Breaking NewsE-Paper
Trending

ਸਰਕਾਰੀ ਸਕੂਲਾਂ ਦੇ 61 ਬੱਚਿਆਂ ਨੇ ਨੀਟ ਦੀ ਪ੍ਰੀਖਿਆ ਪਾਸ ਕੀਤੀ -ਡਿਪਟੀ ਕਮਿਸ਼ਨਰ ਸਕੂਲਾਂ ਵਿੱਚ ਬੱਚਿਆਂ ਵੱਲੋਂ ਵਰਤੇ ਜਾਂਦੇ ਪਾਣੀ ਦੀ ਹੋਵੇਗੀ ਜਾਂਚ- ਪੜ੍ਹਾਈ ਅਤੇ ਹੋਰ ਗਤੀਵਿਧੀਆਂ ਵਿੱਚ ਮੋਹਰੀ ਵਿਦਿਆਰਥੀਆਂ ਨੂੰ ਸਨਮਾਨਿਤ ਕਰਨਗੇ ਡਿਪਟੀ ਕਮਿਸ਼ਨਰ

ਸਿੱਖਿਆ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਹਾਲ ਹੀ ਵਿੱਚ ਐਲਾਨੇ ਗਏ ਨੀਟ ਦੇ ਨਤੀਜੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਪਾਸ ਹੋਏ 61 ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਵਿਭਾਗ ਦੇ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਸ਼ਾਬਾਸ਼ ਦਿੱਤੀ। ਉਹਨਾਂ ਦੱਸਿਆ ਕਿ ਇਸ ਸਾਲ ਨੀਟ ਤੋਂ ਇਲਾਵਾ ਜੇਈਈ ਦੀ ਪ੍ਰੀਖਿਆ ਵੀ ਸਰਕਾਰੀ ਸਕੂਲਾਂ ਦੇ 11 ਬੱਚਿਆਂ ਨੇ ਪਾਸ ਕੀਤੀ ਹੈ। ਉਹਨਾਂ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪੜ੍ਹਾਈ ਵਿੱਚ ਕਮਜ਼ੋਰ ਬੱਚਿਆਂ ਦੀਆਂ ਵਾਧੂ ਕਲਾਸਾਂ ਲਗਾਉਣ। ਡਿਪਟੀ ਕਮਿਸ਼ਨਰ ਨੇ ਗਰਮੀਆਂ ਦੀਆਂ ਇਹਨਾਂ ਛੁੱਟੀਆਂ ਵਿੱਚ ਸਕੂਲਾਂ ਵਿੱਚ ਲੱਗੀਆਂ ਸਾਰੀਆਂ ਪਾਣੀ ਦੀਆਂ ਟੈਂਕੀਆਂ ਸਾਫ ਕਰਨ ਦੀ ਹਦਾਇਤ ਕਰਦੇ ਕਿਹਾ ਕਿ ਛੁੱਟੀਆਂ ਤੋਂ ਤੁਰੰਤ ਬਾਅਦ ਸਕੂਲਾਂ ਦੇ ਪਾਣੀ ਦੇ ਨਮੂਨੇ ਲਏ ਜਾਣਗੇ ਅਤੇ ਯਕੀਨੀ ਬਣਾਇਆ ਜਾਵੇਗਾ ਕਿ ਬੱਚਿਆਂ ਨੂੰ ਸਾਫ ਪਾਣੀ ਮਿਲ ਰਿਹਾ ਹੈ। ਉਹਨਾਂ ਸਿੱਖਿਆ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਸਕੂਲਾਂ ਨੂੰ ਵੱਖ-ਵੱਖ ਕੰਮਾਂ ਲਈ ਮਿਲਣ ਵਾਲੀ ਗਰਾਂਟ ਕਿਸੇ ਵੀ ਹਾਲਤ ਵਿੱਚ ਬਿਨਾਂ ਵਰਤੋਂ ਤੋਂ ਵਾਪਸ ਨਹੀਂ ਜਾਣੀ ਚਾਹੀਦੀ ਅਤੇ ਇਹ ਇੱਕ-ਇੱਕ ਪੈਸਾ ਬੱਚਿਆਂ ਦੀ ਭਲਾਈ ਲਈ ਲੱਗਣਾ ਚਾਹੀਦਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਕੂਲਾਂ ਵਿੱਚ ਵਧੀਆ ਕਾਰਗੁਜ਼ਾਰੀ ਲਈ ਸਕੂਲ ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ ਅਤੇ ਅਧਿਆਪਕਾਂ ਦੇ ਨਾਲ ਨਾਲ ਸਕੂਲਾਂ ਦੀਆਂ ਰਸੋਈਆਂ ਸੰਭਾਲਦੇ ਉਨਾਂ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ ਜੋ ਕਿ ਮਿਡ ਡੇਅ ਮੀਲ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਡੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਸਰਕਾਰੀ ਸਕੂਲਾਂ ਦੇ 24 ਬੱਚਿਆਂ ਨੇ ਵੱਖ-ਵੱਖ ਖੇਡਾਂ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਜ਼ਿਲੇ ਦੀ ਨੁਮਾਇੰਦਗੀ ਕੀਤੀ ਹੈ। ਇਸ ਮੌਕੇ ਜਿਲਾ ਸਿੱਖਿਆ ਅਧਿਕਾਰੀ ਸ ਕੰਵਲਜੀਤ ਸਿੰਘ ਨੇ ਦੱਸਿਆ ਕਿ ਸਾਡੇ ਇੱਕ ਬੱਚੇ ਵਿਕਾਸ ਕੁਮਾਰ ਨੇ ਇੱਟਾਂ ਚੁੱਕਣ ਲਈ ਜੋ ਡਵਾਈਸ ਬਣਾਈ ਹੈ ਉਸ ਦੀ ਪੇਟਂਟ ਦਾ ਅਧਿਕਾਰ ਵੀ ਉਹਨਾਂ ਨੂੰ ਮਿਲਿਆ ਹੈ ਅਤੇ ਸਰਕਾਰ ਨੇ ਇਸ ਲਈ 30 ਹਜ਼ਾਰ ਰੁਪਏ ਦੀ ਨਗਦ ਰਾਸ਼ੀ ਵੀ ਉਹਨਾਂ ਨੂੰ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਬੱਚਿਆਂ ਦੀਆਂ ਇਨਾ ਪ੍ਰਾਪਤੀਆਂ ਉੱਤੇ ਖੁਸ਼ ਹੁੰਦੇ ਹੋਏ ਕਿਹਾ ਕਿ ਛੁੱਟੀਆਂ ਤੋਂ ਬਾਅਦ ਉਹ ਪੜ੍ਹਾਈ ਦੇ ਨਾਲ ਨਾਲ ਖੇਡਾਂ ਅਤੇ ਸਹਾਇਕ ਗਤੀਵਿਧੀਆਂ ਵਿੱਚੋਂ ਮੋਹਰੀ ਰਹਿ ਬੱਚਿਆਂ ਨੂੰ ਵਿਸ਼ੇਸ਼ ਤੌਰ ਉਤੇ ਮਿਲ ਕੇ ਸਨਮਾਨਿਤ ਕਰਨ ਦੀ ਖੁਸ਼ੀ ਵੀ ਲੈਣਗੇ। ਉਹਨਾਂ ਸਿੱਖਿਆ ਅਧਿਕਾਰੀਆਂ ਨੂੰ ਕਿਹਾ ਕਿ ਉਹ ਬੱਚਿਆਂ ਨੂੰ ਆਪਣੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਚਲਦੇ ਵੱਖ ਵੱਖ ਪ੍ਰੋਜੈਕਟਾਂ ਦਾ ਦੌਰਾ ਕਰਾ ਕੇ ਉਹਨਾਂ ਤੋਂ ਵੀ ਜਾਣੂ ਕਰਵਾਉਣ ਤਾਂ ਜੋ ਉਹਨਾਂ ਦੇ ਗਿਆਨ ਵਿੱਚ ਵਾਧਾ ਹੋ ਸਕੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਜੋਤੀ ਬਾਲਾ, ਜ਼ਿਲ੍ਹਾ ਸਿੱਖਿਆ ਅਧਿਕਾਰੀ ਕੰਵਲਜੀਤ ਸਿੰਘ, ਡਿਪਟੀ ਡੀਓ ਸ੍ਰੀ ਰਜੇਸ਼ ਕੁਮਾਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Kanwaljit Singh

Related Articles

Back to top button