ਸਿਹਤ ਵਿਭਾਗ ਨੇ ਲੰਗਜ਼ ਕੇਅਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਇੱਕ ਦਿਨ ਦੀ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ
ਸਰਦੀਆਂ ਦੇ ਮੌਸਮ ਵਿੱਚ ਸਾਹ ਸੰਬੰਧੀ ਬਿਮਾਰੀਆਂ ਤੋਂ ਬਚਾਅ ਲਈ ਬਜ਼ੁਰਗਾਂ ਅਤੇ ਛੋਟੇ ਬੱਚਿਆਂ ਦਾ ਖ਼ਾਸ ਧਿਆਨ ਰੱਖੋ: ਡਾ. ਰਾਜਿੰਦਰ ਪਾਲ ਕੌਰ

ਅੰਮ੍ਰਿਤਸਰ,17 ਦਸੰਬਰ 2025
ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ, ਸਿਵਲ ਸਰਜਨ ਡਾ. ਸਤਿੰਦਰਜੀਤ ਸਿੰਘ ਬਜਾਜ ਦੀ ਗਾਈਡੈਂਸ ਹੇਠ ਅਤੇ ਅਸਿਸਟੈਂਟ ਸਿਵਲ ਸਰਜਨ ਡਾ. ਰਾਜਿੰਦਰ ਪਾਲ ਕੌਰ ਦੀ ਅਗਵਾਈ ਵਿੱਚ ਲੰਗਜ਼ ਕੇਅਰ ਫਾਊਂਡੇਸ਼ਨ ਵੱਲੋਂ ਇੱਕ ਵਿਸ਼ੇਸ਼ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਸਟੇਟ ਪ੍ਰੋਜੈਕਟ ਕੋਆਰਡੀਨੇਟਰ ਡਾ. ਸੋਨਾਲੀ ਵੋਹਰਾ, ਡਾ. ਸ਼ਿਵਾਨੀ ਸੂਦ ਅਤੇ ਡਾ. ਰਾਹੁਲ ਅਰੋੜਾ ਨੇ ਜ਼ਿਲ੍ਹੇ ਦੇ ਸਾਰੇ ਮੈਡੀਕਲ ਅਤੇ ਪੈਰਾਮੈਡੀਕਲ ਸਟਾਫ਼ ਨੂੰ ਸਾਹ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਤੋਂ ਬਚਾਅ ਅਤੇ ਇਲਾਜ ਬਾਰੇ ਟ੍ਰੇਨਿੰਗ ਦਿੱਤੀ।
ਇਸ ਮੌਕੇ ਅਸਿਸਟੈਂਟ ਸਿਵਲ ਸਰਜਨ ਡਾ. ਰਾਜਿੰਦਰ ਪਾਲ ਕੌਰ ਨੇ ਕਿਹਾ ਕਿ ਸਰਦੀਆਂ ਦੇ ਮੌਸਮ ਵਿੱਚ ਸਾਹ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਤੋਂ ਬਚਣ ਲਈ ਬਜ਼ੁਰਗਾਂ ਅਤੇ ਛੋਟੇ ਬੱਚਿਆਂ ਦਾ ਖ਼ਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰਦੂਸ਼ਿਤ ਹਵਾ ਇੱਕ ਨੇਸ਼ਨਲ ਹੈਲਥ ਐਮਰਜੈਂਸੀ ਬਣਦੀ ਜਾ ਰਹੀ ਹੈ, ਜੋ ਜਾਨ ਲਈ ਘਾਤਕ ਸਾਬਤ ਹੋ ਰਹੀ ਹੈ। ਫੈਕਟਰੀਆਂ, ਮੋਟਰ ਗੱਡੀਆਂ, ਇੰਧਨ ਅਤੇ ਪਰਾਲੀ ਸਾੜਨ ਨਾਲ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ। ਹਵਾ ਪ੍ਰਦੂਸ਼ਣ ਨਾਲ ਕਈ ਹਾਨੀਕਾਰਕ ਗੈਸਾਂ ਪੈਦਾ ਹੁੰਦੀਆਂ ਹਨ, ਜਿਨ੍ਹਾਂ ਵਿੱਚ ਕਾਰਬਨ ਡਾਈਆਕਸਾਈਡ, ਸਲਫ਼ਰ ਆਕਸਾਈਡ, ਨਾਈਟ੍ਰੋਜਨ ਆਕਸਾਈਡ, ਕਾਰਬਨ ਮੋਨੋਆਕਸਾਈਡ, ਅਮੋਨੀਆ ਆਦਿ ਸ਼ਾਮਲ ਹਨ।
ਇਹ ਖ਼ਤਰਨਾਕ ਗੈਸਾਂ ਵਾਯੂਮੰਡਲ ਵਿੱਚ ਫੈਲ ਰਹੀਆਂ ਹਨ, ਜਿਸ ਨਾਲ ਓਜ਼ੋਨ ਪਰਤ ਵਿੱਚ ਛੇਦ ਪੈ ਰਹੇ ਹਨ ਅਤੇ ਭਾਰਤ ਦੇ ਕਈ ਰਾਜਾਂ ਦਾ ਏਅਰ ਕਵਾਲਟੀ ਇੰਡੈਕਸ ਦਿਨੋਂ-ਦਿਨ ਘਟਦਾ ਜਾ ਰਿਹਾ ਹੈ। ਪੰਜਾਬ ਵਿੱਚ ਪਰਾਲੀ ਸਾੜਨਾ ਇੱਕ ਵੱਡੀ ਸਿਹਤ ਸਮੱਸਿਆ ਬਣਦਾ ਜਾ ਰਿਹਾ ਹੈ। ਇਨ੍ਹਾਂ ਹਾਨੀਕਾਰਕ ਗੈਸਾਂ ਦਾ ਸਭ ਤੋਂ ਵੱਧ ਮਾੜਾ ਅਸਰ ਗਰਭਵਤੀ ਮਾਵਾਂ, ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ’ਤੇ ਪੈਂਦਾ ਹੈ।
ਇਸੇ ਲਈ ਲੰਗਜ਼ ਕੇਅਰ ਫਾਊਂਡੇਸ਼ਨ ਨੇ ਭਾਰਤ ਵਿੱਚ ਲਗਭਗ 2.8 ਮਿਲੀਅਨ ਫੇਫੜਿਆਂ ਨੂੰ ਬਚਾਉਣ ਵਿੱਚ ਮਦਦ ਕਰਨ ਦਾ ਲਕਸ਼ ਰੱਖਿਆ ਹੈ। ਇਸ ਸਬੰਧ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਮੈਡੀਕਲ ਅਧਿਕਾਰੀਆਂ ਨੂੰ ਟ੍ਰੇਨਿੰਗ ਦੇ ਕੇ ਉਨ੍ਹਾਂ ਨੂੰ ਪਹਿਲਾਂ ਹੀ ਮਾਸਟਰ ਟ੍ਰੇਨਰ ਬਣਾਇਆ ਜਾ ਚੁੱਕਾ ਹੈ। ਇਹ ਮਾਸਟਰ ਟ੍ਰੇਨਰ ਅੱਗੇ ਵਧ ਕੇ ਆਪਣੇ-ਆਪਣੇ ਬਲਾਕਾਂ ਵਿੱਚ ਆਮ ਲੋਕਾਂ ਅਤੇ ਖ਼ਾਸ ਕਰਕੇ ਪੈਰਾਮੈਡੀਕਲ ਸਟਾਫ਼ ਨੂੰ ਜਾਗਰੂਕ ਕਰ ਰਹੇ ਹਨ। ਇਸ ਦੌਰਾਨ ਸੀਨੀਅਰ ਮੈਡੀਕਲ ਅਧਿਕਾਰੀ ਡਾ. ਭਾਰਤੀ ਧਵਨ, ਜ਼ਿਲ੍ਹਾ ਐਮਈਆਈਓ ਅਮਰਦੀਪ ਸਿੰਘ ਅਤੇ ਸਾਰੇ ਮੈਡੀਕਲ ਤੇ ਪੈਰਾਮੈਡੀਕਲ ਸਟਾਫ਼ ਮੌਜੂਦ ਸਨ।


