ਏਡੀਏ ਨੇ ਗਲਿਆਰੇ ਵਿੱਚ ਕੀਤੇ ਨਾਜਾਇਜ਼ ਕਬਜ਼ੇ ਹਟਾਏ
ਅੰਮ੍ਰਿਤਸਰ, 8 ਮਈ 2025 (ਸੁਖਬੀਰ ਸਿੰਘ – ਅਭਿਨੰਦਨ ਸਿੰਘ)
ਡਿਪਟੀ ਕਮਿਸ਼ਨਰ, ਅੰਮ੍ਰਿਤਸਰ, ਸ਼੍ਰੀਮਤੀ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੰਮ੍ਰਿਤਸਰ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ, ਸ਼੍ਰੀ ਨਿਤੇਸ਼ ਕੁਮਾਰ ਜੈਨ ਅਤੇ ਵਧੀਕ ਮੁੱਖ ਪ੍ਰਸ਼ਾਸਕ , ਸ਼੍ਰੀਮਤੀ ਇਨਾਇਤ ਦੀ ਯੋਗ ਅਗਵਾਈ ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਆਲੇ ਦੁਆਲੇ ਗਲਿਆਰੇ ਦੀ ਹਦੂਦ ਅੰਦਰ ਦੁਕਾਨਦਾਰਾਂ/ਰੇਹੜੀਆਂ-ਫੜੀਆਂ ਵਾਲਿਆਂ ਵਲੋਂ ਲੋਕਾਂ ਦੇ ਚੱਲਣ ਲਈ ਬਣਾਏ ਗਏ ਫੁੱਟਪਾਥ ਉੱਪਰ ਨਜਾਇਜ ਤੌਰ ਉੱਤੇ ਕੀਤੇ ਕਬਜ਼ੇ ਹਟਾਏ।
ਅਸ਼ਟੇਟ ਅਫਸਰ, ਏਡੀਏ, ਸ਼੍ਰੀ ਹਰਜਿੰਦਰ ਸਿੰਘ ਜੱਸਲ ਵਲੋਂ ਏਡੀਏ ਦੀ ਬੀ.ਐਂਡ.ਈ ਟੀਮ ਨਾਲ ਮਿਲ ਕੇ ਇਹ ਕਾਰਵਾਈ ਕੀਤੀ ਗਈ। ਉਨਾਂ ਦੱਸਿਆ ਕਿ ਦੁਕਾਨਦਾਰਾਂ/ਰੇਹੜੀਆਂ-ਫੜੀਆਂ ਵਾਲ਼ਿਆਂ ਵਲੋਂ ਸਰਕਾਰੀ ਰਸਤੇ ਵਿੱਚ ਸਮਾਨ ਲਗਾਉਣ ਸਬੰਧੀ ਸ਼ਿਕਾਇਤ ਪ੍ਰਾਪਤ ਹੋਈਆਂ ਸਨ ਜਿਸ ਕਾਰਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਰਸ਼ਨ ਕਰਨ ਆਈਆਂ ਸੰਗਤਾਂ ਨੂੰ ਮੁਸ਼ਕਲ ਪੇਸ਼ ਆਉਂਦੀ ਸੀ।
ਇਸ ਸਬੰਧੀ ਏਡੀਏ ਦੀ ਟੀਮ ਵਲੋਂ ਦੁਕਾਨਦਾਰਾਂ/ਰੇਹੜੀਆਂ ਫੜੀਆਂ ਲਗਾਉਣ ਵਾਲਿਆਂ ਨੂੰ ਕਈ ਵਾਰ ਸਮਾਨ ਨਾਂ ਲਗਾਉਣ ਦੀ ਸਖਤ ਹਦਾਇਤ ਵੀ ਕੀਤੀ ਗਈ ਸੀ ਪ੍ਰੰਤੂ ਉਕਤ ਦੁਕਾਨਦਾਰਾਂ/ਰੇਹੜੀਆਂ-ਫੜੀਆਂ ਵਾਲਿਆਂ ਵਲੋਂ ਮੁੜ ਤੋਂ ਸਮਾਨ ਲਗਾ ਲਿਆ ਜਾਂਦਾ ਸੀ। ਮੌਕੇ ਤੇ ਕੀਤੀ ਗਈ ਕਾਰਵਾਈ ਦੌਰਾਨ ਟੀਮ ਵਲੋਂ ਦੁਕਾਨਦਾਰਾਂ/ਰੇਹੜੀਆਂ-ਫੜੀਆਂ ਵਾਲਿਆਂ ਨੂੰ ਸਖਤ ਤਾੜਨਾ ਕੀਤੀ ਗਈ ਕਿ ਸਮਾਨ ਨੂੰ ਸਿਰਫ ਦੁਕਾਨ ਦੇ ਅੰਦਰ ਹੀ ਰੱਖਿਆ ਜਾਵੇ ਅਤੇ ਸਰਕਾਰੀ ਰਸਤੇ ਉੱਤੇ ਕਬਜ਼ਾ ਨਾ ਕੀਤਾ ਜਾਵੇ। ਜੇ ਕਿਸੇ ਵਿਅਕਤੀ ਵਲੋਂ ਭਵਿੱਖ ਵਿੱਚ ਇਹਨਾਂ ਹੁਕਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਕਤ ਵਿਅਕਤੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ। ਇਸ ਮੌਕੇ ਗਲਿਆਰਾ ਦੀ ਬੀਐਂਡਈ ਸ਼ਾਖਾ ਦੇ ਉਪ-ਮੰਡਲ ਇੰਜੀਨੀਅਰ, ਸ਼੍ਰੀ ਸੰਜੀਵ ਸ਼ਰਮਾ; ਜੂਨੀਅਰ ਇੰਜੀਨੀਅਰ, ਸ਼੍ਰੀ ਸਿਮਰਪ੍ਰੀਤ ਸਿੰਘ ਬੱਤਰਾ; ਸੁਪਰਵਾਈਜ਼ਰ, ਸ਼੍ਰੀ ਰਾਕੇਸ਼ ਕੁਮਾਰ; ਏਡੀਏ ਦੇ ਸੈਕਿਊਰਟੀ ਵਿੰਗ ਦੇ ਮੁਲਾਜਮ ਸਮੇਤ ਪੁਲਿਸ ਵਿਭਾਗ ਦੀ ਟੀਮ ਵੀ ਮੌਜੂਦ ਸੀ।



