ ਜਿਸ ਵਿਚ ਕਣਕ ਦੇ ਬੀਜ, ਖਾਦ, ਦਵਾਈਆਂ ਦਾ ਸਮੇਂ ਸਿਰ ਮਿਲਣਾ ਅਤੇ ਅਨੁਕੂਲ ਮੌਸਮ ਕਾਰਨ ਕਣਕ ਦਾ ਜੋ ਝਾੜ ਪਿਛਲੇ ਸਾਲ 5075 ਕਿਲੋ ਪ੍ਰਤੀ ਹੈਕਟੇਅਰ ਸੀ, ਇਸ ਸਾਲ ਵੱਧ ਕੇ 5350 ਕਿਲੋ ਪ੍ਰਤੀ ਹੈਕਟੇਅਰ ਹੋ ਗਿਆ ਹੈ।
ਇਸ ਮੌਕੇ ਜ਼ਿਲ੍ਹਾ ਖੁਰਾਕ ਸਪਲਾਈ ਅਫਸਰ ਸ ਅਮਨਜੀਤ ਸਿੰਘ ਸੰਧੂ, ਜਿਲਾ ਮੰਡੀ ਅਫਸਰ ਸ ਅਮਨਦੀਪ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।