ਭਾਰਤ-ਪਾਕਿ ਤਣਾਅ ਕਾਰਨ ਬੰਦ ਹੋਏ ਕੋਰੀਡੋਰ ਤੇ ਵਪਾਰ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਮੁੜ ਖੋਲ੍ਹਣ ਦੀ ਮੰਗ ਪਾਕਿਸਤਾਨ ਨਾਲ ਵਪਾਰਕ ਸਾਂਝ ਲਈ ਪੰਜਾਬ ਨੂੰ ਇਕੱਠੇ ਹੋਣ ਦੀ ਲੋੜ -ਇਮਾਨ ਸਿੰਘ ਮਾਨ

ਅੰਮ੍ਰਿਤਸਰ, 13 ਜੂਨ (ਕੰਵਲਜੀਤ ਸਿੰਘ):
ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧ ਰਹੇ ਤਣਾਅ ਕਾਰਨ ਦੋਹਾਂ ਦੇ ਰਿਸ਼ਤੇ ਹੋਰ ਵੀ ਖਰਾਬ ਹੋ ਗਏ ਹਨ। ਇਨ੍ਹਾਂ ਤਣਾਅਪੂਰਨ ਹਾਲਾਤਾਂ ਦੇ ਚਲਦੇ, ਦੋਹਾਂ ਦੇਸ਼ਾਂ ਵੱਲੋਂ ਕਰਤਾਰਪੁਰ ਲਾਂਘੇ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਗਿਆ ਹੈ। ਇਸ ਫੈਸਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਰਤਾਰਪੁਰ ਲਾਂਘੇ ਨੂੰ ਤੁਰੰਤ ਮੁੜ ਖੋਲ੍ਹਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਲਾਂਘਾ ਸਿੱਖ ਧਰਮ ਦੇ ਲੱਖਾਂ ਸ਼ਰਧਾਲੂਆਂ ਦੀ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ, ਜੋ ਰੋਜ਼ਾਨਾ ਆਪਣੇ ਧਰਮੀ ਅਸਥਾਨਾਂ, ਖ਼ਾਸ ਕਰਕੇ ਸ੍ਰੀ ਕਰਤਾਰਪੁਰ ਸਾਹਿਬ ਅਤੇ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਸਨ। ਇਮਾਨ ਸਿੰਘ ਮਾਨ ਨੇ ਉਦਾਹਰਨ ਦਿੰਦਿਆਂ ਕਿਹਾ ਕਿ “ਤਿੱਬਤ ਵਿਚ ਹਿੰਦੂਆਂ ਦਾ ਸੋਮ ਮੰਦਰ ਸਥਿਤ ਹੈ, ਜਿਸ ਦੇ ਦਰਸ਼ਨਾਂ ਲਈ ਭਾਰਤੀ ਹਿੰਦੂ ਚੀਨ ਰਾਹੀਂ ਜਾਂਦੇ ਹਨ, ਜਦਕਿ ਚੀਨ ਪਾਕਿਸਤਾਨ ਦਾ ਸਿੱਧਾ ਸਾਥੀ ਹੈ।” ਉਨ੍ਹਾਂ ਦਲੀਲ ਦਿੱਤੀ ਕਿ ਜਿਵੇਂ ਹਿੰਦੂਆਂ ਨੂੰ ਆਪਣੀਆਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਦੀ ਆਜ਼ਾਦੀ ਮਿਲੀ ਹੋਈ ਹੈ, ਉਸੇ ਤਰ੍ਹਾਂ ਸਿੱਖਾਂ ਨੂੰ ਵੀ ਇਹ ਅਧਿਕਾਰ ਮਿਲਣਾ ਚਾਹੀਦਾ ਹੈ।
ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪਾਕਿਸਤਾਨ ਜਾਣ ਵਾਲੇ ਸਿੱਖਾਂ ਨੂੰ ਆਧਾਰ ਕਾਰਡ ‘ਤੇ ਵੀਜ਼ਾ ਜਾਰੀ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਹਰ ਇੱਕ ਸ਼ਰਧਾਲੂ ਆਪਣੇ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਸਕੇ। ਇਸ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਕੇਂਦਰ ਸਰਕਾਰ ਨੂੰ ਸਿੱਧਾ ਸੱਦਾ ਦਿੱਤਾ ਗਿਆ ਹੈ ਕਿ ਧਾਰਮਿਕ ਆਗੂਆਂ ਅਤੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਸਨਮਾਨ ਦਿੰਦਿਆਂ ਲਾਂਘੇ ਨੂੰ ਤੁਰੰਤ ਖੋਲ੍ਹਿਆ ਜਾਵੇ ਅਤੇ ਵਪਾਰਕ ਰਾਹੀਂ ਚੱਲ ਰਹੀ ਪਾਬੰਦੀ ਨੂੰ ਹਟਾਇਆ ਜਾਵੇ। ਉਨਾਂ ਨੇ ਵਪਾਰਕ ਸਾਂਝ ਦੀ ਮੰਗ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਪਾਕਿਸਤਾਨ ਦੇ ਨਾਲ ਵਪਾਰਕ ਸਾਂਝ ਨਾਲ ਪੰਜਾਬ ਦੀ ਆਰਥਿਕ ਹਾਲਾਤ ਸੁਧਰ ਸਕਦੇ ਹਨ ਉਹਨਾਂ ਨੇ ਕਿਹਾ ਇਹ ਸਬੰਧੀ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋ ਕੇ ਮੰਗ ਕਰਨ ਦੀ ਲੋੜ ਹੈ ।



