ਬਤੌਰ ਡਿਪਟੀ ਕਮਿਸ਼ਨਰ ਸੰਕਟ ਦੇ ਦਿਨਾਂ ਵਿੱਚ ਕੀਤੇ ਗਏ ਲਾਮਿਸਾਲ ਕੰਮਾਂ ਕਰਕੇ ਜਾਣੇ ਜਾਂਦੇ ਰਹਿਣਗੇ ਸਾਕਸ਼ੀ ਸਾਹਨੀ
2017 ਬੈਚ ਦੇ ਅਧਿਕਾਰੀ ਦਲਵਿੰਦਰਜੀਤ ਸਿੰਘ ਸੰਭਾਲਣਗੇ ਅੰਮ੍ਰਿਤਸਰ ਜ਼ਿਲ੍ਹੇ ਦੀ ਕਮਾਨ

ਅੰਮ੍ਰਿਤਸਰ, 22 ਅਕਤੂਬਰ 2025 (ਅਭਿਨੰਦਨ ਸਿੰਘ)
ਅੱਜ ਪੰਜਾਬ ਸਰਕਾਰ ਵੱਲੋਂ ਕੁਝ ਅਧਿਕਾਰੀਆਂ ਦੇ ਕੀਤੇ ਗਏ ਤਬਾਦਲਿਆਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਦਾ ਤਬਾਦਲਾ ਅੰਮ੍ਰਿਤਸਰ ਤੋਂ ਬਤੌਰ ਮੁੱਖ ਪ੍ਰਸ਼ਾਸਨ ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ ਕਰਕੇ ਹੋਰ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਉਨਾਂ ਦੀ ਥਾਂ 2017 ਬੈਚ ਦੇ ਆਈ ਏ ਐਸ ਅਧਿਕਾਰੀ ਸ੍ਰੀ ਦਲਵਿੰਦਰਜੀਤ ਸਿੰਘ ਲੈਣਗੇ, ਜੋ ਕਿ ਇਸ ਵੇਲੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹਨ।
ਸ੍ਰੀਮਤੀ ਸਾਹਨੀ, ਜਿੰਨਾ ਨੇ ਸਤੰਬਰ 2024 ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੀ ਜ਼ਿਮੇਵਾਰੀ ਸੰਭਾਲੀ ਸੀ, ਨੇ ਭਾਰਤ ਪਾਕਿਸਤਾਨ ਦਰਮਿਆਨ ਬੀਤੇ ਸਮੇਂ ਵਿੱਚ ਪੈਦਾ ਹੋਈ ਤਲਖ਼ੀ, ਜਦੋਂ ਅੰਮ੍ਰਿਤਸਰ ਅਪਰੇਸ਼ਨ ਸੰਧੂਰ ਤਹਿਤ ਸਰਹੱਦੀ ਜ਼ਿਲ੍ਹਾ ਹੋਣ ਕਰਕੇ ਵੱਡੇ ਖ਼ਤਰੇ ਦਾ ਸਾਹਮਣਾ ਕਰ ਰਿਹਾ ਸੀ ਅਤੇ ਹਾਲ ਹੀ ਵਿੱਚ ਆਏ ਹੜਾਂ ਦੌਰਾਨ ਜ਼ਿਲ੍ਹੇ ਦੀ ਅਗਵਾਈ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ।
ਭਾਰਤ ਪਾਕਿ ਤਨਾਅ ਦੌਰਾਨ ਉਨਾਂ ਨੇ ਜਿੱਥੇ ਰਾਤਾਂ ਨੂੰ ਜਾਗ ਕੇ ਅਤੇ ਫੌਜ ਨਾਲ ਬਿਹਤਰ ਤਾਲਮੇਲ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਸਨੀਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ, ਉੱਥੇ ਹੜਾਂ ਦੌਰਾਨ ਪ੍ਰਭਾਵਿਤ ਲੋਕਾਂ ਤੱਕ ਸਿੱਧੀ ਪਹੁੰਚ ਕਰਕੇ ਉਹਨਾਂ ਨੂੰ ਮੌਕੇ ਸਿਰ ਮਦਦ ਅਤੇ ਬਚਾਅ ਕਾਰਜ ਮੁਹੱਇਆ ਕਰਵਾਏ। ਉਹਨਾਂ ਨੇ ਖ਼ੁਦ ਕਮਾਂਡ ਸੰਭਾਲਦੇ ਹੋਏ ਸਾਰੇ ਅਧਿਕਾਰੀਆਂ ਨੂੰ ਨਾਲ ਲੈ ਕੇ ਹੜ ਪ੍ਰਭਾਵਿਤ ਪਰਿਵਾਰਾਂ ਦੀ ਇੱਕ ਪਰਿਵਾਰਕ ਮੈਂਬਰ ਵਜੋਂ ਸਾਰ ਲਈ ਕਿ ਉਸ ਦੀ ਚਰਚਾ ਦੁਨੀਆਂ ਭਰ ਦੇ ਮੀਡੀਏ ਵਿੱਚ ਹੋਈ।
ਲੋੜਵੰਦਾਂ ਦੀ ਮਦਦ ਲਈ ਹਰ ਵੇਲੇ ਤਤਪਰ ਰਹਿਣ ਵਾਲੇ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਵਿੱਚ ਕਈ ਨਵੀਆਂ ਪਿਰਤਾਂ ਪਾਈਆਂ, ਉਤਸ਼ਾਹੀ ਨੌਜਵਾਨਾਂ ਨੂੰ ਰੋਜ਼ਗਾਰ ਦਾਤੇ ਬਣਾਉਣ ਲਈ ਸ਼ੁਰੂ ਕੀਤਾ ਗਿਆ ਫਿਊਚਰ ਟਾਈਕੋਨ, ਅਗਾਂਵਧੂ ਕਿਸਾਨਾਂ ਲਈ ਕਿਸਾਨ ਹੀਰੋ ਕਾਰਡ, ਦਾਨ ਉਤਸਵ, ਗਨਤੰਤਰ ਦਿਵਸ ਮੌਕੇ ਭਲਾਈ ਦੇ ਕੰਮ ਕਰਨ ਵਾਲੇ ਟਰਾਂਸਜੈਂਡਰਾਂ ਨੂੰ ਸਨਮਾਨਿਤ ਕਰਨਾ, ਰਾਸ਼ਟਰੀ ਪ੍ਰੋਗਰਾਮਾਂ ਵਿੱਚ ਵਿਸ਼ੇਸ਼ ਲੋੜਾਂ ਵਾਲੇ ਪਿੰਗਲਵਾੜੇ ਅਤੇ ਹੋਰ ਸੰਸਥਾਵਾਂ ਦੇ ਬੱਚਿਆਂ ਦੀ ਸ਼ਮੂਲੀਅਤ ਯਕੀਨੀ ਬਣਾਉਣੀ, ਅਜਿਹੇ ਪ੍ਰੋਗਰਾਮ ਹਨ, ਜੋ ਉਨ੍ਹਾਂ ਨੇ ਜ਼ਿਲ੍ਹੇ ਵਿੱਚ ਸ਼ੁਰੂ ਕਰਵਾਏ। ਅਜਿਹੇ ਲੋਕ ਹਿਤ ਵਿੱਚ ਕੀਤੇ ਗਏ ਕੰਮਾਂ ਕਰਕੇ ਉਹ ਲੰਮੇ ਸਮੇਂ ਤੱਕ ਜ਼ਿਲ੍ਹਾ ਵਾਸੀਆਂ ਦੇ ਮਨਾਂ ਵਿੱਚ ਵਸੇ ਰਹਿਣਗੇ।
