AmritsarBreaking NewsE-Paper‌Local NewsReligionState
Trending

ਐਡਵੋਕੇਟ ਧਾਮੀ ਨੇ ਕੇਰਲ ਦੇ ਇੱਕ ਕੇਂਦਰੀ ਵਿਦਿਆਲੇ ’ਚ ਛੋਟੇ ਸਾਹਿਬਜ਼ਾਦਿਆਂ ਦੀ ਨਕਲ ਕੀਤੇ ਜਾਣ ਦੀ ਕੀਤੀ ਨਿਖੇਧੀ

ਅੰਮ੍ਰਿਤਸਰ, 26 ਦਸੰਬਰ 2024 (ਬਿਊਰੋ ਰਿਪੋਰਟ)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੇਰਲ ਦੇ ਪਯਾਨੁਰ ਸਥਿਤ ਕੇਂਦਰੀ ਵਿਦਿਆਲਾ ਵਿਖੇ ਕੇਂਦਰ ਸਰਕਾਰ ਦੇ ਵੀਰ ਬਾਲ ਦਿਵਸ ਪ੍ਰੋਗਰਾਮ ਤਹਿਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਦੀ ਸਰੀਰਕ ਰੂਪ ਵਿੱਚ ਨਕਲ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਮੌਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਨਕਲ ਕਰਨਾ ਬਹੁਤ ਹੀ ਇਤਰਾਜ਼ਯੋਗ ਹੈ ਅਤੇ ਸਿੱਖ ਸਿਧਾਂਤਾਂ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਕੇਰਲ ਦੇ ਪਯਾਨੁਰਕੇਂਦਰੀ ਵਿਦਿਆਲਾ ਪ੍ਰਸ਼ਾਸਨ ਵੱਲੋਂ ਬੱਚਿਆਂ ਰਾਹੀਂ ਛੋਟੇ ਸਾਹਿਬਜ਼ਾਦਿਆਂ ਦੀ ਨਕਲ ਕਰਵਾ ਕੇ ਅਤੇ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਪਾ ਕੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਗਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਘਟਨਾ ਦਾ ਇਤਰਾਜ਼ ਪ੍ਰਗਟ ਕਰਨ ਤੋਂ ਬਾਅਦ ਪਯਾਨੁਰਕੇਂਦਰੀ ਵਿਦਿਆਲਾ ਨੇ ਆਪਣੇ ਸੋਸ਼ਲ ਮੀਡੀਆ ਐਕਸ ਮੰਚ ਤੋਂ ਇਤਰਾਜ਼ਯੋਗ ਤਸਵੀਰਾਂ ਹਟਾ ਦਿੱਤੀਆਂ ਹਨ ਪਰੰਤੂ ਕੇਂਦਰ ਸਰਕਾਰ ਨੂੰ ਅਜਿਹੀਆਂ ਘਟਨਾ ਨਾ ਵਾਪਰਨ ਇਸ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਭਾਰਤ ਸਰਕਾਰ ਦੇ ਸਿਖਿਆ ਮੰਤਰਾਲੇ, ਸੱਭਿਆਚਾਰ ਮੰਤਰਾਲੇ, ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਅਤੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੂੰ ਕਿਹਾ ਕਿ ਉਹ ਰਾਸ਼ਟਰੀ ਪੱਧਰ ਉੱਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਂਦੇ ਮੌਕੇ ਸਿੱਖ ਸਿਧਾਂਤਾਂ ਅਤੇ ਇਤਿਹਾਸ ਦੇ ਮੱਦੇਨਜ਼ਰ ਹੀ ਸਮਾਗਮ ਕਰਨ ਲਈ ਸਕੂਲਾਂ, ਕਾਲਜਾਂ ਅਤੇ ਵਿਦਿਅਕ ਅਦਾਰਿਆਂ ਨੂੰ ਆਦੇਸ਼ ਕਰਨ ਅਤੇ ਕਿਹਾ ਜਾਵੇ ਕਿ ਕਿਸੇ ਵੀ ਤਰ੍ਹਾਂ ਸਿੱਖ ਸਿਧਾਂਤਾਂ ਵਿਰੁੱਧ ਹਰਕਤ ਨਾ ਕੀਤੀ ਜਾਵੇ।

ਐਡਵੋਕੇਟ ਧਾਮੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਜੋ ਵੀਰ ਬਾਲ ਦਿਵਸ ਦਾ ਨਾਮ ਦਿੱਤਾ ਗਿਆ ਹੈ, ਇਹ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਸਮੇਤ ਪ੍ਰਮੁੱਖ ਸਿੱਖ ਸੰਸਥਾਵਾਂ ਨੇ ਪ੍ਰਵਾਨ ਨਹੀਂ ਕੀਤਾ ਹੈ। ਇਸ ਲਈ ਭਾਰਤ ਸਰਕਾਰ ਸ਼੍ਰੋਮਣੀ ਕਮੇਟੀ ਵੱਲੋਂ ਸਿਫਾਰਸ਼ ਕੀਤੇ ਨਾਮ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਨੂੰ ਪ੍ਰਮਾਣਿਤ ਕਰਕੇ ਇਸ ਸਬੰਧੀ ਗਜ਼ਟ ਨੋਟੀਫਿਕੇਸ਼ਨ ਜਾਰੀ ਕਰੇ। ਉਨ੍ਹਾਂ ਕਿਹਾ ਕਿ ਸਿੱਖ ਸਿਧਾਂਤਾਂ ਅਨੁਸਾਰ ਸਾਹਿਬਜ਼ਾਦਿਆਂ ਨੇ ਨਿੱਕੀ ਉਮਰ ਵਿੱਚ ਵੱਡੇ ਪੂਰਨੇ ਪਾਉਂਦਿਆਂ ਬਹਾਦਰੀ ਨਾਲ ਬੇਮਿਸਾਲ ਸ਼ਹਾਦਤਾਂ ਪ੍ਰਾਪਤ ਕੀਤੀਆਂ, ਇਸ ਲਈ ਸਿੱਖ ਕੌਮ ਉਨ੍ਹਾਂ ਨੂੰ ਬਾਬਾ ਕਹਿ ਕੇ ਸਤਿਕਾਰ ਦਿੰਦੀ ਹੈ ਅਤੇ ਇਸੇ ਰੋਸ਼ਨੀ ਵਿੱਚ ਹੀ ਸਰਕਾਰ ਨੂੰ ਵੀ ਅੱਗੇ ਵਧਣਾ ਚਾਹੀਦਾ ਹੈ।

admin1

Related Articles

Back to top button