Breaking NewsNews
Trending

ਡਾ. ਬੀ.ਆਰ. ਅੰਬੇਡਕਰ ਜੀ ਦਾ ਜਨਮ ਦਿਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ

ਅੰਮ੍ਰਿਤਸਰ, 14 ਅਪ੍ਰੈਲ 2025(ਕੰਵਲਜੀਤ ਸਿੰਘ, ਅਭਿਨੰਦਨ ਸਿੰਘ)

ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਸਮਾਜ ਸੁਧਾਰਕ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ ਅੰਮ੍ਰਿਤਸਰ ਵਿੱਚ ਪੂਰੇ ਸ਼ਰਧਾ ਭਾਵ ਅਤੇ ਉਤਸ਼ਾਹ ਨਾਲ ਮਨਾਇਆ ਗਿਆ।

ਸ਼ਹਿਰ ਵਿੱਚ ਸਥਿਤ ਡਾ. ਅੰਬੇਡਕਰ ਦੇ ਬੁੱਤ ‘ਤੇ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸੈਂਕੜਿਆਂ ਲੋਕਾਂ ਨੇ ਇਕੱਠੇ ਹੋ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਬੁੱਤ ‘ਤੇ ਫੁੱਲ ਮਾਲਾਵਾਂ ਅਰਪਿਤ ਕਰਕੇ ਅਤੇ ਪੁਸ਼ਪਾਂਜਲੀ ਦੇ ਕੇ ਸਮਾਜ ਪ੍ਰਤੀ ਉਹਨਾਂ ਦੀਆਂ ਸੇਵਾਵਾਂ ਨੂੰ ਯਾਦ ਕੀਤਾ ਗਿਆ।ਸਮਾਗਮ ਵਿੱਚ ਵੱਖ-ਵੱਖ ਸਮਾਜਿਕ, ਸਿਆਸੀ ਅਤੇ ਸੱਭਿਆਚਾਰਕ ਸੰਗਠਨਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।

ਬੁਲਾਰਿਆਂ ਨੇ ਡਾ. ਅੰਬੇਡਕਰ ਦੇ ਜੀਵਨ, ਸਮਾਜਿਕ ਸੁਧਾਰਾਂ, ਅਤੇ ਭਾਰਤੀ ਸੰਵਿਧਾਨ ਦੀ ਰਚਨਾ ਵਿੱਚ ਉਹਨਾਂ ਦੀ ਅਹਿਮ ਭੂਮਿਕਾ ‘ਤੇ ਵਿਸਥਾਰ ਨਾਲ ਚਾਨਣਾ ਪਾਇਆ। ਉਹਨਾਂ ਦੀਆਂ ਸਿੱਖਿਆਵਾਂ ਨੂੰ ਅਪਣਾਉਣ ਅਤੇ ਸਮਾਜ ਵਿੱਚ ਬਰਾਬਰੀ ਤੇ ਨਿਆਂ ਸਥਾਪਤ ਕਰਨ ਦੀ ਅਪੀਲ ਕੀਤੀ ਗਈ।

ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਸੰਯੁਕਤ ਸਕੱਤਰ ਜਗਜੀਤ ਸਿੰਘ ਜੈਂਕੀ ਬੀ ਸੀ ਵਿੰਗ ਦੇ ਸੰਯੁਕਤ ਸਕੱਤਰ ਜਰਨੈਲ ਸਿੰਘ ਢੋਟ ਜੋ ਵਾਰਡ ਨੰਬਰ 58 ਤੋਂ ਕੌਸਲਰ ਵੀ ਨੇ ਸੰਬੋਧਨ ਵਿੱਚ ਕਿਹਾ ਕਿ ਡਾ. ਅੰਬੇਡਕਰ ਜੀ ਨੇ ਸੰਵਿਧਾਨ ਦੀ ਰਚਨਾ ਕਰਕੇ ਸਮਾਨਤਾ, ਸੁਤੰਤਰਤਾ ਅਤੇ ਨਿਆਂ ਦੀ ਮਜ਼ਬੂਤ ਨੀਂਹ ਰੱਖੀ। ਸਾਨੂੰ ਉਹਨਾਂ ਦੀਆਂ ਸਿੱਖਿਆਵਾਂ ਨੂੰ ਅਮਲ ਵਿੱਚ ਲਿਆ ਕੇ ਸੰਵਿਧਾਨ ਦੀ ਹਿਫਾਜ਼ਤ ਅਤੇ ਸਤਿਕਾਰ ਕਰਨਾ ਚਾਹੀਦਾ।

ਉਹਨਾਂ ਨੇ ਡਾ. ਅੰਬੇਡਕਰ ਦੀਆਂ ਮੁੱਖ ਸਿੱਖਿਆਵਾਂ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਉਹਨਾਂ ਨੇ ਸਿੱਖਿਆ ਨੂੰ ਸਮਾਜਿਕ ਮੁਕਤੀ ਦਾ ਸਾਧਨ ਮੰਨਿਆ, ਜਾਤੀ ਪ੍ਰਥਾ ਦੇ ਵਿਰੁੱਧ ਸੰਘਰਸ਼ ਕੀਤਾ, ਔਰਤਾਂ ਅਤੇ ਮਜ਼ਦੂਰਾਂ ਦੇ ਅਧਿਕਾਰਾਂ ਦੀ ਵਕਾਲਤ ਕੀਤੀ, ਅਤੇ ਆਰਥਿਕ ਨਿਆਂ ‘ਤੇ ਜ਼ੋਰ ਦਿੱਤਾ। ਉਹਨਾਂ ਦਾ ਨਾਅਰਾ “ਸੰਘਟਿਤ ਹੋਵੋ, ਸਿੱਖਿਅਤ ਹੋਵੋ, ਸੰਘਰਸ਼ ਕਰੋ” ਅੱਜ ਵੀ ਸਮਾਜ ਨੂੰ ਪ੍ਰੇਰਦਾ ਹੈ। ਜੈਂਕੀ ਨੇ ਇਹ ਵੀ ਜ਼ਿਕਰ ਕੀਤਾ ਕਿ ਡਾ. ਅੰਬੇਡਕਰ ਨੇ ਬੁੱਧ ਧਰਮ ਦੇ ਸਿਧਾਂਤਾਂ ਨੂੰ ਅਪਣਾ ਕੇ ਅਹਿੰਸਾ, ਕਰੁਣਾ ਅਤੇ ਬੁੱਧੀਵਾਦੀ ਸੋਚ ਨੂੰ ਅੱਗੇ ਵਧਾਇਆ।ਸਮਾਗਮ ਦੌਰਾਨ ਹੋਰ ਬੁਲਾਰਿਆਂ ਨੇ ਵੀ ਡਾ. ਅੰਬੇਡਕਰ ਦੇ ਸਮਾਜਿਕ ਬਰਾਬਰੀ, ਸਵੈ-ਮਾਣ ਅਤੇ ਸੰਵਿਧਾਨਕ ਮੁੱਲਾਂ ਦੀ ਮਹੱਤਤਾ ‘ਤੇ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਅੰਬੇਡਕਰ ਜੀ ਦੀਆਂ ਸਿੱਖਿਆਵਾਂ ਅੱਜ ਦੇ ਸਮੇਂ ਵਿੱਚ ਵੀ ਓਨੀਆਂ ਹੀ ਪ੍ਰਸੰਗਿਕ ਹਨ, ਜਿੰਨੀਆਂ ਉਹ ਉਸ ਸਮੇਂ ਸਨ।

ਸਿੱਖਿਆ, ਸੰਘਰਸ਼ ਅਤੇ ਸਮਾਜਿਕ ਜਾਗਰੂਕਤਾ ਰਾਹੀਂ ਹੀ ਉਹਨਾਂ ਦੇ ਸੁਪਨੇ ਦੇ ਸਮਾਜ ਦੀ ਸਥਾਪਨਾ ਸੰਭਵ ਹੈ।ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਵੀ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚ ਨੌਜਵਾਨਾਂ ਨੇ ਡਾ. ਅੰਬੇਡਕਰ ਦੇ ਸੁਨੇਹਿਆਂ ਨੂੰ ਗੀਤਾਂ ਅਤੇ ਕਵਿਤਾਵਾਂ ਰਾਹੀਂ ਪੇਸ਼ ਕੀਤਾ।

ਸਮਾਗਮ ਵਿੱਚ ਸ਼ਾਮਲ ਸਮੂਹ ਸੰਗਤ ਨੇ ਡਾ. ਅੰਬੇਡਕਰ ਦੇ ਸੁਪਨਿਆਂ ਨੂੰ ਸਾਕਾਰ ਕਰਨ, ਸਮਾਜਿਕ ਬਰਾਬਰੀ ਅਤੇ ਨਿਆਂਪੂਰਨ ਸਮਾਜ ਦੀ ਸਥਾਪਨਾ ਲਈ ਸਹੁੰ ਚੁੱਕੀ।ਸ਼ਹਿਰ ਵਿੱਚ ਇਸ ਮੌਕੇ ‘ਤੇ ਕਈ ਥਾਈਂ ਸਮਾਜਿਕ ਜਾਗਰੂਕਤਾ ਨਾਲ ਜੁੜੀਆਂ ਗਤੀਵਿਧੀਆਂ ਵੀ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਵਿਸ਼ੇਸ਼ ਤੌਰ ‘ਤੇ ਹਿੱਸਾ ਲਿਆ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button