ਭਾਰਤ ਤੇ ਕਨੇਡਾ ਦਰਮਿਆਨ ਮੁੜ ਸਦਭਾਵੀ ਰਿਸ਼ਤਿਆਂ ਦੀ ਬਹਾਲੀ ਸੁਆਗਤਯੋਗ- ਧਾਲੀਵਾਲ ਦੁਵੱਲੇ ਸੰਬੰਧ ਸਦਭਾਵੀ ਹੋਣ ਨਾਲ ਭਾਰਤ ਤੇ ਕਨੇਡਾ ਦੇਸ਼ਾਂ ਦਾ ਹੋਵੇਗਾ ਅਰਥਚਾਰਾ ਮਜ਼ਬੂਤ

ਅੱਜ ਇਥੇ ਹਲਕਾ ਵਿਧਾਇਕ ਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਵਲੋਂ ਆਪਣੇ ਮੁੱਖ ਦਫਤਰ ਵਿਖੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਸੁਨਣ ਤੇ ਹੱਲ ਕਰਵਾਉਣ ਲਈ ਸਬ ਡਵੀਜ਼ਨਲ ਪੱਧਰੀ ਸਿਵਲ ਤੇ ਪੁਲੀਸ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਹਾਜਰੀ ਯਕੀਨੀ ਬਣਾ ਕੇ ਖੁੱਲ੍ਹਾ ਜਨਤਾ ਦਰਬਾਰ ਲਗਾਇਆ , ਜਿਸ ਦੌਰਾਨ ਦਰਜਨਾਂ ਪ੍ਰਭਾਵਿਤ ਲੋਕਾਂ ਦੀਆਂ ਪੁਲੀਸ, ਪੰਚਾਇਤੀ ਰਾਜ, ਪਾਵਰਕਾਮ ਆਦਿ ਵਿਭਾਗਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਮੌਕੇ ਤੇ ਹੱਲ ਕਰਵਾ ਕੇ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਈ। ਉਪਰੰਤ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਧਾਲੀਵਾਲ ਨੇ ਭਾਰਤ ਤੇ ਕਨੇਡਾ ਵਲੋਂ ਦੂਰ ਅੰਦੇਸ਼ ਕੂਟਨੀਤੀ ਤਹਿਤ ਆਪਸੀ ਸੰਬੰਧਾਂ ਨੂੰ ਮੁੜ ਬਹਾਲ ਕਰਕੇ ਹਾਈ ਕਮਿਸ਼ਨਰਾਂ ਦੀ ਤੁਰੰਤ ਬਹਾਲੀ ਲਈ ਲਏ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਭਾਰਤ ਤੇ ਕਨੇਡਾ ਦਰਮਿਆਨ ਆਪਸੀ ਦੁਵੱਲੇ ਸੰਬੰਧ ਸਦਭਾਵੀ ਹੋਣ ਨਾਲ ਦੋਹਾਂ ਦੇਸ਼ਾਂ ਵਿਚਕਾਰ ਅਰਬਾਂ ਰੁਪਏ ਦੇ ਹੋਣ ਵਾਲੇ ਆਪਸੀ ਵਪਾਰ ਨਾਲ ਜਿੱਥੇ ਅਰਥਚਾਰਾ ਮਜ਼ਬੂਤ ਹੋਵੇਗਾ, ਉਥੇ ਦੋਹਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਇਕ-ਦੂਜੇ ਦੇਸ਼ ਵਿੱਚ ਸੈਰ ਸਪਾਟਾ, ਪੂੰਜੀ ਨਿਵੇਸ਼ ਕਰਨ ਨਾਲ ਭਰੋਸੇਯੋਗਤਾ ਤੇ ਸੁਰੱਖਿਆ ਨੂੰ ਬੱਲ ਮਿਲੇਗਾ। ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਪੰਜਾਬ ਸ: ਧਾਲੀਵਾਲ ਨੇ ਅਮਰੀਕਾ ਦੇਸ਼ ਦੀ ਟਰੰਪ ਸਰਕਾਰ ਵਲੋਂ ਅਮਰੀਕਾ ਚੋਂ ਪ੍ਰਵਾਸੀ ਭਾਰਤੀਆਂ ਵਲੋਂ ਪੰਜਾਬ ਸਮੇਤ ਦੇਸ਼ ਦੇ ਹੋਰਨਾਂ ਹਿੱਸਿਆਂ ‘ਚ ਆਪਣੇ ਪਿੱਛੇ ਘਰ ਪਰਿਵਾਰ ਜਾਂ ਕਾਰੋਬਾਰ ਲਈ ਭੇਜੇ ਜਾਣ ਵਾਲੇ ਪੈਸਿਆਂ ਉੱਪਰ 3.5 ਫੀਸਦੀ ਟੈਕਸ ਲਗਾਉਣ ਦੇ ਲਏ ਫੈਸਲੇ ਨੂੰ ਪ੍ਰਵਾਸੀ ਭਾਰਤੀ ਨਾਗਰਿਕਾਂ ਦੀ ਗੂੜੀ ਖੁਨ ਪਸੀਨੇ ਦੀ ਕਮਾਈ ਤੇ ਬੇਲੋੜੀ ਕਟੌਤੀ ਦਾ ਆਰਥਿਕ ਕੁਹਾੜਾ ਕਰਾਰ ਦਿੱਤਾ। ਉਨ੍ਹਾਂ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਤੇ ਜ਼ੋਰ ਦਿਤਾ ਕਿ ਪ੍ਰਵਾਸੀ ਭਾਰਤੀਆਂ ਵਲੋਂ ਭਾਰਤ ‘ਚ ਆਪਣੇ ਮਾਤਾ ਪਿਤਾ ਦੀਆਂ ਦਵਾਈਆਂ, ਪਰਿਵਾਰਕ ਮੈਂਬਰਾਂ ਦੀ ਉਚੇਰੀ ਪੜਾਈ , ਨਵੇਂ ਘਰ ਉਸਾਰਣ, ਅਤੇ ਵਿਦੇਸ਼ਾਂ ‘ਚ ਜਾਣ ਸਮੇਂ ਲਏ ਗਏ ਕਰਜਿਆਂ ਦੀ ਅਦਾਇਗੀ ਲਈ ਭੇਜੀ ਜਾਣ ਵਾਲੀ ਆਪਣੀ ਕਿਰਤ ਕਮਾਈ ਤੇ ਅਮਰੀਕਾ ਦੇ ਟਰੰਪ ਪ੍ਰਸ਼ਾਸ਼ਨ ਵਲੋਂ ਠੋਸੇ ਗਏ 3.5 ਫੀਸਦੀ ਟੈਕਸ ਦੇ ਮਾਮਲੇ ਨੂੰ ਟਰੰਪ ਪ੍ਰਸ਼ਾਸ਼ਨ ਕੋਲ ਉਠਾ ਕੇ ਇਹ ਫੈਸਲਾ ਵਾਪਸ ਕਰਵਾਇਆ ਜਾਵੇ, ਕਿਉਂਕਿ ਅਮਰੀਕਾ ‘ਚ ਰਹਿਣ ਵਾਲੇ ਭਾਰਤੀਆਂ ਵਲੋਂ ਇਕੱਲੇ ਸਾਲ 2023 ‘ਚ 119 ਅਰਬ ਡਾਲਰ ਭਾਰਤ ‘ਚ ਆਪਣੇ ਘਰ ਪਰਿਵਾਰ ਨੂੰ ਭੇਜੇ ਗਏ ਸਨ, ਅਤੇ ਇਨ੍ਹਾਂ ਪੈਸਿਆਂ ਨਾਲ ਭਾਰਤੀ ਮੁਦਰਾ ਕਰੰਸੀ ਕਈ ਗੁਣਾ ਮਜਬੂਤ ਹੋਣ ਨਾਲ ਭਾਰਤ ਦੀ ਅਰਥਵਿਵਸਥਾ ਨੂੰ ਭਰਵੀਂ ਮਜ਼ਬੂਤੀ ਮਿਲੀ ਸੀ। ਇਸ ਮੌਕੇ ਤੇ ਖੁਸ਼ਪਾਲ ਸਿੰਘ ਧਾਲੀਵਾਲ, ਡੀ.ਐਸ.ਪੀ. ਅਜਨਾਲਾ ਗੁਰਵਿੰਦਰ ਸਿੰਘ ਔਲਖ, ਬੀ.ਡੀ.ਪੀ.ਓ ਅਜਨਾਲਾ ਸਿਤਾਰਾ ਸਿੰਘ ਵਿਰਕ, ਐਸ.ਐਚ.ਓ. ਅਜਨਾਲਾ ਇੰਸਪੈਕਟਰ ਮੁਖਤਿਆਰ ਸਿੰਘ, ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਨਗਰ ਪੰਚਾਇਤ ਅਜਨਾਲਾ ਪ੍ਰਧਾਨ ਭੱਟੀ ਜਸਪਾਲ ਸਿੰਘ ਢਿਲੋਂ, ਪਾਰਟੀ ਦੇ ਸ਼ਹਿਰੀ ਪ੍ਰਧਾਨ ਅਮਿਤ ਔਲ, ਬਲਾਕ ਪ੍ਰਧਾਨ ਦਵਿੰਦਰ ਸਿੰਘ ਸੋਨੂੰ ਆਦਿ ਮੌਜੂਦ ਸਨ।
ਕੈਪਸ਼ਨ: ਕੈਬਨਿਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਖੁੱਲੇ੍ਹ ਦਰਬਾਰ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਨਣ ਤੇ ਹੱਲ ਕਰਨ ਮੌਕੇ ਡੀ.ਐਸ.ਪੀ. ਗੁਰਵਿੰਦਰ ਸਿੰਘ ਔਲਖ, ਬੀਡੀਪੀਓ ਸਿਤਾਰਾ ਸਿੰਘ ਵਿਰਕ, ਪ੍ਰਧਾਨ ਭੱਟੀ ਜਸਪਾਲ ਸਿੰਘ ਢਿਲੋਂ ਸਮੇਤ ਹੋਰਾਂ ਨਾਲ।



