ਐਂਟੀ ਗੈਂਗਸਟਰ ਓਪਰੇਸ਼ਨ ਸੈਲ ਅੰਮ੍ਰਿਤਸਰ ਵੱਲੋਂ ਵੱਡੀ ਕਾਰਵਾਈ — 201 ਗ੍ਰਾਮ ਹੈਰੋਇਨ, 2 ਗਲੌਕ ਪਿਸਤੌਲ ਅਤੇ 10 ਹਜ਼ਾਰ ਡਰੱਗ ਮਨੀ ਬਰਾਮਦ

ਅੰਮ੍ਰਿਤਸਰ, 7 ਨਵੰਬਰ 2025
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਐਂਟੀ ਗੈਂਗਸਟਰ ਓਪਰੇਸ਼ਨ ਸੈਲ ਵੱਲੋਂ ਖੁਫੀਆ ਜਾਣਕਾਰੀ ਦੇ ਅਧਾਰ ’ਤੇ ਕੀਤੀ ਗਈ ਵੱਡੀ ਕਾਰਵਾਈ ਦੌਰਾਨ 201 ਗ੍ਰਾਮ ਹੈਰੋਇਨ, ਦੋ 9MM ਗਲੌਕ ਪਿਸਤੌਲਾਂ, ਚਾਰ ਜਿੰਦੇ ਰੋਂਦ ਅਤੇ ₹10,000 ਡਰੱਗ ਮਨੀ ਬਰਾਮਦ ਕੀਤੀ ਗਈ।
ਇਸ ਕਾਰਵਾਈ ਸਬੰਧੀ ਮਨਦੀਪ ਸਿੰਘ ਉਰਫ ਮਨੀ ਪੁੱਤਰ ਸਰੂਪ ਸਿੰਘ ਵਾਸੀ ਨੇੜੇ ਵੈਟਰਨਰੀ ਹਸਪਤਾਲ ਕੱਥੂ ਨੰਗਲ, ਜ਼ਿਲ੍ਹਾ ਅੰਮ੍ਰਿਤਸਰ ਨੂੰ ਕਾਬੂ ਕੀਤਾ ਗਿਆ। ਦੋਸ਼ੀ ਦੀ ਉਮਰ ਲਗਭਗ 25 ਸਾਲ ਹੈ। ਪੁਲਿਸ ਨੇ ਮੁਕੱਦਮਾ ਨੰਬਰ 226 ਮਿਤੀ 03-11-2025 ਅਧੀਨ NDPS ਐਕਟ ਅਤੇ Arms ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਸਦਰ ਅੰਮ੍ਰਿਤਸਰ ਵਿੱਚ ਦਰਜ ਕੀਤਾ ਹੈ।
ਇਹ ਓਪਰੇਸ਼ਨ ਸ੍ਰੀ ਗੁਰਪ੍ਰੀਤ ਸਿੰਘ (IPS), ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਦੀਆਂ ਹਦਾਇਤਾਂ ਅਤੇ ਸ੍ਰੀ ਰਵਿੰਦਰ ਪਾਲ ਸਿੰਘ ਸੰਧੂ (DCP/Investigation), ਜਗਬਿੰਦਰ ਸਿੰਘ (ADCP Crime) ਅਤੇ ਸ੍ਰੀ ਹਰਮਿੰਦਰ ਸਿੰਘ ਸੰਧੂ (ACP ਡਿਟੈਕਟਿਵ) ਦੇ ਨਿਰਦੇਸ਼ਾਂ ਹੇਠ ਸਬ ਇੰਸਪੈਕਟਰ ਬਲਵਿੰਦਰ ਸਿੰਘ, ਇੰਚਾਰਜ ਐਂਟੀ ਗੈਂਗਸਟਰ ਓਪਰੇਸ਼ਨ ਸੈਲ ਅੰਮ੍ਰਿਤਸਰ ਸ਼ਹਿਰ ਦੀ ਅਗਵਾਈ ਹੇਠ ਕੀਤੀ ਗਈ।
ਪੁਲਿਸ ਪਾਰਟੀ, ਜਿਸ ਦੀ ਅਗਵਾਈ ASI ਪਰਗਟ ਸਿੰਘ ਕਰ ਰਹੇ ਸਨ, ਨੇ ਫੋਰਟਿਸ ਐਸਕੋਰਟ ਹਸਪਤਾਲ ਅੰਮ੍ਰਿਤਸਰ ਦੇ ਨੇੜੇ ਤੋਂ ਦੋਸ਼ੀ ਨੂੰ ਇੱਕ ਐਕਟਿਵਾ ਸਮੇਤ ਗ੍ਰਿਫ਼ਤਾਰ ਕੀਤਾ। ਜਾਂਚ ਦੌਰਾਨ ਦੋਸ਼ੀ ਨੇ ਇੰਕਸਾਫ਼ ਮੁਤਾਬਿਕ ₹10,000 ਡਰੱਗ ਮਨੀ ਵੀ ਬਰਾਮਦ ਕਰਵਾਈ। ਮਨਦੀਪ ਸਿੰਘ ਉਰਫ ਮਨੀ ਨੂੰ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਅਤੇ ਹੋਰ ਪੁੱਛਗਿੱਛ ਜਾਰੀ ਹੈ।
ਪੁਲਿਸ ਰਿਕਾਰਡ ਮੁਤਾਬਕ, ਦੋਸ਼ੀ ਦੇ ਖ਼ਿਲਾਫ ਪਹਿਲਾਂ ਵੀ ਮੁਕੱਦਮੇ ਦਰਜ ਹਨ — ਜਿਸ ਵਿੱਚ 2020 ਵਿੱਚ ਥਾਣਾ ਕੱਥੂ ਨੰਗਲ ਤਹਿਤ ਧਾਰਾ 326 IPC ਅਤੇ 2022 ਵਿੱਚ NDPS ਐਕਟ ਦੇ ਤਹਿਤ ਦਰਜ ਕੇਸ ਸ਼ਾਮਲ ਹਨ।
ਅਧਿਕਾਰੀਆਂ ਅਨੁਸਾਰ, ਦੋਸ਼ੀ ਤੋਂ ਹੋਰ ਬ੍ਰਾਮਦਗੀ ਹੋਣ ਦੀ ਸੰਭਾਵਨਾ ਹੈ ਅਤੇ ਇਸ ਮਾਮਲੇ ਦੀ ਜਾਂਚ ਗਹਿਰਾਈ ਨਾਲ ਜਾਰੀ ਹੈ।



