ਅੰਮ੍ਰਿਤਸਰ, 6 ਅਕਤੂਬਰ, 2025 (ਕੰਵਲਜੀਤ ਸਿੰਘ) ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਸ਼ੋਭਾ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ। ਇਹ ਸ਼ੋਭਾ ਯਾਤਰਾਵਾਂ ਸ਼ਹਿਰ ਦੇ ਵੱਖ ਵੱਖ ਬਾਜਾਰਾਂ ਵਿੱਚੋਂ ਨਿਕਲਦੀਆਂ ਹਨ ਜਿਸ ਦੇ ਮੱਦੇ ਨਜ਼ਰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਡਾ. ਅਜੈ ਗੁਪਤਾ, ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਅਤੇ ਪੰਜਾਬ ਐਸਸੀ ਲੈਂਡ ਡਿਵੈਲਪਮੈਂਟ ਐਂਡ ਫਾਈਨੈਂਸ ਕਾਰਪੋਰੇਸ਼ਨ ਦੇ ਡਾਇਰੈਕਟਰ ਰਵਿੰਦਰ ਹੰਸ ਨੇ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ 'ਤੇ ਹੋਣ ਵਾਲੀ ਸ਼ੋਭਾ ਯਾਤਰਾ ਲਈ ਰੂਟਾਂ ਦੀ ਸਫਾਈ ਦੀ ਨਿਗਰਾਨੀ ਕੀਤੀ। ਇਸ ਮੌਕੇ 'ਤੇ ਵਿਧਾਇਕ ਡਾ. ਗੁਪਤਾ ਅਤੇ ਮੇਅਰ ਮੋਤੀ ਭਾਟੀਆ ਨੇ ਨਗਰ ਨਿਗਮ ਦੇ ਸਿਹਤ ਅਧਿਕਾਰੀ ਡਾ. ਕਿਰਨ ਕੁਮਾਰ, ਮੁੱਖ ਸੈਨੇਟਰੀ ਇੰਸਪੈਕਟਰ, ਸੈਨੇਟਰੀ ਇੰਸਪੈਕਟਰਾਂ ਅਤੇ ਸੈਨੇਟਰੀ ਸੁਪਰਵਾਈਜ਼ਰਾਂ ਨੂੰ ਸ਼ੋਭਾ ਯਾਤਰਾ ਦੇ ਰੂਟ 'ਤੇ ਬਿਹਤਰ ਸਫਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਅਪੀਲ ਕੀਤੀ ਕਿ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਉਨ੍ਹਾਂ ਖੇਤਰਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਜਿੱਥੇ ਧਾਰਮਿਕ ਪ੍ਰੋਗਰਾਮ ਅਤੇ ਨਗਰ ਕੀਰਤਨ ਹੋਣੇ ਹਨ।