ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ “ਲੈਂਗਚੇਨ ਨਾਲ ਜਨਰੇਟਿਵ ਏਆਈ ਦੀ ਵਰਤੋਂ” ’ਤੇ ਦੋ-ਦਿਨ ਦੀ ਵਰਕਸ਼ਾਪ
ਅੰਮ੍ਰਿਤਸਰ, 15 ਅਕਤੂਬਰ 2025 (ਅਭਿਨੰਦਨ ਸਿੰਘ)
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਨਰਸ਼ਿਪ ਐਂਡ ਇਨੋਵੇਸ਼ਨ (ਜੀਜੇਸੀਈਆਈ) ਅਤੇ ਕੰਪਿਊਟਰ ਇੰਜਨੀਅਰਿੰਗ ਐਂਡ ਟੈਕਨਾਲੋਜੀ (ਸੀਈਟੀ) ਵਿਭਾਗ ਨੇ ਮਿਲ ਕੇ ਜੀਜੇਸੀਈਆਈ ਸੈਂਟਰ ਵਿਖੇ “ਲੈਂਗਚੇਨ ਨਾਲ ਜਨਰੇਟਿਵ ਏਆਈ ਦੀ ਵਰਤੋਂ: ਸਮਾਰਟ ਐਪਲੀਕੇਸ਼ਨਾਂ ਦਾ ਨਿਰਮਾਣ” ਵਿਸ਼ੇ ’ਤੇ ਦੋ-ਦਿਨ ਦੀ ਤਕਨੀਕੀ ਵਰਕਸ਼ਾਪ ਦਾ ਸਫਲਤਾਪੂਰਵਕ ਆਯੋਜਨ ਕੀਤਾ।
ਵਰਕਸ਼ਾਪ ਦੀ ਸ਼ੁਰੂਆਤ ਉਦਘਾਟਨੀ ਸੈਸ਼ਨ ਨਾਲ ਹੋਈ, ਜਿਸ ਵਿੱਚ ਪ੍ਰੋ. (ਡਾ.) ਸੰਦੀਪ ਸ਼ਰਮਾ ਨੇ ਮੁੱਖ ਭਾਸ਼ਣ ਦਿੱਤਾ। ਉਨ੍ਹਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੇ ਚਾਰ ਬੁਨਿਆਦੀ ਥੰਮ੍ਹਾਂ ’ਤੇ ਚਾਨਣਾ ਪਾਇਆ ਅਤੇ ਏਆਈ ਦੇ ਨੈਤਿਕ ਅਤੇ ਮਨੁੱਖ-ਕੇਂਦਰਿਤ ਪਹਿਲੂਆਂ ’ਤੇ ਜ਼ੋਰ ਦਿੰਦਿਆਂ ਭਾਗੀਦਾਰਾਂ ਨੂੰ ਜ਼ਿੰਮੇਵਾਰੀ ਨਾਲ ਨਵੀਨਤਾ ਅਪਣਾਉਣ ਲਈ ਪ੍ਰੇਰਿਤ ਕੀਤਾ। ਪ੍ਰੋ. (ਡਾ.) ਬਲਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਏਆਈ ਅਤੇ ਡਾਟਾ-ਅਧਾਰਿਤ ਫੈਸਲੇ ਲੈਣ ਦੀ ਵੱਖ-ਵੱਖ ਉਦਯੋਗਾਂ ਵਿੱਚ ਪਰਿਵਰਤਨਕਾਰੀ ਸੰਭਾਵਨਾਵਾਂ ’ਤੇ ਚਰਚਾ ਕੀਤੀ ਅਤੇ ਵਿਦਿਆਰਥੀਆਂ ਨੂੰ ਏਆਈ ਟੂਲਸ ਦੀ ਵਰਤੋਂ ਨਾਲ ਵਾਸਤਵਿਕ ਸਮੱਸਿਆਵਾਂ ਦੇ ਹੱਲ ਲਈ ਪ੍ਰੋਤਸਾਹਿਤ ਕੀਤਾ।
ਪਹਿਲੇ ਦਿਨ ਜ਼ੈਸਕੇਲਰ ਦੇ ਸਾਫਟਵੇਅਰ ਡਿਵੈਲਪਮੈਂਟ ਇੰਜਨੀਅਰ ਸ੍ਰੀ ਵੈਭਵ ਅਰੋੜਾ ਨੇ ਇੱਕ ਇੰਟਰਐਕਟਿਵ ਤਕਨੀਕੀ ਸੈਸ਼ਨ ਕਰਵਾਇਆ, ਜਿਸ ਵਿੱਚ ਉਨ੍ਹਾਂ ਨੇ ਵੱਡੇ ਭਾਸ਼ਾ ਮਾਡਲਜ਼ (ਐਲਐਲਐਮ) ਅਤੇ ਲੈਂਗਚੇਨ ਦੀ ਵਿਆਪਕ ਸਮਝ ਪਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਇਹ ਟੂਲ ਸਮਾਰਟ ਅਤੇ ਸੰਦਰਭ-ਅਧਾਰਿਤ ਐਪਲੀਕੇਸ਼ਨਾਂ ਦੇ ਵਿਕਾਸ ਨੂੰ ਕਿਵੇਂ ਬਦਲ ਰਹੇ ਹਨ, ਜਿਸ ਨੇ ਸਿਧਾਂਤਕ ਅਤੇ ਵਿਹਾਰਕ ਗਿਆਨ ਨੂੰ ਜੋੜਿਆ।
ਦੂਜੇ ਦਿਨ ਸ੍ਰੀ ਅਰੋੜਾ ਨੇ ਭਾਗੀਦਾਰਾਂ ਨੂੰ ਐਲਐਲਐਮ ਦੇ ਵੱਖ-ਵੱਖ ਮਾਡਲਜ਼ ਅਤੇ ਲੈਂਗਚੇਨ ਸੰਕਲਪਾਂ ਨੂੰ ਜੋੜਦੇ ਹੋਏ ਇੱਕ ਵੱਡੇ ਪ੍ਰੋਜੈਕਟ ਦੀ ਸਿਰਜਣਾ ਲਈ ਮਾਰਗਦਰਸ਼ਨ ਕੀਤਾ। ਭਾਗੀਦਾਰਾਂ ਨੇ ਦੋਵੇਂ ਦਿਨਾਂ ਦੇ 8-ਘੰਟਿਆਂ ਦੀਆਂ ਮੈਰਾਥਨ ਸੈਸ਼ਨਾਂ ਦੀ ਖੂਬ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਰੁਚੀਕਰ ਅਤੇ ਗਿਆਨਵਰਧਕ ਦੱਸਿਆ।
ਸਮਾਪਤੀ ਸੈਸ਼ਨ ਵਿੱਚ ਪ੍ਰੋ. (ਡਾ.) ਸੰਦੀਪ ਸ਼ਰਮਾ ਨੇ ਵਿਦਿਆਰਥੀਆਂ ਨੂੰ ਵਰਕਸ਼ਾਪ ਦੌਰਾਨ ਸਿੱਖੇ ਗਏ ਹੁਨਰ ਅਤੇ ਗਿਆਨ ਨੂੰ ਵਾਸਤਵਿਕ ਪ੍ਰੋਜੈਕਟਾਂ ਵਿੱਚ ਲਾਗੂ ਕਰਨ ਲਈ ਪ੍ਰੇਰਿਤ ਕੀਤਾ। ਜੀਜੇਸੀਈਆਈ ਦੀ ਡਿਪਟੀ ਕੋਆਰਡੀਨੇਟਰ ਡਾ. ਅਪਰਨਾ ਭਾਟੀਆ ਨੇ ਸਮਾਗਮ ਦੀ ਸਫਲਤਾ ’ਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਭਾਗੀਦਾਰਾਂ ਤੋਂ ਵਰਕਸ਼ਾਪ ਦੀ ਉਤਪਾਦਕਤਾ ਅਤੇ ਨਤੀਜਿਆਂ ’ਤੇ ਖੁੱਲ੍ਹ ਕੇ ਫੀਡਬੈਕ ਮੰਗਿਆ।
ਡਾ. ਮੁਨੀਸ਼ ਸੈਣੀ, ਵਰਕਸ਼ਾਪ ਦੇ ਕੋਆਰਡੀਨੇਟਰ ਨੇ ਸਾਰੇ ਮਹਿਮਾਨਾਂ, ਸਹਿਯੋਗੀਆਂ ਅਤੇ ਭਾਗੀਦਾਰਾਂ ਦੇ ਉਤਸ਼ਾਹਪੂਰਨ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ ਅਤੇ ਜੀਜੇਸੀਈਆਈ ਦੇ ਸਮਰਥਨ ਅਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਵਰਕਸ਼ਾਪ ਨੂੰ ਅੰਡਰਗ੍ਰੈਜੂਏਟ, ਪੋਸਟਗ੍ਰੈਜੂਏਟ ਅਤੇ ਖੋਜ ਵਿਦਿਆਰਥੀਆਂ ਤੋਂ ਸ਼ਾਨਦਾਰ ਹੁੰਗਾਰਾ ਮਿਲਿਆ, ਜਿਸ ਨੇ ਜੀਐਨਡੀਯੂ ਵੱਲੋਂ ਜਨਰੇਟਿਵ ਏਆਈ ਅਤੇ ਲੈਂਗਚੇਨ ਵਰਗੀਆਂ ਨਵੀਆਂ ਤਕਨੀਕਾਂ ਵਿੱਚ ਉੱਦਮਤਾ, ਨਵੀਨਤਾ ਅਤੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਸਫਲ ਕਦਮ ਨੂੰ ਚਿੰਨ੍ਹਿਤ ਕੀਤਾ।

