AmritsarBreaking NewsE-Paper‌Local NewsPunjabState
Trending

ਕੂੜੇ ਦੇ ਢੇਰ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇ – ਡਿਪਟੀ ਕਮਿਸ਼ਨਰ ਭਗਤਾਂਵਾਲਾ ਡੰਪ ਵਿਖੇ ਜਲਦ ਹੀ ਲਗਣਗੇ ਸੀ.ਸੀ.ਟੀ.ਵੀ. ਕੈਮਰੇ ਅਤੇ ਮੀਥੇਨ ਗੈਸ ਡਿਟੈਕਟਰ ਡੰਪ ਵਾਲੇ ਸਥਾਨ ਤੇ ਅੱਗ ਨੂੰ ਰੋਕਣ ਲਈ ਕੀਤੇ ਜਾ ਰਹੇ ਹਨ ਪੁਖਤਾ ਪ੍ਰਬੰਧ –ਕਮਿਸ਼ਨਰ ਨਗਰ ਨਿਗਮ

ਅੰਮ੍ਰਿਤਸਰ, 9 ਜਨਵਰੀ 2025 (ਸੁਖਬੀਰ ਸਿੰਘ, ਅਭਿਨੰਦਨ ਸਿੰਘ)

ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਸ਼ਹਿਰ ਦੀ ਸਾਫ਼ ਸਫ਼ਾਈ ਵਿਵਸਥਾ ਨੂੰ ਲੈ ਕੇ ਕਮਿਸ਼ਨਰ ਨਗਰ ਨਿਗਮ ਅਤੇ ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਕਿਹਾ ਕਿ ਇਹ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ ਕਿ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਕੂੜੇ ਦੇ ਢੇਰ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ, ਜਿਸ ਨਾਲ ਵਾਤਾਵਰਨ ਵੀ ਦੂਸ਼ਿਤ ਹੁੰਦਾ ਹੈ। ਇਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਉਨਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਕੂੜੇ ਦੇ ਢੇਰ ਅੱਗ ਲਗਾਉਣ ਵਾਲਿਆਂ ਵਿਰੁੱਧ ਸਖ਼ਤੀ ਨਾਲ ਨਿਪਟਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਦੇ ਮੱਦੇਨਜ਼ਰ ਕਮਿਸ਼ਨਰ ਨਗਰ ਨਿਗਮ ਸ੍ਰੀ ਗੁਲਪ੍ਰੀਤ ਸਿੰਘ ਨੂੰ ਕਿਹਾ ਕਿ ਭਗਤਾਂਵਾਲ ਡੰਪ ਵਿਖੇ ਸੀਸੀਟੀਵੀ ਕੈਮਰੇ ਲਗਾਉਣ ਦੇ ਕੰਮ ਵਿੱਚ ਤੇਜੀ ਲਿਆਂਦੀ ਜਾਵੇ ਅਤੇ ਡੰਪ ਵਿਖੇ ਹੀ ਮਿਥੇਨ ਗੈਸ ਡਿਟੈਕਟਰ ਲਗਾਇਆ ਜਾਵੇ ਤਾਂ ਜੋ ਅੱਗ ਲਗਣ ਦੀ ਘਟਨਾ ਦਾ ਪਹਿਲਾਂ ਹੀ ਪਤਾ ਲਗ ਸਕੇ ਅਤੇ ਉਸਨੂੰ ਰੋਕਿਆ ਜਾ ਸਕੇ। ਉਨਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਡੰਪ ਦੇ ਆਲੇ ਦੁਆਲੇ ਚਾਰਦਿਵਾਰੀ ਨੂੰ ਜਲਦ ਮੁਕੰਮਲ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਲੈ ਕੇ ਕਿਸੇ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਕਿਹਾ ਕਿ ਕੂੜੇ ਦੇ ਬਾਇਓਰੈਂਡੀਮਾਈਜੇਸ਼ਨ ਵਿੱਚ ਤੇਜੀ ਲਿਆਂਦੀ ਜਾਵੇ ਤਾਂ ਜੋ ਕੂੜੇ ਦੇ ਪਹਾੜਾਂ ਨੂੰ ਖ਼ਤਮ ਕੀਤਾ ਜਾ ਸਕੇ।
ਮੀਟਿੰਗ ਦੌਰਾਨ ਕਮਿਸ਼ਨਰ ਨਗਰ ਨਿਗਮ ਸ੍ਰੀ ਗੁਲਪ੍ਰੀਤ ਸਿੰਘ ਨੇ ਦੱਸਿਆ ਕਿ ਭਗਤਾਂਵਾਲਾ ਡੰਪ ਵਿਖੇ ਅੱਗ ਲਗਣ ਦੀਆਂ ਘਟਨਾਵਾਂ ਨੂੰ ਫੌਰੀ ਤੌਰ ਤੇ ਰੋਕਣ ਲਈ ਸਮਰਸੀਬਲ ਬੋਰ ਕਰਵਾਇਆ ਜਾ ਰਿਹਾ ਹੈ ਅਤੇ ਨਵੀਆਂ ਪਾਈਪਾਂ ਵੀ ਪਾਈਆਂ ਜਾ ਰਹੀਆਂ ਹਨ, ਜਿਸ ਨਾਲ ਅੱਗ ਲਗਣ ਤੇ ਤੁਰੰਤ ਹੀ ਇਸਨੂੰ ਰੋਕਿਆ ਜਾ ਸਕੇਗਾ ਅਤੇ ਫਾਇਰ ਬ੍ਰਿਗੇਡ ਦਾ ਇੰਤਜ਼ਾਮ ਵੀ ਨਹੀਂ ਕਰਨਾ ਪਵੇਗਾ। ਉਨਾਂ ਦੱਸਿਆ ਕਿ ਬਾਇਓਰੈਂਡੀਮਾਈਜੇਸ਼ਨ ਲਈ ਮਸ਼ੀਨਾਂ ਦੀ ਗਿਣਤੀ ਨੂੰ ਵਧਾਇਆ ਗਿਆ ਹੈ ਅਤੇ ਜਲਦ ਹੀ ਕੂੜੇ ਦੇ ਪਹਾੜ ਖ਼ਤਮ ਹੋਣਗੇ। ਉਨਾਂ ਦੱਸਿਆ ਕਿ ਡੋਰ ਟੂ ਡੋਰ ਕੁਲੈਕਸ਼ਨ ਵਿੱਚ ਵੀ ਤੇਜੀ ਲਿਆਂਦੀ ਗਈ ਹੈ ਅਤੇ ਰੋਜ਼ਾਨਾ ਸ਼ਹਿਰ ਦੇ ਵਿਚੋਂ ਕੂੜਾ ਕਰਕਟ ਚੁੱਕਿਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਅਨੁਸਾਰ ਡੰਪ ਦੇ ਆਲ੍ਹੇ ਦੁਆਲੇ ਪਲਾਂਟੇਸ਼ਨ ਵੀ ਕੀਤੀ ਜਾ ਰਹੀ ਹੈ।
ਇਸ ਮੀਟਿੰਗ ਵਿੱਚ ਐਸ.ਡੀ.ਐਮ. ਸ: ਗੁਰਸਿਮਰਜੀਤ ਸਿੰਘ, ਨਗਰ ਨਿਗਮ ਤੋਂ ਡਾ. ਕਿਰਨ ਕੁਮਾਰ, ਐਸ.ਡੀ.ਓ. ਪੰਜਾਬ ਪ੍ਰਦੂਸ਼ਣ ਬੋਰਡ ਸ੍ਰੀ ਵਿਨੋਦ ਕੁਮਾਰ ਤੋਂ ਇਲਾਵਾ ਹੋਰ ਵੱਖ ਵੱਖ ਵਿਭਾਂਗਾ ਦੇ ਅਧਿਕਾਰੀ ਵੀ ਹਾਜ਼ਰ ਸਨ।
admin1

Related Articles

Back to top button