ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 56ਵੇਂ ਸਥਾਪਨਾ ਦਿਵਸ (ਸੋਮਵਾਰ,24 ਨਵੰਬਰ, 2025) ਨੂੰ ਵਿਸ਼ੇਸ਼ ਤੌਰ ਸੰਪਦਕੀ ਪੇਜ਼ ਤੇ ਪ੍ਰਕਾਸ਼ਿਤ ਕਰਨ ਦੀ ਬੇਨਤੀ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 56ਵਾਂ ਸਥਾਪਨਾ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ

ਅੰਮ੍ਰਿਤਸਰ, 22 ਨਵੰਬਰ 2025 (ਅਭਿਨੰਦਨ ਸਿੰਘ)
ਅੱਜ ਜੱਦੋਂ ਸਾਰਾ ਸੰਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਉਸ ਮਹਾਨ ਸ਼ਹਾਦਤ ਦੇ 350 ਸਾਲ ਨੂੰ ਪੂਰੀ ਸ਼ਰਧਾ-ਭਾਵਨਾ ਨਾਲ ਮਨਾ ਰਿਹਾ ਹੈ ਤਾਂ ਉਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਆਪਣਾ 56ਵਾਂ ਸਥਾਪਨਾ ਦਿਵਸ ਨੌਵੇਂ ਪਾਤਸ਼ਾਹ ਜੀ ਦੇ ਅਮਰ ਸੰਦੇਸ਼;ਹਿੰਮਤ, ਸ਼ਹਾਦਤ ਅਤੇ ਮਨੁੱਖਤਾ —ਨੂੰ ਸਮਰਪਿਤ ਕਰਕੇ ਇਕ ਡੂੰਘਾ ਅਤੇ ਮਹੱਤਵਪੂਰਨ ਕਦਮ ਚੁੱਕਿਆ ਹੈ। ਪੂਰੀ ਦੁਨੀਆ ਨੂੰ ਫਿਰਕੂ ਵੰਡ, ਅਸਹਿਣਸ਼ੀਲਤਾ ਅਤੇ ਭੈ ਵਿੱਚੋਂ ਬਾਹਰ ਕੱਢਣ ਲਈ ਗੁਰੂ ਸਾਹਿਬ ਜੀ ਦੀ ਅਮਰ ਬਾਣੀ “ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ” ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਸ ਲਈ ਦੁਹਰਾਇਆ ਹੈ ਕਿ ਇਹਨਾਂ ਸੱਭ ਮਸਲਿਆਂ ਦਾ ਹੱਲ ਗੁਰੂ ਸਾਹਿਬ ਜੀ ਦੀ ਬਾਣੀ ਵਿਚ ਹੀ ਪਿਆ ਹੈ। ਸੱਚ ਦੀ ਆਵਾਜ਼ ਨੂੰ ਦਬਾਉਣ ਵਾਲੀ ਮਾਨਸਿਕਤਾ ਦਾ ਤਿਆਗ ਕਰਨਾ ਹੀ ਪਵੇਗਾ।
ਪੰਜਾਬ ਦੀ ਨੌਜਵਾਨੀ ਲਈ ਉਮੀਦ ਦੀ ਕਿਰਨ
ਅੱਜ ਪੰਜਾਬ ਦਾ ਨੌਜਵਾਨ ਬੇਰੁਜ਼ਗਾਰੀ, ਨਸ਼ਿਆਂ ਦੀ ਲਪੇਟ ਅਤੇ ਵਿਦੇਸ਼ਾਂ ਵੱਲ ਭੱਜਣ ਦੀ ਬੇਚੈਨੀ ਵਿਚ ਫਸਿਆ ਹੋਇਆ ਹੈ। ਇਸ ਮੁਸ਼ਕਲ ਦੀ ਘੜੀ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਿਡਰਤਾ ਵਾਲੇ ਆਦਰਸ਼ ਨੂੰ ਆਪਣੀ ਜ਼ਿੰਦਗੀ ਵਿਚ ਅਪਨਾਉਣ ਦਾ ਉਦੇਸ਼ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮਜ਼ਬੂਤ ਅਕਾਦਮਿਕ ਪ੍ਰੋਗਰਾਮ ਅਤੇ ਭਵਿੱਖ-ਮੁਖੀ ਯੋਜਨਾਵਾਂ ਰਾਹੀਂ ਨੌਜਵਾਨਾਂ ਵਿਚ ਆਤਮ-ਵਿਸ਼ਵਾਸ ਦੀ ਉਮੀਦ ਜਗਾਈ ਹੈ। 13 ਲੱਖ ਤੱਕ ਦੇ ਪਲੇਸਮੈਂਟ ਪੈਕੇਜ, ਆਰਟੀਫਿਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਡਾਟਾ ਸਾਇੰਸ ਅਤੇ ਸਾਈਬਰ ਸਿਕਿਉਰਿਟੀ ਵਿਚ ਮਜ਼ਬੂਤ ਕੋਰਸ, ਸਰਹੱਦੀ ਅਤੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਨੂੰ ਉੱਚੇਰੀ ਸਿਖਿਆ ਵਿਚ ਮੌਕੇ ਦੇਣਾ ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਭਵਿੱਖ ਮੁੜ ਬਣਾਉਣ ਦੀ ਕੋਸ਼ਿਸ਼ ਦਾ ਹਿੱਸਾ ਹੈ।
ਨਵੀਂ ਲੀਡਰਸ਼ਿਪ ‘ਚ ਅਕਾਦਮਿਕ ਚਮਕ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫ਼. (ਡਾ.) ਕਰਮਜੀਤ ਸਿੰਘ ਜੀ ਦੀ ਸੁਚੱਜੀ ਅਗਵਾਈ ਹੇਠ ਯੂਨੀਵਰਸਿਟੀ ਨੇ ਪਿਛਲੇ 55 ਸਾਲਾ ਦੀ ਵਿਰਾਸਤ ਨੂੰ ਅੱਗੇ ਵਧਾਇਆ ਹੈ ਉੱਥੇ ਉਹਨਾਂ ਇੱਕ ਸਾਲ ਵਿਚ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸਰਕਾਰੀ ਯੂਨੀਵਰਸਿਟੀਆਂ ਵਿੱਚੋਂ ਭਾਰਤ ਵਿੱਚ 11ਵਾਂ ਸਥਾਨ ਤੇ ਪਹੁੰਚਾ ਦਿੱਤਾ ਹੈ। ਇਸ ਸਮੇਂ ਯੂਨੀਵਰਸਿਟੀ ਦਾ ਐਚ -ਇੰਡੈਕਸ 175 ਹੋ ਗਿਆ ਹੈ. ਇਸ ਤੋਂ ਇਲਾਵਾ ਸਕੋਪਸ-ਇੰਡੈਕਸਡ ਖੋਜ ਪੇਪਰਾਂ ਵਿਚ ਵੱਡਾ ਵਾਧਾ ਹੋਇਆ ਹੈ।ਇਹ ਸਾਰੇ ਅੰਕੜੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਈਮਾਨਦਾਰੀ, ਮਿਹਨਤ ਅਤੇ ਸੇਵਾ ਦੇ ਸੰਦੇਸ਼ ਦੀ ਲਗਾਤਾਰ ਚੱਲ ਰਹੀ ਵਿਰਾਸਤ ਨੂੰ ਹੀ ਦਰਸਾਉਂਦੇ ਹਨ।
ਪੰਜਾਬ ਦੀ ਵਿਰਾਸਤ ਨੂੰ ਵਿਸ਼ਵ ਪੱਧਰ ‘ਤੇ ਲਿਜਾਣਾ
ਭਾਰਤ ਦੀ ਕਿਸੇ ਸਰਕਾਰੀ ਯੂਨੀਵਰਸਿਟੀ ਵੱਲੋਂ ਪਹਿਲੀ ਵਾਰ ਕੈਲੀਫੋਰਨੀਆ ਵਿਖੇ ਆਫਸ਼ੋਰ ਕੈਂਪਸ ਖੋਲ੍ਹਣ ਦਾ ਪ੍ਰਸਤਾਵ ਅਤੇ ਸਿੱਖ ਅਧਿਐਨ ਲਈ ਤਿੰਨ ਕਰੋੜ ਰੁਪਏ ਦੀ ਸਿੱਖ ਸਟੱਡੀ ਚੇਅਰ ਸਥਾਪਤ ਕਰਨ ਦੇ ਦੋ ਵੱਡੇ ਕਦਮ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ ਕਰਮਜੀਤ ਸਿੰਘ ਜੀ ਦੀ ਵਿਸ਼ਵ-ਪੱਧਰੀ ਪਹੁੰਚ ਨੂੰ ਦਰਸਾਉਂਦੇ ਹਨ। ਇਨ੍ਹਾਂ ਦੋਵੇਂ ਕਦਮਾਂ ਨਾਲ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਦੀਆਂ ਨਵੀਆਂ ਪੀੜ੍ਹੀਆਂ ਆਪਣੀਆਂ ਜੜ੍ਹਾਂ, ਆਪਣੀ ਰੂਹਾਨੀਅਤ ਅਤੇ ਸੱਭਿਆਚਾਰ ਨਾਲ ਮੁੜ ਜੁੜ ਸਕਣਗੀਆਂ।
ਵਿਚਾਰ-ਚਰਚਾ ਦਾ ਸੰਗਮ 24 ਨਵੰਬਰ ਨੂੰ ਹੋਣ ਵਾਲੇ 56ਵੇਂ ਸਥਾਪਨਾ ਦਿਵਸ ਸਮਾਗਮ ਵਿਚ ਡਾ. ਬ੍ਰਿਜਪਾਲ ਸਿੰਘ (ਸਾਬਕਾ ਫੈਕਲਟੀ, ਲਾਲ ਬਹਾਦੁਰ ਸ਼ਾਸਤਰੀ ਰਾਸ਼ਟਰੀ ਪ੍ਰਸ਼ਾਸਨ ਅਕਾਦਮੀ, ਮਸੂਰੀ), ਡਾ. ਕੇਹਰ ਸਿੰਘ (ਪ੍ਰਸਿੱਧ ਪੰਜਾਬੀ ਸਾਹਿਤਕ ਵਿਦਵਾਨ) ਅਤੇ ਇੰਜ. ਸੁਪਰੀਤਪਾਲ ਸਿੰਘ (ਇੰਡੋਨੇਸ਼ੀਆ) ਆਪੋ-ਆਪਣੇ ਵਿੱਦਿਅਕ ਭਾਸ਼ਣ ਰਾਹੀਂ ਯੂਨੀਵਰਸਿਟੀ ਨੂੰ ਸੇਧ ਦੇਣਗੇ ਕਿ ਯੂਨੀਵਰਸਿਟੀ ਦੇ ਲਈ ਭਵਿੱਖ ਵਿਚ ਹੋਰ ਕਿਹੜੇ ਕੰਮ ਕਰਨੇ ਬਣਦੇ ਹਨ ਜੋ ਸਿਹਤਮੰਦ ਸਮਾਜ ਸਿਰਜਣ ਲਈ ਇੱਕ ਚੰਗਾ ਮਾਹੌਲ ਪੈਂਦਾ ਕਰਕੇ ਦੇ ਸਕਣ। ਸਵੇਰੇ ਅਤੇ ਸ਼ਾਮ ਨੂੰ ਗੁਰਬਾਣੀ-ਕੀਰਤਨ ਤੋਂ ਇਲਾਵਾ ਚਿੱਤਰ-ਪ੍ਰਦਰਸ਼ਨੀ ਅਤੇ ਲੋਕ-ਕਲਾ ਪ੍ਰਦਰਸ਼ਨੀ ਨਾਲ ਵਿਦਿਆਰਥੀਆਂ ਨੂੰ ਪੰਜਾਬ ਦੀ ਰੂਹਾਨੀ ਅਤੇ ਸੱਭਿਆਚਾਰਕ ਵਿਰਾਸਤ ਨਾਲ ਜੋੜਨ ਦਾ ਉਪਰਾਲਾ ਹੋਵੇਗਾ।
ਸੰਯੁਕਤ ਰਾਸ਼ਟਰ ਨੂੰ ਵਿਸ਼ਵ-ਪੱਧਰੀ ਪ੍ਰਸਤਾਵ ਯੂਨੀਵਰਸਿਟੀ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਨੂੰ ਪੱਤਰ ਲਿਖ ਕੇ 24 ਅਕਤੂਬਰ (ਸੰਯੁਕਤ ਰਾਸ਼ਟਰ ਸਥਾਪਨਾ ਦਿਵਸ) ਨੂੰ ਵਿਸ਼ਵ ਪੱਧਰ ’ਤੇ “ਡੇ ਆਫ ਯੂਨੀਵਰਸਲ ਕਾਨਸ਼ੰਸ” (ਵਿਸ਼ਵ ਨੈਤਿਕ ਚੇਤਨਾ ਦਿਵਸ) ਵਜੋਂ ਮਨਾਉਣ ਦਾ ਪ੍ਰਸਤਾਵ ਦਿੱਤਾ ਹੈ। ਇਹ ਪ੍ਰਸਤਾਵ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਮਹਾਨ ਨੈਤਿਕ ਉਦੇਸ਼ ਨੂੰ ਸਮਰਪਿਤ ਹੈ ਅਤੇ ਸਾਰੇ ਸੰਸਾਰ ਵਿਚ ਜ਼ਮੀਰ, ਗਰੀਮਾ, ਮਨੁੱਖੀ ਆਜ਼ਾਦੀ ਅਤੇ ਪਰਸਪਰ ਸਤਿਕਾਰ ਦੀ ਸੰਸਕ੍ਰਿਤੀ ਨੂੰ ਪ੍ਰਫੁੱਲਿਤ ਕਰਨ ਦੀ ਕੋਸ਼ਿਸ਼ ਹੈ। ਅੰਮ੍ਰਿਤਸਰ ਤੋਂ ਨਿਊਯਾਰਕ ਤਕ ਇਹ ਸੰਦੇਸ਼ ਲਿਜਾਉਣਾ ਗੁਰੂ ਸਾਹਿਬ ਦੀ ਦਿੱਖਾਈ ਰਾਹ ’ਤੇ ਚੱਲਣ ਦੀ ਵਿਸ਼ਵ-ਪੱਧਰੀ ਪਹਿਲਕਦਮੀ ਹੈ।
ਚਿੰਤਨ, ਸੰਕਲਪ ਅਤੇ ਨਵੀਂ ਸ਼ੁਰੂਆਤ ਦਾ ਦਿਨ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀਆਂ, ਫੈਕਲਟੀ ਅਤੇ ਖੋਜੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਗੁਰੂ ਸਾਹਿਬ ਦੇ ਸ਼ੰਦੇਸ —ਈਮਾਨਦਾਰੀ, ਹਿੰਮਤ, ਨਿਮਰਤਾ, ਦਯਾ ਅਤੇ ਸੇਵਾ—ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਅਪਣਾਉਣ। ਇਸ ਤਰ੍ਹਾਂ 56ਵਾਂ ਸਥਾਪਨਾ ਦਿਵਸ ਸਿਰਫ਼ ਇਕ ਸਾਲਾਨਾ ਸਮਾਗਮ ਨਹੀਂ, ਸਗੋਂ ਨੌਵੇਂ ਗੁਰੂ ਦੇ ਨਿਡਰਤਾ, ਮਨੁੱਖੀ ਗਰੀਮਾ ਅਤੇ “ਸਰਬੱਤ ਦਾ ਭਲਾ” ਵਾਲੇ ਸੰਦੇਸ਼ ਨੂੰ ਸਿੱਖਿਆ ਅਤੇ ਵਿਸ਼ਵ-ਸੰਬੰਧਾਂ ਦੇ ਹਰ ਖੇਤਰ ਵਿਚ ਜਿਊਣ ਦਾ ਨਵਾਂ ਸੰਕਲਪ ਹੈ।
ਇਸ ਦਿਨ ਦੀ ਬਰਕਤ ਨਾਲ ਸਾਰੀ ਮਨੁੱਖਤਾ ਨੂੰ ਨਵੀਂ ਹਿੰਮਤ, ਡੂੰਘੀ ਸਮਝ ਅਤੇ ਸਾਰਿਆਂ ਦੇ ਭਲੇ ਦੀ ਭਾਵਨਾ ਪ੍ਰਾਪਤ ਹੋਵੇ।
