ਪਿੰਡਾਂ/ਵਾਰਡਾਂ ਵਿੱਚ ਰੱਖਿਆ ਕਮੇਟੀਆਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕਰਨ ਲਈ ਨਸ਼ਾ ਮੁਕਤੀ ਯਾਤਰਾਵਾਂ ਕਲ੍ਹ ਤੋਂ : ਡਿਪਟੀ ਕਮਿਸ਼ਨਰ
ਤਿਆਰੀਆਂ ਸਬੰਧੀ ਲਿਆ ਜਾਇਜਾ

ਅੰਮ੍ਰਿਤਸਰ, 6 ਮਈ 2025 (ਸੁਖਬੀਰ ਸਿੰਘ – ਅਭਿਨੰਦਨ ਸਿੰਘ)
ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਬੀਤੀ 24 ਫਰਵਰੀ ਤੋਂ ਆਰੰਭੀ ਨਸ਼ਿਆਂ ਖਿਲਾਫ ਫੈਸਲਾਕੁੰਨ ਲੜਾਈ ਦੇ ਅਗਲੇ ਪੜਾਅ ਵਿੱਚ ਹੁਣ ਸਰਕਾਰ ਵੱਲੋਂ ਪਿੰਡ ਪੱਧਰ ਅਤੇ ਵਾਰਡ ਪੱਧਰ ਤੇ ਜਾ ਕੇ ਰੱਖਿਆ ਕਮੇਟੀਆਂ ਨਾਲ ਜਾਗਰੂਕਤਾ ਮੀਟਿੰਗਾਂ ਦਾ ਸਿਲਸਿਲਾ ਆਰੰਭਿਆ ਗਿਆ ਹੈ। ਇਨ੍ਹਾਂ ਮੀਟਿੰਗਾਂ ਦਾ ਮੰਤਵ ਪਿੰਡ ਰੱਖਿਆ ਕਮੇਟੀਆਂ ਅਤੇ ਵਾਰਡ ਰੱਖਿਆ ਕਮੇਟੀਆਂ ਦੇ ਮੈਂਬਰਾਂ ਨੂੰ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚਾਉਣ, ਨਸ਼ਾ ਪੀੜਤਾਂ ਦੇ ਇਲਾਜ ਲਈ ਉਹਨਾਂ ਨੂੰ ਪ੍ਰੇਰ ਕੇ ਨਸ਼ਾ ਮੁਕਤੀ ਕੇਂਦਰਾਂ ਤੱਕ ਲਿਆਉਣ ਲਈ ਜਾਗਰੂਕ ਕਰਨਾ ਹੋਵੇਗਾ।
ਇਸ ਸਬੰਧੀ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਅੰਮ੍ਰਿਤਸਰ ਜਿਲੇ ਦੇ 11 ਹਲਕਿਆਂ ਦੇ ਪਿੰਡਾਂ ਵਿੱਚ ਇਹ ਨਸ਼ਾ ਮੁਕਤੀ ਯਾਤਰਾ ਕੱਢੀ ਜਾਵੇਗੀ। ਉਨ੍ਹਾਂ ਮੀਟਿੰਗ ਦੌਰਾਨ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਸ਼ਾ ਮੁਕਤੀ ਯਾਤਰਾ ਦੌਰਾਨ ਕਿਸੇ ਕਿਸਮ ਦੀ ਕੋਈ ਵੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਸਮੂਹ ਪਿੰਡਾਂ ਅਤੇ ਵਾਰਡਾਂ ਦੇ ਲੋਕਾਂ ਨੂੰ ਆਪੋ ਆਪਣੇ ਪਿੰਡ ਦੀ ਨੀਯਤ ਮਿਤੀ ਨੂੰ ਹੋਣ ਵਾਲੀ ਯਾਤਰਾ ਵਿੱਚ ਵੱਡੇ ਪੱਧਰ ਤੇ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਗਿਆ ਹੈ ਕਿ ਜੇਕਰ ਨਸ਼ਿਆਂ ਖਿਲਾਫ ਅਸੀਂ ਜ਼ਮੀਨੀ ਪੱਧਰ ਤੇ ਇੱਕਜੁੱਟ ਨਾ ਹੋਏ ਤਾਂ ਇਸ ਦਾ ਨੁਕਸਾਨ ਸਾਡੀ ਨੌਜਵਾਨ ਪੀੜ੍ਹੀ ਨੂੰ ਝੱਲਣਾ ਪਵੇਗਾ। ਉਹਨਾਂ ਕਿਹਾ ਕਿ ਇਹ ਸਾਡਾ ਕਰਤਵ ਬਣ ਜਾਂਦਾ ਹੈ ਕਿ ਅਸੀਂ ਵੀ ਸਰਕਾਰ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਵਿੱਚ ਡੱਟ ਕੇ ਸਾਥ ਦੇਈਏ।
ਉਨਾਂ ਨੇ ਜ਼ਿਲ੍ਹੇ ਵਿੱਚ ਇਹਨਾਂ ਯਾਤਰਾਵਾਂ ਦੀ ਤੈਅ ਸਮਾਂ ਸਾਰਣੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜਨਾਲਾ ਹਲਕੇ ਵਿੱਚ 7 ਮਈ ਨੂੰ ਸਵੇਰੇ 10 ਵਜੇ ਪਿੰਡ ਗੱਗੋਮਾਹਲ, 11 ਵਜੇ ਲੰਘੋਮਾਹਲ, ਬਾ:ਦੁ: 12 ਵਜੇ ਅਬੂਸੇਧ, ਹਲਕਾ ਅੰਮ੍ਰਿਤਸਰ ਕੇਂਦਰੀ ਦੀ ਵਾਰਡ ਨੰ: 58 ਵਿਖੇ 7 ਮਈ ਨੂੰ ਬਾ:ਦੁ: 1 ਵਜੇ, ਵਾਰਡ ਨੰ: 59 ਵਿਖੇ ਬਾ:ਦੁ: 2 ਵਜੇ, ਅਤੇ ਵਾਰਡ ਨੰ: 60 ਵਿਖੇ ਬਾ:ਦੁ: 3 ਵਜੇ, ਅੰਮ੍ਰਿਤਸਰ ਪੂਰਬੀ ਵਿਖੇ 7 ਮਈ ਨੂੰ ਪਿੰਡ ਮੁਧਲ ਵਿਖੇ ਸ਼ਾਮ 5 ਵਜੇ, ਵਾਰਡ ਨੰ: 18 ਵਿਖੇ ਸ਼ਾਮ 6 ਵਜੇ ਅਤੇ ਵਾਰਡ ਨੰ: 19 ਵਿਖੇ ਸ਼ਾਮ 7 ਵਜੇ, ਹਲਕਾ ਅੰਮ੍ਰਿਤਸਰ ਕੇਂਦਰੀ ਦੀ ਵਾਰਡ ਨੰ: 10 ਨੂੰ ਸਵੇਰੇ 10 ਵਜੇ ਵਾਰਡ ਨੰ:11 ਵਿਖੇ ਸਵੇਰੇ 11 ਵਜੇ, ਵਾਰਡ ਨੰ: 12 ਵਿਖੇ ਬਾ:ਦੁ: 12 ਵਜੇ, ਅੰਮ੍ਰਿਤਸਰ ਦੱਖਣੀ ਵਿਖੇ 7 ਮਈ ਨੂੰ ਵਾਰਡ ਨੰ: 36, 37 ਅਤੇ 39 ਵਿਖੇ ਕ੍ਰਮਵਾਰ 10 ਵਜੇ, 11 ਵਜੇ ਅਤੇ 12 ਵਜੇ, 7 ਅੰਮ੍ਰਿਤਸਰ ਪੱਛਮੀ ਦੀ ਵਾਰਡ ਨੰ: 1 ਅਤੇ 2 ਨੂੰ ਸ਼ਾਮ 6 ਵਜੇ ਅਤੇ 7 ਵਜੇ , ਹਲਕਾ ਅਟਾਰੀ ਵਿਖੇ 7 ਮਈ ਨੂੰ ਪਿੰਡ ਧਨੋਆ ਖੁਰਦ, ਧਨੋਆ ਕਲਾਂ ਅਤੇ ਹਰਦੋਰਤਨ ਵਿਖੇ ਬਾ:ਦੁ: 2, 3 ਅਤੇ 4 ਵਜੇ, ਹਲਕਾ ਜੰਡਿਆਲਾ ਵਿਖੇ 7 ਮਈ ਨੂੰ ਨਿੱਝਰਪੁਰਾ, ਮੇਹਰਬਾਨਪੁਰਾ ਅਤੇ ਅਮਰਕੋਟ ਵਿਖੇ ਕ੍ਰਮਵਾਰ 3, 4 ਅਤੇ ਸ਼ਾਮ 5 ਵਜੇ, ਹਲਕਾ ਮਜੀਠਾ ਵਿਖੇ ਪਿੰਡ ਸਾਹਨੇਵਾਲੀ, ਅਬਦਾਲ, ਅਤੇ ਲੋਹਾਰਕਾ ਵਿਖੇ ਬਾ:ਦੁ: 2, 4 ਅਤੇ ਸ਼ਾਮ 5 ਵਜੇ, ਹਲਕਾ ਰਾਜਾਸਾਂਸੀ ਵਿਖੇ 7 ਮਈ ਨੂੰ ਧਾਰੀਵਾਲ, ਮੁੱਲਾਂਕੋਟ ਅਤੇ ਬੱਚੀਵਿੰਡ ਵਿਖੇ ਕ੍ਰਮਵਾਰ 4, 5 ਅਤੇ ਸ਼ਾਮ 6 ਵਜੇ ਨਸ਼ਿਆਂ ਵਿਰੁੱਧ ਯਾਤਰਾ ਤਹਿਤ ਜਾਗਰੂਕਤਾ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਯਾਤਰਾਵਾਂ 14 ਮਈ ਤੱਕ ਜਿਲ੍ਹੇ ਦੇ ਹਰੇਕ ਵਿਧਾਨ ਸਭਾ ਹਲਕੇ ਦੇ 3 ਪਿੰਡਾਂ ਵਿੱਚ ਕੱਢੀਆਂ ਜਾਣਗੀਆਂ ।