ਸਪੈਸ਼ਲ ਸੈਲ ਅੰਮ੍ਰਿਤਸਰ ਦਿਹਾਤੀ ਵੱਲੋਂ ਵੱਡੀ ਕਾਰਵਾਈ — 03 ਪਿਸਟਲ, 10 ਜਿੰਦਾ ਰੌਂਦ ਤੇ ਬਿਨ੍ਹਾਂ ਨੰਬਰੀ ਮੋਟਰਸਾਈਕਲ ਸਮੇਤ 02 ਦੋਸ਼ੀ ਗ੍ਰਿਫ਼ਤਾਰ

ਅੰਮ੍ਰਿਤਸਰ, 9 ਅਕਤੂਬਰ (ਅਭਿਨੰਦਨ ਸਿੰਘ)
ਮਾਣਯੋਗ ਡੀ.ਜੀ.ਪੀ. ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਅਤੇ ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਸ਼੍ਰੀ ਮਨਿੰਦਰ ਸਿੰਘ (ਆਈ.ਪੀ.ਐਸ.) ਤੇ ਡੀ.ਐਸ.ਪੀ (ਡੀ) ਸ਼੍ਰੀ ਗੁਰਿੰਦਰਪਾਲ ਸਿੰਘ ਦੀ ਅਗਵਾਈ ਹੇਠ, ਸਪੈਸ਼ਲ ਸੈਲ ਦੇ ਐਸ.ਐਚ.ਓ. ਸਤਿੰਦਰ ਸਿੰਘ ਦੀ ਟੀਮ ਨੇ ਇੰਟੈਲੀਜੈਂਸ ਅਧਾਰਿਤ ਕਾਰਵਾਈ ਦੌਰਾਨ ਦੋ ਸ਼ਰਾਰਤੀ ਤੱਤਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਪ੍ਰਭਜੀਤ ਸਿੰਘ ਉਰਫ ਹੱਪਾ ਪੁੱਤਰ ਕੰਵਲਜੀਤ ਸਿੰਘ ਵਾਸੀ ਇੱਕ ਪਿੰਡ ਅਤੇ ਜਸਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਦਾਉਕੇ ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ‘ਚੋਂ 03 ਪਿਸਟਲ (.30 ਬੋਰ), 10 ਜਿੰਦੇ ਰੌਂਦ, ਇੱਕ ਮੋਬਾਈਲ ਫੋਨ ਅਤੇ ਇੱਕ ਬਿਨ੍ਹਾਂ ਨੰਬਰੀ ਮੋਟਰਸਾਈਕਲ ਬਰਾਮਦ ਕੀਤੀ ਹੈ।
ਡੀ.ਐਸ.ਪੀ (ਡੀ) ਗੁਰਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਪੈਸ਼ਲ ਸੈਲ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਹ ਦੋਵੇਂ ਦੋਸ਼ੀ ਪਾਕਿਸਤਾਨ-ਅਧਾਰਤ ਸਮੱਗਲਰਾਂ ਨਾਲ ਸਿੱਧੇ ਸੰਪਰਕ ਵਿੱਚ ਹਨ ਅਤੇ ਸੋਸ਼ਲ ਮੀਡੀਆ ਰਾਹੀਂ ਹਥਿਆਰਾਂ ਅਤੇ ਗੈਰਕਾਨੂੰਨੀ ਸਮੱਗਰੀ ਦੀ ਪ੍ਰਾਪਤੀ ਤੇ ਸਪਲਾਈ ਦਾ ਜਾਲ ਚਲਾ ਰਹੇ ਹਨ।
ਇਸ ਸੂਚਨਾ ਉੱਤੇ ਤੁਰੰਤ ਕਾਰਵਾਈ ਕਰਦਿਆਂ ਐਸ.ਐਚ.ਓ. ਸਤਿੰਦਰ ਸਿੰਘ ਦੀ ਟੀਮ ਨੇ ਇੰਟੈਲੀਜੈਂਸ-ਲੀਡ ਓਪਰੇਸ਼ਨ ਦੌਰਾਨ ਦੋਵੇਂ ਦੋਸ਼ੀਆਂ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ।
ਇਸ ਸਬੰਧੀ ਥਾਣਾ ਘਰਿੰਡਾ ਵਿੱਚ ਮੁਕੱਦਮਾ ਨੰਬਰ 312 ਮਿਤੀ 08.10.2025 ਧਾਰਾ 25(8)/54/59 ਅਸਲਾ ਐਕਟ ਅਤੇ 61(2) ਬੀ.ਐਨ.ਐਸ. ਤਹਿਤ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਗ੍ਰਿਫ਼ਤਾਰ ਦੋਸ਼ੀਆਂ ਦੇ ਫਾਰਵਰਡ ਤੇ ਬੈਕਵਰਡ ਲਿੰਕਾਂ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ ਅਤੇ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਭੂਮਿਕਾ ਸਾਹਮਣੇ ਆਉਣ ‘ਤੇ ਉਨ੍ਹਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

