Breaking NewsNews
Trending

ਲੋਪੋਕੇ ਸਿਵਲ ਹਸਪਤਾਲ ’ਚ 35 ਸਾਲਾ ਨੌਜਵਾਨ ਨੇ ਫਾਹਾ ਲਿਆ, ਪਰਿਵਾਰ ਵੱਲੋਂ ਡਾਕਟਰਾਂ ’ਤੇ ਗੰਭੀਰ ਲਾਪਰਵਾਹੀ ਦੇ ਦੋਸ਼

ਅੰਮ੍ਰਿਤਸਰ, 17 ਜਨਵਰੀ 2025

ਲੋਪੋਕੇ ਪਿੰਡ ਸਥਿਤ ਸਿਵਲ ਹਸਪਤਾਲ ਦੀ ਕਾਰਗੁਜ਼ਾਰੀ ਉਸ ਸਮੇਂ ਗੰਭੀਰ ਸਵਾਲਾਂ ਦੇ ਘੇਰੇ ’ਚ ਆ ਗਈ, ਜਦੋਂ ਇੱਥੇ ਇਲਾਜ ਲਈ ਆਏ 35 ਸਾਲਾ ਨੌਜਵਾਨ ਦੀ ਲਾਸ਼ ਹਸਪਤਾਲ ਕੈਂਪਸ ਅੰਦਰ ਪਾਣੀ ਦੀ ਟੈਂਕੀ ਨਾਲ ਫਾਹਾ ਲੱਗੀ ਮਿਲੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ’ਤੇ ਭਾਰੀ ਲਾਪਰਵਾਹੀ, ਅਣਮਨੁੱਖੀ ਵਰਤਾਓ ਅਤੇ ਆਤਮਹਤਿਆ ਲਈ ਮਜਬੂਰ ਕਰਨ ਦੇ ਦੋਸ਼ ਲਗਾਏ ਹਨ। ਇਸਦੇ ਨਾਲ ਹੀ ਪਰਿਵਾਰ ਨੇ ਪੁਲਿਸ ਦੀ ਭੂਮਿਕਾ ’ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਹੈ।

ਮ੍ਰਿਤਕ ਦੀ ਪਛਾਣ ਵਿਨੋਦ ਕੁਮਾਰ ਪੁੱਤਰ ਸਵ. ਸਰਵਣ ਕੁਮਾਰ, ਵਾਸੀ ਪਿੰਡ ਚੁਗਾਵਾਂ ਵਜੋਂ ਹੋਈ ਹੈ। ਇਹ ਘਟਨਾ ਲੋਹੜੀ ਵਾਲੇ ਦਿਨ 13 ਜਨਵਰੀ ਨੂੰ ਵਾਪਰੀ। ਪਰਿਵਾਰ ਅਨੁਸਾਰ ਵਿਨੋਦ ਨੂੰ ਸਵੇਰੇ ਕਰੀਬ 10 ਵਜੇ ਸਾਹ ਲੈਣ ਵਿੱਚ ਗੰਭੀਰ ਦਿੱਕਤ ਹੋਣ ਕਾਰਨ ਸਰਕਾਰੀ ਹਸਪਤਾਲ ਲੋਪੋਕੇ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਦੋ ਘੰਟਿਆਂ ਤੋਂ ਵੱਧ ਸਮਾਂ ਲੰਘਣ ਬਾਵਜੂਦ ਨਾ ਤਾਂ ਉਸਦਾ ਢੰਗ ਨਾਲ ਇਲਾਜ ਕੀਤਾ ਗਿਆ ਅਤੇ ਨਾ ਹੀ ਉਸਨੂੰ ਅੰਮ੍ਰਿਤਸਰ ਦੇ ਕਿਸੇ ਵੱਡੇ ਹਸਪਤਾਲ ਲਈ ਰੈਫਰ ਕੀਤਾ ਗਿਆ।

ਮ੍ਰਿਤਕ ਦੇ ਵੱਡੇ ਭਰਾ ਪਰਵੀਨ ਕੁਮਾਰ, ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਡਾਇਰੈਕਟਰ ਪਬਲਿਕ ਰਿਲੇਸ਼ਨਜ਼ ਹਨ, ਨੇ ਦੱਸਿਆ ਕਿ ਕਰੀਬ ਦੁਪਹਿਰ 11.54 ਵਜੇ ਉਸਨੂੰ ਆਪਣੇ ਭਰਾ ਦਾ ਫੋਨ ਆਇਆ। ਫੋਨ ’ਤੇ ਵਿਨੋਦ ਰੋ ਪਿਆ ਅਤੇ ਕਹਿਣ ਲੱਗਾ ਕਿ ਦੋ ਘੰਟਿਆਂ ਤੋਂ ਵੱਧ ਸਮੇਂ ਤੋਂ ਐਮਰਜੈਂਸੀ ਵਿੱਚ ਪਿਆ ਹੋਣ ਦੇ ਬਾਵਜੂਦ ਕੋਈ ਡਾਕਟਰੀ ਸਹਾਇਤਾ ਨਹੀਂ ਮਿਲੀ। ਪਰਵੀਨ ਕੁਮਾਰ ਦਾ ਦਾਅਵਾ ਹੈ ਕਿ ਫੋਨ ਦੌਰਾਨ ਉਸਨੂੰ ਹਸਪਤਾਲ ਸਟਾਫ ਵੱਲੋਂ ਵਿਨੋਦ ਨਾਲ ਬਦਸਲੂਕੀ, ਧਮਕੀਆਂ ਅਤੇ ਗਾਲੀ-ਗਲੋਚ ਦੀਆਂ ਆਵਾਜ਼ਾਂ ਵੀ ਸੁਣਾਈ ਦੇ ਰਹੀਆਂ ਸਨ।ਪਰਿਵਾਰ ਦਾ ਦੋਸ਼ ਹੈ ਕਿ ਵਿਨੋਦ ਨੂੰ ਬਿਨਾਂ ਦੇਖਭਾਲ ਦੇ ਛੱਡਿਆ ਗਿਆ, ਉਸਨੂੰ ਹਸਪਤਾਲ ਛੱਡ ਕੇ ਜਾਣ ਲਈ ਕਿਹਾ ਗਿਆ ਅਤੇ ਅਪਮਾਨਜਨਕ ਵਿਵਹਾਰ ਕੀਤਾ ਗਿਆ, ਜਿਸ ਨਾਲ ਉਹ ਮਾਨਸਿਕ ਤੌਰ ’ਤੇ ਪੂਰੀ ਤਰ੍ਹਾਂ ਟੁੱਟ ਗਿਆ। ਆਖ਼ਰਕਾਰ ਦਰਦ, ਬੇਬਸੀ ਅਤੇ ਨਿਰਾਸ਼ਾ ਨਾਲ ਘਿਰ ਕੇ ਵਿਨੋਦ ਨੇ ਹਸਪਤਾਲ ਦੇ ਅੰਦਰ ਪਾਣੀ ਦੀ ਟੈਂਕੀ ਦੀ ਗਰਿਲ ਨਾਲ ਫਾਹਾ ਲੈ ਕੇ ਆਤਮਹਤਿਆ ਕਰ ਲਈ।

ਦੱਸਿਆ ਗਿਆ ਹੈ ਕਿ ਮੌਤ ਤੋਂ ਕੁਝ ਮਿੰਟ ਪਹਿਲਾਂ ਵੀ ਉਸਨੇ ਆਪਣੇ ਭਰਾ ਨਾਲ ਕਰੀਬ ਤਿੰਨ ਮਿੰਟ ਗੱਲ ਕਰਕੇ ਆਪਣੀ ਪੀੜਾ ਬਿਆਨ ਕੀਤੀ ਸੀ।ਵਿਨੋਦ ਕੁਮਾਰ ਦਾ ਪੋਸਟਮਾਰਟਮ 14 ਜਨਵਰੀ ਨੂੰ ਕੀਤਾ ਗਿਆ, ਜਿਸ ਤੋਂ ਬਾਅਦ ਦੁਰਗਿਆਨਾ ਮੰਦਰ ਨੇੜੇ ਸਥਿਤ ਸ਼ਿਵ ਪੁਰੀ ਸ਼ਮਸ਼ਾਨ ਘਾਟ ’ਚ ਅੰਤਿਮ ਸੰਸਕਾਰ ਕੀਤਾ ਗਿਆ।ਪਰਵੀਨ ਕੁਮਾਰ ਨੇ ਐੱਸਐੱਸਪੀ (ਅੰਮ੍ਰਿਤਸਰ ਦਿਹਾਤੀ) ਸੁਹੇਲ ਮੀਰ ਨੂੰ ਵਿਸਥਾਰਪੂਰਕ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਡਾਕਟਰਾਂ, ਹਸਪਤਾਲ ਸਟਾਫ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਆਤਮਹਤਿਆ ਲਈ ਉਕਸਾਉਣ, ਅਪਰਾਧਿਕ ਲਾਪਰਵਾਹੀ ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਇਲਾਜ ਅਤੇ ਮਨੁੱਖੀ ਸਲੂਕ ਮਿਲਦਾ ਤਾਂ ਉਨ੍ਹਾਂ ਦੇ ਭਰਾ ਦੀ ਜਾਨ ਬਚ ਸਕਦੀ ਸੀ।
ਪਰਿਵਾਰ ਵੱਲੋਂ ਪੁਲਿਸ ਨੂੰ ਫੋਨ ਕਾਲ ਦੀਆਂ ਆਡੀਓ ਰਿਕਾਰਡਿੰਗਾਂ, ਲਾਸ਼ ਰਸੀਦ ਅਤੇ ਸ਼ਮਸ਼ਾਨ ਘਾਟ ਦੇ ਦਸਤਾਵੇਜ਼ ਵੀ ਸੌਂਪੇ ਗਏ ਹਨ, ਪਰ ਹੁਣ ਤੱਕ ਕੋਈ ਠੋਸ ਕਾਰਵਾਈ ਨਾ ਹੋਣ ’ਤੇ ਪਰਿਵਾਰ ਨੇ ਗਹਿਰੀ ਨਾਰਾਜ਼ਗੀ ਜ਼ਾਹਰ ਕੀਤੀ ਹੈ।ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸਾਰੇ ਪੱਖਾਂ ਦੀ ਪੜਤਾਲ ਤੋਂ ਬਾਅਦ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button