ਭਾਈ ਰਛਪਾਲ ਸਿੰਘ (ਹੈਪੀ ) ਹੋਏ ਪੰਜ ਤੱਤਾਂ ਚ ਵਲੀਨ, ਹਜ਼ਾਰਾ ਸਿੱਖ ਸੰਗਤਾਂ ਦੀ ਮੌਜੂਦਗੀ ਵਿੱਚ ਸਿੱਖ ਰਹੂ ਰੀਤਾਂ ਅਨੁਸਾਰ ਫੁੱਲਾਂ ਤੋਂ ਵੀ ਜ਼ਿਆਦਾ ਕੋਮਲ ਬਦਨ ਅਗਨ ਭੇਟ ਕਰ ਦਿੱਤਾ ਗਿਆ – ਭਾਈ ਰਜਿੰਦਰ ਸਿੰਘ

ਅੰਮ੍ਰਿਤਸਰ 19 ਜੂਨ (ਕੰਵਲਜੀਤ ਸਿੰਘ )
ਪੰਥਕ ਹਲਕਿਆਂ ਵਿਚ ਇਹ ਖ਼ਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਗੁਰੂ ਘਰ ਦੇ ਅਨਿਨ ਸੇਵਕ ਭਾਈ ਰਛਪਾਲ ਸਿੰਘ ਹੈਪੀ ( 55) ਮੁੱਖ ਸੇਵਾਦਾਰ ਨਿੱਤਨੇਮ ਸੇਵਕ ਜੱਥਾ ਜੋ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਦੇ ਪਾਵਨ ਅਸਥਾਨ ਤੇ ਤਿੰਨ ਪਹਿਰੇ ਇਸ਼ਨਾਨ ਦੀ ਸੇਵਾ ਉਪਰੰਤ ਆਪਣੇ ਸਾਥੀਆਂ ਨਾਲ ਨਿੱਤਨੇਮ ਦੇ ਸੰਗਤ ਰੂਪੀ ਪਾਠਾਂ ਦੀ ਸੇਵਾ ਬੀਤੇ ਕਈ ਦਹਾਕਿਆਂ ਤੋਂ ਨਿਭਾ ਰਹੇ ਸਨ ਬੀਤੇ ਦਿਨ ਪਰਮਾਤਮਾ ਵੱਲੋਂ ਬਖਸ਼ੀ ਸਵਾਸਾਂ ਰੂਪੀ ਪੂੰਜੀ ਭੋਗ ਕੇ ਗੁਰੂ ਚਰਨਾਂ ਚ ਜਾ ਬਿਰਾਜੇ। ਗਾਗਰ ਦੀ ਸੇਵਾ ਨਿਭਾਉਣ ਵਾਲੇ ਭਾਈ ਸਤਨਾਮ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਭਾਈ ਰਛਪਾਲ ਸਿੰਘ ਪਿਛਲੇ ਲਗਭਗ ਛੇ ਮਹੀਨਿਆਂ ਤੋਂ ਸ਼ੂਗਰ ਦੀ ਨਾਮੁਰਾਦ ਬੀਮਾਰੀ ਨਾਲ ਜੂਝ ਰਹੇ ਸਨ । ਪਰਿਵਾਰ ਵੱਲੋਂ ਉਨ੍ਹਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨਾਮੀ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਲੇਕਿਨ ਸਿਹਤ ਵਿੱਚ ਸੁਧਾਰ ਨਾਂ ਹੁੰਦਾ ਵੇਖ ਕੇ ਐਸਕੋਰਟ ਹਸ੍ਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ। ਜਿਥੇ ਡਾਕਟਰਾਂ ਦੀ ਅਣਥੱਕ ਮਿਹਨਤ ਵੀ ਕੋਈ ਰੰਗ ਨਾ ਦਿਖਾ ਸਕੀ । ਅਤੇ ਉਹੀ ਹੋਇਆ ਜਿਸ ਦਾ ਡਰ ਸੀ। ਭਾਈ ਰਛਪਾਲ ਸਿੰਘ ਨੇ ਅੰਮ੍ਰਿਤ ਵੇਲੇ 2.30 ਵਜੇ ਆਖ਼ਰੀ ਸਾਹ ਲਏ। ਵੇਖਦਿਆਂ ਹੀ ਵੇਖਦਿਆਂ ਮਿੱਠ ਬੋਲੜੇ ਮਿਲਨਸਾਰ ਭਾਈ ਰਛਪਾਲ ਸਿੰਘ ਹੈਪੀ ਆਪਣੇ ਦੋਨੋਂ ਸਪੁੱਤਰਾਂ ਸਾਥੀਆਂ, ਦੋਸਤਾਂ ਮਿੱਤਰਾਂ ਪਰਿਵਾਰਕ ਮੈਂਬਰਾਂ ਨੂੰ ਰੋਂਦਿਆ ਕੁਰਲਾਉਂਦਿਆਂ ਛੱਡ ਕੇ ਹਮੇਸ਼ਾ ਹਮੇਸ਼ਾ ਲਈ ਸਾਥੋਂ ਵਿਛੜ ਗਏ। ਸਾਰੇ ਸ਼ਹਿਰ ਵਿੱਚ ਭਾਈ ਰਛਪਾਲ ਸਿੰਘ ਦੀ ਮੌਤ ਦੀ ਖ਼ਬਰ ਜੰਗਲ ਵਿਚ ਲੱਗੀ ਅੱਗ ਦੀ ਤਰ੍ਹਾਂ ਗਈ ਫੈਲ ਗਈ। ਲੋਕ ਵਹੀਰਾਂ ਘੱਤ ਕੇ ਉਨ੍ਹਾਂ ਦੇ ਘਰ ਪੁਜਣੇ ਸ਼ੁਰੂ ਹੋ ਗਏ।। ਫੋਨ ਦੀਆਂ ਘੰਟੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਸੀ।ਹਰ ਕੋਈ ਦੱਬਵੀਂ ਅਵਾਜ਼ ਵਿਚ ਇਕ ਦੂਜੇ ਕੋਲੋ ਸਚਾਈ ਜਾਨਣ ਲਈ ਉਤਸਕ ਸੀ। ਲੇਕਿਨ ਹੋਣੀਂ ਆਪਣਾ ਖੇਲ ਖੇਡ ਚੁੱਕੀ ਸੀ।ਚਾਟੀਵਿੰਡ ਸਥਿਤ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਦੇ ਨਜ਼ਦੀਕ ਸ਼ਮਸ਼ਾਨ ਘਾਟ ਵਿਖੇ ਬਾਅਦ ਦੁਪਹਿਰ 1 ਵਜੇ ਸਿੱਖ ਰਹੂ ਰੀਤਾਂ ਅਨੁਸਾਰ ਉਨ੍ਹਾਂ ਦੇ ਫੁੱਲਾਂ ਤੋਂ ਵੀ ਜ਼ਿਆਦਾ ਕੋਮਲ ਬਦਨ ਅਗਨ ਭੇਟ ਕਰ ਦਿੱਤਾ ਗਿਆ। ਇਸ ਮੌਕੇ ਸ਼ਹਿਰ ਦੀਆਂ ਧਾਰਮਿਕ, ਸਮਾਜਿਕ, ਰਾਜਨੀਤਕ ਆਗੂਆਂ ਤੋਂ ਇਲਾਵਾ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਵੱਖ ਵੱਖ ਸੇਵਾਵਾਂ ਨਿਭਾਉਣ ਵਾਲੇ ਹਜ਼ਾਰਾਂ ਦੀ ਗਿਣਤੀ ਵਿਚ ਗੁਰਸਿੱਖ ਵੀਰਾਂ ਤੇ ਬੀਬੀਆਂ ਤੋਂ ਇਲਾਵਾ ਇਲਾਵਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੌਂਕ ਦਰਬਾਰ ਸਾਹਿਬ ਦੇ ਸੰਮੂਹ ਮੈਂਬਰ ਪਰਿਵਾਰ ਨਾਲ ਆਪਣੇ ਦੁਖ ਦਾ ਪ੍ਰਗਟਾਵਾ ਕਰਨ ਲਈ ਪੁਜੇ ਹੋਏ ਸਨ। ਦੱਸਣਯੋਗ ਹੈ ਕਿ ਇਸ ਪਰਿਵਾਰ ਤੇ ਪਰਮਾਤਮਾ ਦੀ ਅਪਾਰ ਬਖਸ਼ਿਸ਼ ਹੈ।ਸਾਰਾ ਪਰਿਵਾਰ ਹੀ ਗੁਰੂ ਚਰਨਾਂ ਨਾਲ ਜੁੜਿਆ ਹੋਇਆ ਹੈ। ਭਾਈ ਰਛਪਾਲ ਸਿੰਘ ਹੈਪੀ ਦੇ ਵੱਡੇ ਵੀਰ ਸ੍ ਸ਼ਾਮ ਸਿੰਘ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਚੌਂਕ ਦਰਬਾਰ ਸਾਹਿਬ ਦੇ ਮੁੱਖ ਸੇਵਾਦਾਰ ਦੀ ਸੇਵਾ ਨਿਭਾ ਰਹੇ ਹਨ। ਗਾਗਰ ਦੀ ਸੇਵਾ ਨਿਭਾਉਣ ਵਾਲੇ ਭਾਈ ਸਤਨਾਮ ਸਿੰਘ ਨੇਂ ਦੱਸਿਆ ਕਿ ਸ਼ਨੀਵਾਰ ਸਵੇਰੇ 9 ਵਜ਼ੇ ਅੰਗੀਠਾ ਸੱੰਭਾਲਣ ਦੀ ਰਸਮ ਅਦਾ ਕੀਤੀ ਜਾਵੇਗੀ।



