AmritsarE-PaperPolitical NewsPunjab
Trending

ਸ੍ਰੀ ਅਕਾਲ ਤਖ਼ਤ ਸਾਹਿਬ ਤਨਖ਼ਾਹ ਭੁਗਤ ਰਹੇ ਸੁਖਬੀਰ ਬਾਦਲ ’ਤੇ ਗੋਲੀ ਚਲਾਉਣ ਵਾਲੇ ਵਿਰੁੱਧ ਪੰਥਕ ਰਵਾਇਤਾਂ ਮੁਤਾਬਕ ਕਾਰਵਾਈ ਕਰਨ -ਪ੍ਰੋ. ਸਰਚਾਂਦ ਸਿੰਘ

ਅੰਮ੍ਰਿਤਸਰ,4 ਦਸੰਬਰ 2024 (ਬਿਊਰੋ ਰਿਪੋਰਟ)

ਪੰਜਾਬ ਭਾਜਪਾ ਦੇ ਬੁਲਾਰੇ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਸਾਬਕਾ ਕਾਰਜਕਾਰੀ ਪ੍ਰਧਾਨ, ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲੱਗੀ ਤਨਖ਼ਾਹ ਪੂਰੀ ਕਰਨ ਖ਼ਾਤਰ ਸ੍ਰੀ ਦਰਬਾਰ ਸਾਹਿਬ ਘੰਟਾ ਘਰ ਵਾਲੀ ਡਿਊਟੀ ਦੇ ਬਾਹਰ ਬੈਠ ਕੇ ਸੇਵਾ ਨਿਭਾਅ ਰਹੇ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਅਕਾਲ ਫੈਡਰੇਸ਼ਨ ਦੇ ਸਾਬਕਾ ਮੁਖੀ ਤੇ ਹੁਣ ਦਲ ਖ਼ਾਲਸਾ ਦਾ ਆਗੂ ਦੱਸਿਆ ਜਾ ਰਿਹਾ ਨਰਾਇਣ ਸਿੰਘ ਚੌੜਾ ਵੱਲੋਂ ਗੋਲੀ ਚਲਾ ਕੇ ਕੀਤੇ ਗਏ ਜਾਨ ਲੇਵਾ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਤਨਖ਼ਾਹ ਭੁਗਤ ਰਹੇ ਸੁਖਬੀਰ ਬਾਦਲ ’ਤੇ ਗੋਲੀ ਚਲਾਉਣ ਵਾਲੇ ਵਿਰੁੱਧ ਪੰਥਕ ਰਵਾਇਤਾਂ ਮੁਤਾਬਕ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਤਨਖ਼ਾਹ ਪੂਰੀ ਕਰ ਰਿਹਾ ਹੋਣ ਕਰਕੇ ਉਸ ਵਕਤ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਸੀ। ਇਸ ਲਈ ਉਸ ’ਤੇ ਕੀਤਾ ਗਿਆ ਹਮਲਾ ਇਕ ਤਰਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸਾਹਿਬ ਦੇ ਫ਼ੈਸਲੇ ’ਤੇ ਹਮਲਾ ਹੈ। ਸਿੱਖ ਪਰੰਪਰਾ ਅਨੁਸਾਰ ਪੰਜ ਸਿੰਘ ਸਾਹਿਬਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਉਨ੍ਹਾਂ ਵੱਲੋਂ ਕੀਤੇ ਗਏ ਗੁਨਾਹਾਂ ਲਈ ਤਨਖ਼ਾਹ ਲਗਾ ਦਿੱਤੀ ਸੀ ਤਾਂ ਕਿਸੇ ਵੀ ਸਿੱਖ ਮਾਈ ਭਾਈ ਨੂੰ ਸੁਖਬੀਰ ਸਿੰਘ ਬਾਦਲ ਨੂੰ ਨੁਕਸਾਨ ਪਹੁੰਚਾਉਣ ਕੋਈ ਹੱਕ ਨਹੀਂ ਹੈ। ਅਜਿਹਾ ਕਰਨ ਵਾਲਾ ਗੁਰੂ ਦਾ ਸੱਚਾ ਸਿੱਖ ਹੋ ਹੀ ਨਹੀਂ ਸਕਦਾ, ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦੀ ਸਿਰਮੌਰ ਅਦਾਲਤ ਹੈ। ਇੱਥੋਂ ਦਿੱਤੇ ਗਏ ਹੁਕਮਾਂ ਨੂੰ ਮੰਨਣਾ ਹਰ ਗੁਰਸਿੱਖ ਲਈ ਲਾਜ਼ਮੀ ਹੈ। ਕੋਈ ਉਕਤ ਆਦੇਸ਼ ਨਾਲ ਅਸਹਿਮਤੀ ਹੈ ਤਾਂ ਇਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪਹੁੰਚ ਤੇ ਅਪੀਲ ਕੀਤੀ ਜਾ ਸਕਦੀ ਹੈ।
ਪ੍ਰੋ. ਸਰਚਾਂਦ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹਮਲਾਵਰ ਵਿਰੁੱਧ ਪੰਥਕ ਰਵਾਇਤਾਂ ਮੁਤਾਬਕ ਕਾਰਵਾਈ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲੱਗੀ ਤਨਖ਼ਾਹ ਪੂਰੀ ਕਰਨ ਖ਼ਾਤਰ ਸ੍ਰੀ ਦਰਬਾਰ ਸਾਹਿਬ ਘੰਟਾ ਘਰ ਵਾਲੀ ਡਿਊਟੀ ਦੇ ਬਾਹਰ ਬੈਠ ਕੇ ਸੇਵਾ ਨਿਭਾਅ ਰਹੇ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਕਰਕੇ ਹਮਲਾਵਰ ਨੇ ਸਿੱਖ ਪੰਥ ਦੀ ਆਨ ਤੇ ਸ਼ਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੂੰ ਟਿੱਚ ਜਾਣਿਆ ਅਤੇ ਸਿੱਖਾਂ ਦਾ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ।  ਉਨ੍ਹਾਂ ਕਿਹਾ,
ਭਾਵੇਂ ਕਿ ਗੋਲੀ ਚਲਾਉਣ ਵਾਲਾ ਹਮਲਾਵਰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ, ਫਿਰ ਵੀ ਇਸ ਹਮਲੇ ਪਿੱਛੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਗਹਿਰੀ ਸਾਜ਼ਿਸ਼ ਕਰਨ ਵਾਲਿਆਂ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ। ਹਮਲਾ ਸਰਕਾਰ ਦੀ ਅਣਗਹਿਲੀ ਦਾ ਵੀ ਨਤੀਜਾ ਹੈ, ਮੁੱਖ ਮੰਤਰੀ ਨੂੰ ਇਸ ਬਾਰੇ ਆਪਣੀ ਜ਼ਿੰਮੇਵਾਰੀ ਕਬੂਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਪੰਜਾਬ ਦੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਇਹ ਵੱਡੀ ਸਾਜ਼ਿਸ਼ ਰਚੀ ਗਈ ਹੈ। ਜਿਸ ਤੋਂ ਸਿੱਖ ਸੰਗਤ ਅਤੇ ਸਮੂਹ ਪੰਜਾਬੀਆਂ ਸੁਚੇਤ ਰਹਿਣ ਦੀ ਲੋੜ ਹੈ।

admin1

Related Articles

Back to top button