ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਵੱਡੀ ਕਾਰਵਾਈ, 153 ਗੁੰਮ ਹੋਏ ਮੋਬਾਈਲ ਤੇ 117 ਚੋਰੀਸ਼ੁਦਾ ਵਾਹਨ ਬਰਾਮਦ

ਅੰਮ੍ਰਿਤਸਰ, 11 ਅਕਤੂਬਰ 2025 (ਅਭਿਨੰਦਨ ਸਿੰਘ)
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਇੱਕ ਵਾਰ ਫਿਰ ਜਨ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਸਾਬਤ ਕਰਦਿਆਂ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵੱਲੋਂ 153 ਗੁੰਮ ਹੋਏ ਮੋਬਾਈਲ ਫੋਨ ਟ੍ਰੇਸ ਕਰਕੇ ਉਨ੍ਹਾਂ ਦੇ ਅਸਲੀ ਮਾਲਕਾਂ ਨੂੰ ਸੌਂਪੇ ਗਏ ਹਨ, ਜਦੋਂਕਿ 117 ਚੋਰੀਸ਼ੁਦਾ ਵਾਹਨ ਵੀ ਬਰਾਮਦ ਕੀਤੇ ਗਏ ਹਨ।
ਇਹ ਬਰਾਮਦਗੀਆਂ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤੀਆਂ ਗਈਆਂ ਹਨ, ਜੋ ਅੰਮ੍ਰਿਤਸਰ ਪੁਲਿਸ ਦੀ ਤਕਨੀਕੀ ਕਾਬਲੀਅਤ, ਤੇਜ਼ ਕਾਰਵਾਈ ਅਤੇ ਰਾਜਾਂ ਦਰਮਿਆਨ ਸਹਿਯੋਗ ਦੀ ਪ੍ਰਤੀਕ ਹਨ।
ਪੁਲਿਸ ਨੇ ਦੱਸਿਆ ਕਿ ਥਾਣਾ ਸਾਈਬਰ ਕ੍ਰਾਈਮ ਵਿੱਚ ਦਰਜ ਸ਼ਿਕਾਇਤਾਂ ਅਤੇ CEIR ਪੋਰਟਲ ਰਾਹੀਂ ਪ੍ਰਾਪਤ ਜਾਣਕਾਰੀਆਂ ‘ਤੇ ਤੁਰੰਤ ਕਾਰਵਾਈ ਕਰਦਿਆਂ, ਤਕਨੀਕੀ ਸਾਧਨਾਂ ਅਤੇ ਡਿਜੀਟਲ ਟ੍ਰੈਕਿੰਗ ਦੀ ਮਦਦ ਨਾਲ ਇਹ ਗੁੰਮ ਮੋਬਾਈਲ ਟ੍ਰੇਸ ਕੀਤੇ ਗਏ।
ਬਰਾਮਦ ਕੀਤੇ ਗਏ ਵਾਹਨਾਂ ਵਿੱਚ 115 ਦੋ-ਪਹੀਆ ਵਾਹਨ (ਜਿਨ੍ਹਾਂ ਵਿੱਚ 23 ਐਕਟੀਵਾ ਅਤੇ 92 ਮੋਟਰਸਾਈਕਲਾਂ ਸ਼ਾਮਲ ਹਨ) ਅਤੇ 02 ਚਾਰ-ਪਹੀਆ ਵਾਹਨ, ਜਿਨ੍ਹਾਂ ਵਿੱਚ ਇੱਕ ਥਾਰ ਅਤੇ ਇੱਕ ਹੌਂਡਾ ਸਿਟੀ ਕਾਰ ਸ਼ਾਮਲ ਹੈ। ਇਹ ਸਾਰੀਆਂ ਬਰਾਮਦਗੀਆਂ ਵਾਹਨ ਚੋਰੀ ਦੇ ਖ਼ਿਲਾਫ਼ ਚਲਾਈ ਜਾ ਰਹੀ ਅੰਮ੍ਰਿਤਸਰ ਪੁਲਿਸ ਦੀ ਲਗਾਤਾਰ ਮੁਹਿੰਮ ਦਾ ਹਿੱਸਾ ਹਨ।
ਅਧਿਕਾਰੀਆਂ ਨੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਦੀ ਇਹ ਤਕਨੀਕੀ ਮੁਹਿੰਮ ਜਨਤਾ ਦਾ ਭਰੋਸਾ ਜਿੱਤਣ ਦੇ ਨਾਲ ਨਾਲ ਅਪਰਾਧਿਕ ਗਤੀਵਿਧੀਆਂ ‘ਤੇ ਰੋਕ ਲਗਾਉਣ ਵਿੱਚ ਮੀਲ ਪੱਥਰ ਸਾਬਤ ਹੋ ਰਹੀ ਹੈ।



