Breaking NewsNews
Trending

ਸਾਰੰਗ ਸਿਕੰਦਰ ਨੇ ਆਪਣੇ ਪਿਤਾ ਸਰਦੂਲ ਸਿਕੰਦਰ ਨੂੰ ਸਮਰਪਿਤ ਏਆਈ- ਅਧਾਰਤ ਗੀਤ ‘ਮੀ ਐਂਡ ਹਰ’ ਆਪਣੇ 32ਵੇਂ ਜਨਮਦਿਨ ’ਤੇ ਕੀਤਾ ਰਿਲੀਜ਼

ਪ੍ਰਸਿੱਧ ਪੰਜਾਬੀ ਗਾਇਕ ਸਰਦੂਲ ਸਿਕੰਦਰ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੇ ਪੁੱਤਰ ਅਤੇ ਗਾਇਕ-ਸੰਗੀਤਕਾਰ ਸਾਰੰਗ ਸਿਕੰਦਰ ਨੇ ਆਪਣੇ 32ਵੇਂ ਜਨਮਦਿਨ ਮੌਕੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਆਪਣਾ ਨਵਾਂ ਗੀਤ ‘ਮੀ ਐਂਡ ਹਰ’ ਰਿਲੀਜ਼ ਕੀਤਾ। ਇਹ ਸਮਾਗਮ ਸਿਰਫ ਇੱਕ ਗੀਤ ਦੀ ਲਾਂਚ ਨਹੀਂ ਸੀ, ਬਲਕਿ ਇੱਕ ਵਿਰਾਸਤ ਨੂੰ ਯਾਦ ਕਰਨ, ਨਵੀਨਤਮ ਤਕਨਾਲੋਜੀ ਨੂੰ ਅਪਣਾਉਣ ਅਤੇ ਪਰਿਵਾਰਿਕ ਪਿਆਰ ਤੇ ਸੰਗੀਤ ਪ੍ਰਤੀ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਮੌਕਾ ਸੀ। ਇਸ ਮੌਕੇ ਉਨ੍ਹਾਂ ਦੀ ਮਾਂ ਅਤੇ ਸਰਦੂਲ ਸਿਕੰਦਰ ਦੀ ਪਤਨੀ ਅਮਰ ਨੂਰੀ, ਜੋ ਕਿ ਖੁਦ ਇੱਕ ਮਸ਼ਹੂਰ ਅਦਾਕਾਰਾ ਤੇ ਗਾਇਕਾ ਹਨ, ਵੀ ਹਾਜ਼ਰ ਸਨ।
‘ਮੀ ਐਂਡ ਹਰ’ ਨੂੰ ਖਾਸ ਬਣਾਉਂਦਾ ਹੈ ਇਸ ਵਿੱਚ ਵਰਤੀ ਗਈ ਏਆਈ, ਜੋ ਪੰਜਾਬੀ ਸੰਗੀਤ ਜਗਤ ਦੇ ਪਹਿਲੇ ਏਆਈ -ਅਧਾਰਤ ਗੀਤਾਂ ਵਿੱਚੋਂ ਇੱਕ ਹੈ। ਸਰੰਗ ਨੇ ਇਸ ਗੀਤ ਨੂੰ ਲਿਖਿਆ, ਤਿਆਰ ਕੀਤਾ ਅਤੇ ਗਾਇਆ ਹੈ। ਉਨ੍ਹਾਂ ਦੱਸਿਆ ਕਿ ਇਹ ਗੀਤ ਉਨ੍ਹਾਂ ਲਈ ਆਪਣੇ ਪਿਤਾ ਨਾਲ ਜੁੜੇ ਰਹਿਣ ਦਾ ਇਕ ਢੰਗ ਹੈ। ਉਨ੍ਹਾਂ ਭਾਵੁਕ ਹੋਕੇ ਕਿਹਾ, “ਇਹ ਸਿਰਫ਼ ਇਕ ਸ਼ਰਧਾਂਜਲੀ ਨਹੀਂ, ਇਹ ਮੇਰੇ ਪਿਤਾ ਨਾਲ ਗੱਲ ਕਰਨ ਵਰਗਾ ਹੈ—ਇੱਕ ਐਸਾ ਸਾਧਨ ਜਿਸ ਰਾਹੀਂ ਮੈਂ ਭਵਿੱਖ ਦੀ ਤਕਨਾਲੋਜੀ ਰਾਹੀਂ ਉਨ੍ਹਾਂ ਨਾਲ ਰਾਬਤਾ ਬਣਾਇਆ ਹੋਇਆ ਮਹਿਸੂਸ ਕਰ ਰਿਹਾ ਹਾਂ।”
ਉਨ੍ਹਾਂ ਦੇ ਪਰਿਵਾਰ ਦੀ ਸੰਗੀਤਕ ਵਿਰਾਸਤ ਵੀ ਕਾਫੀ ਉੱਤਮ ਰਹੀ ਹੈ। ਸਰੰਗ ਦੇ ਦਾਦਾ ਸਾਗਰ ਮਸਤਾਨਾ, ਜੋ ਪਟਿਆਲਾ ਘਰਾਣੇ ਦੇ ਪ੍ਰਸਿੱਧ ਤਬਲਾ ਵਾਦਕ ਸਨ, ਤਬਲੇ ਵਿੱਚ ਬਾਂਸ ਦੀਆਂ ਛੜੀਆਂ ਵਰਤਣ ਦੀ ਰੀਤ ਦੀ ਸ਼ੁਰੂਆਤ ਕਰਨ ਲਈ ਜਾਣੇ ਜਾਂਦੇ ਹਨ।
ਸਾਰੰਗ ਨੇ ਕਿਹਾ, “ਸਾਡੀ ਰਗ ਰਗ ਵਿੱਚ ਸੰਗੀਤ ਵੱਸਦਾ ਹੈ। ਪਾਪਾ ਗਾਇਆ ਕਰਦੇ ਸਨ, ਦਾਦਾ ਤਬਲਾ ਵੱਜਾਉਂਦੇ ਸਨ। ਹੁਣ ਮੈਂ ਏਆਈ ਰਾਹੀਂ ਉਸ ਰੂਹ ਨੂੰ ਅੱਜ ਦੇ ਜਹਾਨ ਵਿੱਚ ਗਵਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ।” ‘ਮੀ ਐਂਡ ਹਰ’ ਦੇ ਵੀਡੀਓ ਵਿੱਚ ਜਰਮਨ ਨਿਵਾਸੀ ਪਰਸ਼ੀਅਨ ਅਦਾਕਾਰਾ ਦਿਲਬਰ ਆਰਿਆ ਨਜ਼ਰ ਆਉਂਦੀ ਹੈ। ਇਹ ਵੀਡੀਓ ਦੁਬਈ ਅਤੇ ਭਾਰਤ ਦੇ ਕਈ ਹਿੱਸਿਆਂ ਵਿੱਚ ਫਿਲਮਾਇਆ ਗਿਆ ਹੈ। ਇਹ ਇਕ ਕਾਵਿਸ਼ਿਲਪ ਪ੍ਰੇਮ ਕਹਾਣੀ ਦੱਸਦਾ ਹੈ ਜੋ ਪੁਰਾਣੀ ਰੂਹਾਨੀਅਤ ਅਤੇ ਆਧੁਨਿਕ ਅੰਦਾਜ਼ ਨੂੰ ਬਖ਼ੂਬੀ ਮਿਲਾਂਦਾ ਹੈ।
ਇਸ ਗੀਤ ਵਿੱਚ ਸਰੰਗ ਦੇ ਛੋਟੇ ਭਰਾ ਅਲਾਪ ਸਿਕੰਦਰ ਨੇ ਵੀ ਵਿਸ਼ੇਸ਼ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਗੀਤ ਵਿੱਚ ਗਿਟਾਰ ਵਜਾਇਆ ਅਤੇ ਮਿਕਸਿੰਗ ਤੇ ਮਾਸਟਰੀ ਦਾ ਕੰਮ ਵੀ ਖ਼ੁਦ ਕੀਤਾ, ਜਿਸ ਨਾਲ ਗੀਤ ਦਾ ਧੁਨੀ ਤੱਤ ਹੋਰ ਵੀ ਸੰਵੇਦਨਸ਼ੀਲ ਅਤੇ ਆਧੁਨਿਕ ਬਣ ਗਿਆ।
ਵੀਡੀਓ ਦੀ ਸੰਕਲਪਨਾ ਰੋਬਿਨ ਕਲਸੀ ਵੱਲੋਂ ਕੀਤੀ ਗਈ ਸੀ, ਜਿਨ੍ਹਾਂ ਨੇ ਸਰੰਗ ਨੂੰ ਏਆਈ-ਅਧਾਰਤ ਸੰਗੀਤਕ ਵੀਡੀਓ ਬਣਾਉਣ ਦਾ ਵਿਚਾਰ ਦਿੱਤਾ। ਵੀਡੀਓ ਦੀ ਐਨੀਮੇਸ਼ਨ ਅਤੇ ਵੀਐਫਐਕਸ ਸਬੰਧੀ ਕੰਮ ਸਿਮਰ ਵੀਐਫਐਕਸ ਵੱਲੋਂ ਕੀਤਾ ਗਿਆ, ਜਿਨ੍ਹਾਂ ਨੇ ਇਸਨੂੰ ਵਿਜ਼ੂਅਲ ਤੌਰ ‘ਤੇ ਇੱਕ ਨਵੇਂ ਰੂਪ ਵਿੱਚ ਪੇਸ਼ ਕੀਤਾ।

Kanwaljit Singh

Related Articles

Back to top button