Breaking NewsCrimeNewsPolice News
Trending

ਅੰਮ੍ਰਿਤਸਰ ਵਿੱਚ ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਦੋ ਏਕੇ-ਸੀਰੀਜ਼ ਅਸਾਲਟ ਰਾਈਫਲਾਂ, ਪਿਸਤੌਲ ਅਤੇ ਭਾਰੀ ਮਾਤਰਾ ਵਿੱਚ ਗੋਲੀ-ਸਿੱਕਾ ਬਰਾਮਦ

ਚੰਡੀਗੜ੍ਹ/ਅੰਮ੍ਰਿਤਸਰ, 4 ਨਵੰਬਰ 2025 (ਬਿਊਰੋ ਰਿਪੋਰਟ)

ਪੰਜਾਬ ਪੁਲਿਸ ਨੂੰ ਪਾਕਿਸਤਾਨ ਤੋਂ ਚੱਲ ਰਹੇ ਹਥਿਆਰ ਤਸਕਰੀ ਨੈੱਟਵਰਕ ਦੇ ਪਰਦਾਫਾਸ਼ ਵਿੱਚ ਵੱਡੀ ਸਫਲਤਾ ਮਿਲੀ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਪਿੰਡ ਘੋਨੇਵਾਲ ਵਿਖੇ ਰਾਵੀ ਦਰਿਆ ਕੋਲੋਂ ਦੋ ਏਕੇ-ਸੀਰੀਜ਼ ਅਸਾਲਟ ਰਾਈਫਲਾਂ, ਇੱਕ ਆਧੁਨਿਕ ਪਿਸਤੌਲ ਅਤੇ ਭਾਰੀ ਮਾਤਰਾ ਵਿੱਚ ਗੋਲੀ-ਸਿੱਕਾ ਬਰਾਮਦ ਕੀਤਾ ਹੈ।

ਡਾਇਰੈਕਟਰ ਜਨਰਲ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੁਲਿਸ ਦੀ ਇਸ ਫੌਰੀ ਅਤੇ ਮੁਸਤੈਦ ਕਾਰਵਾਈ ਕਾਰਨ ਵੱਡੀ ਅੱਤਵਾਦੀ ਵਾਰਦਾਤ ਟਲ ਗਈ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰਾਂ ਵਿੱਚ ਪਾਕਿਸਤਾਨ ਸਮਰਥਿਤ ਅੱਤਵਾਦੀਆਂ ਅਤੇ ਗਿਰੋਹਾਂ ਦੀਆਂ ਗਤੀਵਿਧੀਆਂ ਬਾਰੇ ਪ੍ਰਾਪਤ ਜਾਣਕਾਰੀ ਦੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ।

ਬਰਾਮਦ ਹਥਿਆਰਾਂ ਵਿੱਚ ਦੋ ਏਕੇ-ਸੀਰੀਜ਼ ਰਾਈਫਲਾਂ ਨਾਲ ਅੱਠ ਮੈਗਜ਼ੀਨ, ਇੱਕ .30 ਬੋਰ ਪਿਸਤੌਲ ਸਮੇਤ ਦੋ ਮੈਗਜ਼ੀਨ, .30 ਬੋਰ ਦੇ 50 ਜਿੰਦਾ ਕਾਰਤੂਸ ਅਤੇ 7.62 ਐਮਐਮ ਦੇ 245 ਜਿੰਦਾ ਕਾਰਤੂਸ ਸ਼ਾਮਲ ਹਨ।

ਡੀ ਆਈ ਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ ਦੱਸਿਆ ਕਿ ਪੁਖ਼ਤਾ ਸੂਚਨਾ ਅਧਾਰਿਤ ਐਸ ਐਸ ਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਘੋਨੇਵਾਲ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਦੌਰਾਨ ਰਾਵੀ ਦਰਿਆ ਨੇੜੇ ਇੱਕ ਬੈਗ ਮਿਲਿਆ ਜਿਸ ਵਿੱਚ ਇਹ ਆਧੁਨਿਕ ਹਥਿਆਰ ਅਤੇ ਗੋਲੀ-ਸਿੱਕਾ ਪਾਇਆ ਗਿਆ।

ਐਸ ਐਸ ਪੀ ਮਨਿੰਦਰ ਸਿੰਘ ਨੇ ਕਿਹਾ ਕਿ ਹਥਿਆਰਾਂ ਦੇ ਸਰੋਤ ਅਤੇ ਟਿਕਾਣਿਆਂ ਦੀ ਜਾਂਚ ਡੂੰਘਾਈ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਅੰਦਾਜ਼ਾ ਜਤਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਬਰਾਮਦਗੀਆਂ ਅਤੇ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।

ਇਸ ਸਬੰਧ ਵਿੱਚ ਪੁਲਿਸ ਸਟੇਸ਼ਨ ਰਾਮਦਾਸ ਵਿੱਚ ਆਰਮਜ਼ ਐਕਟ ਦੀ ਧਾਰਾ 25(8) ਅਤੇ ਭਾਰਤੀ ਨਿਆਇਕ ਸੰਹਿਤਾ (BNS) ਦੀ ਧਾਰਾ 113 ਤਹਿਤ ਐਫਆਈਆਰ ਨੰਬਰ 174 ਮਿਤੀ 04/11/2025 ਦਰਜ ਕਰ ਲਈ ਗਈ ਹੈ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button