ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਡਾ. ਮਨਮੋਹਨ ਸਿੰਘ ਨਾਲ ਰੂਬਰੂ ਸਮਾਗਮ, ਯੁਵਾ ਕਵੀਆਂ ਨੇ ਕਵਿਤਾ-ਪਾਠ ਪੇਸ਼ ਕੀਤਾ
ਅੰਮ੍ਰਿਤਸਰ, 18 ਦਸੰਬਰ 2024 (ਅਭਿਨੰਦਨ ਸਿੰਘ, ਸੁਖਬੀਰ ਸਿੰਘ)
ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਸਾਹਿਤ ਅਕਾਦੇਮੀ, ਨਵੀਂ ਦਿੱਲੀ ਵੱਲੋਂ ਮਾਣਯੋਗ ਉਪ-ਕੁਲਪਤੀ ਪ੍ਰੋਫ਼ੈਸਰ ਕਰਮਜੀਤ ਸਿੰਘ ਜੀ ਦੀ ਸਰਪ੍ਰਸਤੀ ਹੇਠ ਅਤੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਦੀ ਸੁਯੋਗ ਅਗਵਾਈ ਅਧੀਨ ਪੰਜਾਬੀ ਸਾਹਿਤ ਜਗਤ ਦੀ ਨਾਮਵਰ ਸ਼ਖਸੀਅਤ ਡਾ. ਮਨਮੋਹਨ ਸਿੰਘ ਨਾਲ ਰੂਬਰੂ ਸਮਾਗਮ ਦਾ ਆਯੋਜਨ ਕੀਤਾ ਗਿਆ ।
ਇਸ ਸਮਾਗਮ ਵਿੱਚ ਡਾ. ਪਲਵਿੰਦਰ ਸਿੰਘ, ਡੀਨ ਅਕਾਦਮਿਕ ਮਾਮਲੇ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਆਰੰਭ ਵਿੱਚ ਵਿਭਾਗ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਡਾ. ਮਨਮੋਹਨ ਸਿੰਘ ਨੂੰ ਪੌਦਾ ਭੇਟ ਕਰਕੇ ਉਹਨਾਂ ਨੂੰ ਜੀ ਆਇਆ ਕਿਹਾ। ਸਵਾਗਤੀ ਸ਼ਬਦ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਨੇ ਛੋਟੀ ਉਮਰੇ ਹੀ ਸਾਹਿਤ ਸਿਰਜਣਾ ਦਾ ਕਾਰਜ ਆਰੰਭ ਕੀਤਾ। ਪ੍ਰਸ਼ਾਸਕੀ ਸੇਵਾਵਾਂ (ਆਈ.ਪੀ.ਐੱਸ) ਵਿੱਚ ਹੋਣ ਦੇ ਬਾਵਜੂਦ ਵੀ ਉਹਨਾਂ ਸਾਹਿਤਕ ਘਾਲਣਾ ਮਿਸਾਲੀ ਹੈ। ਉਹਨਾਂ ਦੀ ਜੀਵਨ-ਗਾਥਾ ਕਈ ਵਿਦਿਆਰਥੀਆਂ ਲਈ ਪ੍ਰੇਰਨਾ-ਸਰੋਤ ਦਾ ਕਾਰਜ ਕਰਦੀ ਹੈ। ਮੁੱਖ ਮਹਿਮਾਨ ਡਾ. ਪਲਵਿੰਦਰ ਸਿੰਘ ਨੇ ਕਿਹਾ ਕਿ ਮੁਕਾਬਲੇ ਦੇ ਇਸ ਯੁੱਗ ਵਿੱਚ ਯੂਨੀਵਰਸਿਟੀ ਦਾ ਪੰਜਾਬੀ ਵਿਭਾਗ ਪੰਜਾਬੀ ਭਾਸ਼ਾ ਦੀ ਸੁਹਿਰਦਤਾ ਨਾਲ ਸੇਵਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸਾਹਿਤ ਸਿਰਜਣਾ ਦੇ ਖੇਤਰ ਵਿੱਚ ਪੰਜਾਬੀ ਸਾਹਿਤ ਵੀ ਵਿਸ਼ਵ ਪੱਧਰੀ ਸਾਹਿਤ ਰਚਨਾ ਦਾ ਭਾਗੀਦਾਰ ਬਣਦਾ ਰਿਹਾ ਹੈ। ਅਜਿਹੇ ਸਮਾਗਮ ਇਸ ਚੇਤਨਾ ਨੂੰ ਜਾਗ੍ਰਿਤ ਕਰਨ ਵਿੱਚ ਮਹਤੱਵਪੂਰਨ ਭੂਮਿਕਾ ਨਿਭਾਉਂਦੇ ਹਨ।
ਇਸ ਉਪਰੰਤ ਡਾ. ਮਨਮੋਹਨ ਸਿੰਘ ਨੇ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਉਹਨਾਂ ਲਈ ਸਿਰਜਕ ਹੋਣਾ ਵੱਡੇ ਮਾਣ ਦੀ ਗੱਲ ਹੈ। ਉਹਨਾਂ ਆਪਣਾ ਜੀਵਨ ਅਨੁਭਵ ਸਾਂਝਾ ਕਰਦੇ ਹੋਏ ਕਿਹਾ ਕਿ ਸ਼ਬਦ ਸਾਧਨਾ ਦੇ ਖੇਤਰ ਵਿੱਚ ਸੰਗਤ ਦੀ ਅਹਿਮ ਭੂਮਿਕਾ ਰਹਿੰਦੀ ਹੈ। ਇਸਦੇ ਨਾਲ ਹੀ ਪਹਿਲੀ ਮੁਹੱਬਤ ਦੀ ਅਪ੍ਰਾਪਤੀ ਵੀ ਸਿਰਜਣਾ ਦੀ ਚਿਣਗ ਨੂੰ ਸੁਲਘਾਉਂਦੀ ਹੈ। ਉਹਨਾਂ ਪੰਜਾਬ ਦੇ 1984 ਦੇ ਦੁਖਾਂਤ ਨਾਲ ਸਬੰਧਤ ਕਵਿਤਾ ਸਾਂਝੀ ਕਰਦਿਆਂ ਕਿਹਾ ਕਿ ਚੇਤਨਾ ਦਾ ਵਿਕਾਸ ਮਨੁੱਖ ਨੂੰ ਆਪਣੀਆਂ ਜੜ੍ਹਾਂ ਦੇ ਹੋਰ ਨਜ਼ਦੀਕ ਲੈ ਜਾਂਦਾ ਹੈ। ਆਪਣੇ ਕਵਿਤਾ ਤੋਂ ਨਾਵਲ ਵੱਲ ਮੁੜਨ ਦੇ ਕਾਰਨਾਂ ਦਾ ਵਿਸ਼ਲੇਸ਼ਣ ਕਰਦਿਆਂ ਉਹਨਾਂ ਕਿਹਾ ਕਿ ਤਰਕ ਆਧਾਰਿਤ ਅਨੁਭਵ ਨਵੀਂ ਵਿਧਾ ਦੀ ਮੰਗ ਕਰਦਾ ਹੈ।
ਵੱਡਾ ਲੇਖਕ ਹੋਣ ਲਈ ਚਿਹਨ ਵਿਗਿਆਨ ਦੀ ਡੂੰਘੀ ਸਮਝ ਵੀ ਜ਼ਰੂਰੀ ਹੈ। ਇਸਦੇ ਮਾਧਿਅਮ ਰਾਹੀਂ ਹੀ ਸਿਰਜਕ ਕਰਤਾ-ਭਾਵ ਤੋਂ ਮੁਕਤ ਹੋ ਕੇ ਦ੍ਰਿਸ਼ਟਾ-ਭਾਵ ਧਾਰਨ ਕਰ ਸਕਦਾ ਹੈ। ਲੇਖਕ ਇਹ ਬੋਧ ਹੋਣਾ ਚਾਹੀਦਾ ਹੈ ਕਿ ਸਮਾਂ ਨਹੀਂ ਬੀਤਦਾ ਬਲਕਿ ਅਸੀਂ ਹੀ ਬੀਤ ਜਾਂਦੇ ਹਾਂ। ਇਸ ਉਪਰੰਤ ਸਾਹਿਤ ਅਕਾਦੇਮੀ, ਨਵੀਂ ਦਿੱਲੀ ਵੱਲੋਂ ਯੁਵਾ ਸਾਹਿਤੀ ਸਮਾਗਮ ਦੇ ਅੰਤਰਗਤ ਯੁਵਾ ਪੰਜਾਬੀ ਕਵੀਆਂ ਵੱਲੋਂ ਕਵਿਤਾ-ਪਾਠ ਕੀਤਾ ਗਿਆ। ਇਸ ਵਿੱਚ ਪੰਜਾਬੀ ਦੇ ਪ੍ਰਤਿਭਾਵਾਨ ਹਰਿੰਦਰ ਫ਼ਿਰਾਕ, ਗੁਰਵੀਰ ਅਤਫ਼ ਅਤੇ ਜੋਬਨਰੂਪ ਛੀਨਾ ਸ਼ਾਮਲ ਹੋਏ। ਇਹਨਾਂ ਤੋਂ ਇਲਾਵਾ ਹਰਮੀਤ ਆਰਟਿਸਟ, ਧਰਵਿੰਦਰ ਔਲਖ, ਸਰਬਜੀਤ ਸੰਧੂ , ਰਿੰਕੂ ਸਿੰਘ, ਉਮਰਬੀਰ ਅਤੇ ਪਵਨ ਕੁਮਾਰ ਨੇ ਕਲਾਮ ਪੇਸ਼ ਕੀਤਾ, ਜਿਸਦੀ ਸਰੋਤਿਆਂ ਨੇ ਖੁੱਲ੍ਹੇ ਦਿਲ ਨਾਲ ਦਾਦ ਦਿੱਤੀ। ਪ੍ਰੋਗਰਾਮ ਦੇ ਅੰਤ ਵਿੱਚ ਡਾ. ਮਨਮੋਹਨ ਸਿੰਘ ਨੇ ਆਪਣੀ ਕਵਿਤਾ ਨਾਲ ਇਸ ਮਹਿਫ਼ਿਲ ਨੂੰ ਹੋਰ ਵੀ ਖ਼ੂਬਸੂਰਤ ਬਣਾ ਦਿੱਤਾ। ਸਮੁੱਚੇ ਸਮਾਗਮ ਦਾ ਮੰਚ ਸੰਚਾਲਨ ਡਾ. ਬਲਜੀਤ ਕੌਰ ਰਿਆੜ ਨੇ ਬਾਖ਼ੂਬੀ ਕੀਤਾ।
ਪ੍ਰੋਗਰਾਮ ਦੇ ਅੰਤ ਵਿੱਚ ਡਾ. ਰਾਜਵਿੰਦਰ ਕੌਰ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਸਮੇਂ ਵਿਭਾਗ ਦੇ ਅਧਿਆਪਕਾਂ ਵਿੱਚ ਡਾ. ਜਸਪਾਲ ਸਿੰਘ, ਡਾ. ਇੰਦਰਪ੍ਰੀਤ ਕੌਰ, ਡਾ. ਕੰਵਲਦੀਪ ਕੌਰ, ਡਾ. ਅਸ਼ੋਕ ਭਗਤ, ਡਾ. ਅੰਜੂ ਬਾਲਾ ਅਤੇ ਡਾ. ਚੰਦਨਪ੍ਰੀਤ ਸਿੰਘ ਤੋਂ ਇਲਾਵਾ ਸ੍ਰੀ ਸੁਰੇਸ਼ ਮਹਿਤਾ (ਜ਼ਿਲ੍ਹਾ ਭਾਸ਼ਾ ਅਫ਼ਸਰ, ਅੰਮ੍ਰਿਤਸਰ), ਡਾ. ਸੁਨੀਲ ਕੁਮਾਰ (ਮੁਖੀ ਹਿੰਦੀ ਵਿਭਾਗ), ਹਸਨ ਰੇਹਾਨ (ਉਰਦੂ ਵਿਭਾਗ) ਪ੍ਰਵੀਨ ਪੁਰੀ (ਡਾਇਰੈਕਟਰ,ਲੋਕ ਸੰਪਰਕ ਵਿਭਾਗ), ਡਾ.ਵਿਸ਼ਾਲ ਭਾਰਦਵਾਜ (ਸੰਸਕ੍ਰਿਤ ਵਿਭਾਗ), ਡਾ. ਅਮਰਜੀਤ ਸਿੰਘ, (ਡਾਇਰੈਕਟਰ ਗੁਰੂ ਗ੍ਰੰਥ ਸਾਹਿਬ ਵਿਭਾਗ) ਅਤੇ ਵੱਡੀ ਗਿਣਤੀ ਵਿੱਚ ਵਿਭਾਗ ਦੇ ਖੋਜ-ਵਿਦਿਆਰਥੀ ਅਤੇ ਵਿਦਿਆਰਥੀ ਹਾਜ਼ਰ ਸਨ।



