ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਪਾਕਿਸਤਾਨ-ਜੁੜੇ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਦਾ ਪਰਦਾਫਾਸ਼, 05 ਗ੍ਰਿਫ਼ਤਾਰ , 6 ਪਿਸਤੌਲ ਅਤੇ 1.10 ਕਿਲੋ ਹੈਰੋਇਨ ਬਰਾਮਦ

ਅੰਮ੍ਰਿਤਸਰ, 16 ਨਵੰਬਰ 2025 (ਅਭਿਨੰਦਨ ਸਿੰਘ)
ਖੁਫੀਆ ਸੁਚਨਾਵਾਂ ਦੇ ਅਧਾਰ ’ਤੇ ਕੀਤੀ ਗਈ ਵਿਸ਼ੇਸ਼ ਕਾਰਵਾਈ ਦੌਰਾਨ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪਾਕਿਸਤਾਨ-ਜੁੜੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੇ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਪੰਜ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਰੇਡ ਦੌਰਾਨ 6 ਆਧੁਨਿਕ ਪਿਸਤੌਲ, ਜਿਨ੍ਹਾਂ ਵਿੱਚ ਪੰਜ .30 ਬੋਰ ਅਤੇ ਇੱਕ ਗਲੋਕ 9 MM, ਅਤੇ 1 ਕਿਲੋ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਦੋਸ਼ੀ ਪਾਕਿਸਤਾਨ ਵਿੱਚ ਸਥਿਤ ਹੈਂਡਲਰਾਂ ਨਾਲ ਸੋਸ਼ਲ ਮੀਡੀਆ ਅਤੇ ਡਰੋਨ ਰਾਹੀਂ ਸੰਪਰਕ ਵਿੱਚ ਸਨ। ਇਹ ਗੈਰ-ਕਾਨੂੰਨੀ ਹਥਿਆਰਾਂ ਅਤੇ ਹੈਰੋਇਨ ਦੀ ਸਪਲਾਈ, ਡਿਲੀਵਰੀ ਅਤੇ ਵੰਡ ਦੇ ਸਾਰੇ ਤੰਦੂ ਬੰਨ੍ਹਦੇ ਸਨ ਅਤੇ ਪੰਜਾਬ ਵਿੱਚ ਨੈੱਟਵਰਕ ਚਲਾ ਰਹੇ ਸਨ।
ਇਸ ਸਬੰਧੀ ਥਾਣਾ ਛੇਹਰਟਾ ਅਤੇ ਥਾਣਾ ਛਾਉਣੀ ਵਿੱਚ ਆਰਮਜ਼ ਐਕਟ ਅਤੇ ਐਨ.ਡੀ.ਪੀ.ਐਸ. ਐਕਟ ਤਹਿਤ ਵੱਖ-ਵੱਖ ਐਫ.ਆਈ.ਆਰ ਦਰਜ ਕਰ ਲਈਆਂ ਗਈਆਂ ਹਨ। ਜਾਂਚ ਟੀਮ ਵੱਲੋਂ ਹੈਂਡਲਰਾਂ ਦੀ ਪਛਾਣ ਅਤੇ ਪੂਰੇ ਤਸਕਰੀ ਚੇਨ ਦਾ ਪਰਦਾਫਾਸ਼ ਕਰਨ ਲਈ ਅਗਲੀ ਜਾਂਚ ਸ਼ੁਰੂ ਹੋ ਚੁੱਕੀ ਹੈ।
ਪੰਜਾਬ ਪੁਲਿਸ ਨੇ ਕਿਹਾ ਹੈ ਕਿ ਸਰਹੱਦ ਪਾਰ ਤਸਕਰੀ, ਮਾਦਕ ਪਦਾਰਥਾਂ ਦੇ ਫੈਲਾਅ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਰੋਕਥਾਮ ਲਈ ਉਹ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਜਨਤਕ ਸੁਰੱਖਿਆ ਨੂੰ ਸਭ ਤੋਂ ਉੱਚੀ ਤਰਜੀਹ ਦਿੱਤੀ ਜਾ ਰਹੀ ਹੈ।
