ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਜੀ.ਐਨ.ਡੀ.ਯੂ. ਵਿੱਚ ਵਿਸ਼ੇਸ਼ ਸੈਮੀਨਾਰ 18 ਨਵੰਬਰ ਨੂੰ
ਅੰਮ੍ਰਿਤਸਰ, 18 ਨਵੰਬਰ 2025(ਅਭਿਨੰਦਨ ਸਿੰਘ)
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਮਾਣਯੋਗ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਜੀ ਦੀ ਯੋਗ ਰਹਿਨੁਮਾਈ ਹੇਠ ਪੰਜਾਬੀ ਅਧਿਐਨ ਸਕੂਲ, ਅਰਥ-ਸ਼ਾਸਤਰ ਵਿਭਾਗ ਅਤੇ ਕਾਨੂੰਨ ਵਿਭਾਗ ਵੱਲੋਂ ਸਾਂਝੇ ਤੌਰ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ “ਗੁਰੂ ਤੇਗ ਬਹਾਦਰ ਸਿਮਰੀਐ” ਵਿਸ਼ੇ ਉੱਤੇ ਇਕ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਜਾ ਰਿਹਾ ਹੈ।
ਇਹ ਸੈਮੀਨਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਸਥਿਤ ਗੁਰੂ ਗ੍ਰੰਥ ਸਾਹਿਬ ਆਡੀਟੋਰੀਅਮ ਵਿਖੇ ਸਵੇਰੇ 11 ਵਜੇ ਆਰੰਭ ਹੋਵੇਗਾ। ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਡਾ. ਮਨਜਿੰਦਰ ਸਿੰਘ (ਮੁਖੀ,ਪੰਜਾਬੀ ਅਧਿਐਨ ਸਕੂਲ) ਡਾ. ਬਲਜੀਤ ਕੌਰ(ਮੁਖੀ,ਅਰਥ-ਸ਼ਾਸਤਰ ਵਿਭਾਗ) ਅਤੇ ਡਾ. ਮੀਨੂ ਵਰਮਾ (ਮੁਖੀ,ਕਾਨੂੰਨ ਵਿਭਾਗ) ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪ੍ਰਸਿੱਧ ਵਿਦਵਾਨ ਸ. ਚਿਰੰਜੀਵ ਸਿੰਘ (ਆਈ.ਏ.ਐੱਸ) ਇਸ ਸੈਮੀਨਾਰ ਦੇ ਪ੍ਰਮੁੱਖ ਵਕਤਾ ਹੋਣਗੇ ਜਦੋਂਕਿ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਇਸ ਸੈਮੀਨਾਰ ਦੀ ਪ੍ਰਧਾਨਗੀ ਕਰਨਗੇ। ਪ੍ਰੋ. ਪਲਵਿੰਦਰ ਸਿੰਘ (ਡੀਨ ਅਕਾਦਮਿਕ ਮਾਮਲੇ) ਇਸ ਸੈਮੀਨਾਰ ਵਿਚ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਵਿਭਿੰਨ ਵਿਦਿਅਕ ਅਦਾਰਿਆਂ ਤੋਂ ਕਈ ਵਿਦਵਾਨ ਸੱਜਣ ਵੀ ਇਸ ਸੈਮੀਨਾਰ ਵਿਚ ਹਾਜ਼ਰੀ ਲਵਾਉਣਗੇ।
