Breaking NewsEducationKhalsa College/University AmritsarNews
Trending

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੌਥਾ ਸ. ਨਾਨਕ ਸਿੰਘ ਯਾਦਗਾਰੀ ਭਾਸ਼ਣ ਆਯੋਜਿਤ

ਨਾਵਲਕਾਰ ਨਾਨਕ ਸਿੰਘ ਦੀਆਂ ਰਚਨਾਵਾਂ ਨੂੰ ਪੂਰੀ ਦੁਨੀਆ ਤੱਕ ਪਹੁੰਚਾਉਣ ਲਈ ਡਿਜੀਟਲਾਈਜੇਸ਼ਨ ਅਤੇ ਵੈੱਬਸਾਈਟ ਜਲਦ ਹੀ ਬਣ ਕੇ ਹੋਵੇਗੀ ਤਿਆਰ --- ਨਾਵਲਕਾਰ ਨਾਨਕ ਸਿੰਘ ਦੀਆਂ ਲਿਖਤਾਂ ਨੇ ਪਾਠਕਾਂ ਨੂੰ ਸੋਚਣ, ਸਮਝਣ ਅਤੇ ਸਮਾਜਿਕ ਚੇਤਨਾ ਵੱਲ ਪ੍ਰੇਰਿਤ ਕੀਤਾ – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ,18 ਮਾਰਚ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਅੱਜ ਸ. ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਰਵਾਏ ਗਏ ਚੌਥੇ ਸ. ਨਾਨਕ ਸਿੰਘ ਯਾਦਗਾਰੀ ਭਾਸ਼ਣ ਦੀ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਨਾਵਲਕਾਰ ਸ. ਨਾਨਕ ਸਿੰਘ ਦੇ ਪੰਜਾਬੀ ਸਾਹਿਤ ਵਿੱਚ ਅਹਿਮ ਯੋਗਦਾਨ ਦੀ ਚਰਚਾ ਕਰਦਿਆਂ ਕਿਹਾ ਕਿ ਨਾਵਲਕਾਰ ਨਾਨਕ ਸਿੰਘ ਦੀਆਂ ਲਿਖਤਾਂ ਪੰਜਾਬੀ ਮੁਆਸ਼ਰੇ ਵਿਚਲੀ ਅਹਿਮ ਤਬਦੀਲੀ ਨੂੰ ਸਾਕਾਰ ਕਰਦੀਆਂ ਹਨ। ਨਾਵਲਕਾਰ ਨਾਨਕ ਸਿੰਘ ਦੀਆਂ ਰਚਨਾਵਾਂ ਸਿਰਫ਼ ਸਾਹਿਤਕ ਕਿਰਤਾਂ ਨਹੀਂ, ਸਗੋਂ ਸਮਾਜਿਕ, ਸੱਭਿਆਚਾਰਕ ਅਤੇ ਹੋਰ ਵੱਖ ਵੱਖ ਨਜ਼ਰੀਏ ਤੋਂ ਪੰਜਾਬੀ ਸਮਾਜ ਦੀਆਂ ਵੱਖ ਵੱਖ ਤਸਵੀਰਾਂ ਪੇਸ਼ ਕਰਦੀਆਂ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਲਿਖਤਾਂ ਨੇ ਹਮੇਸ਼ਾਂ ਹੀ ਪਾਠਕਾਂ ਨੂੰ ਸੋਚਣ, ਸਮਝਣ ਅਤੇ ਸਮਾਜਿਕ ਚੇਤਨਾ ਵੱਲ ਪ੍ਰੇਰਿਤ ਕੀਤਾ ਹੈ। ਉਨ੍ਹਾਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਬਹੁਤ ਜਲਦ ਹੀ ਨਾਵਲਕਾਰ ਨਾਨਕ ਸਿੰਘ ਦੀਆਂ ਰਚਨਾਵਾਂ ਨੂੰ ਪੂਰੀ ਦੁਨੀਆ ਤੱਕ ਪਹੁੰਚਾਉਣ ਲਈ ਉਹਨਾਂ ਦੀ ਡਿਜੀਟਲਾਈਜੇਸ਼ਨ ਕੀਤੀ ਜਾਵੇਗੀ ਅਤੇ ਇਸ ਲਈ ਯੂਨੀਵਰਸਿਟੀ ਦੀ ਡੋਮੇਨ ਵਿਚ ਨਾਨਕ ਸਿੰਘ ਨਾਲ ਸੰਬਧਿਤ ਇਕ ਵੈੱਬਸਾਈਟ ਵੀ ਜਲਦ ਬਣਾਈ ਜਾਵੇਗੀ।

ਨਾਨਕ ਸਿੰਘ ਲਿਟਰੇਰੀ ਫਾਊਂਡੇਸ਼ਨ ਦੇ ਸਕੱਤਰ ਸ੍ਰੀ ਨਵਦੀਪ ਸਿੰਘ ਸੂਰੀ ਨੇ ਕਿਹਾ ਕਿ ਦਾ ਬੁਨਿਆਦੀ ਮੱੁਦਾ ਨਾਨਕ ਸਿੰਘ ਜੀ ਦੀ ਸਾਹਿਤਕ ਵਿਰਾਸਤ ਦੀ ਸੰਭਾਲ ਕਰਨਾ ਹੈ ਅਤੇ ਇਸ ਮਕਸਦ ਦੀ ਪੂਰਤੀ ਲਈ ਉਹਨਾਂ ਦੀਆਂ ਕਿਰਤਾਂ ਦੀ ਸਮਾਜਿਕ ਸਾਰਥਕਤਾ ਦਾ ਅਧਿਐਨ ਕਰਨਾ ਜ਼ਰੂਰੀ ਹੈ। ਇਸ ਮੌਕੇ ਸ੍ਰੀਮਤੀ ਮਨੀ ਸੂਰੀ ਨੇ ਕਿਹਾ ਕਿ ਅਜਿਹੇ ਸਮਾਗਮ ਨਾਨਕ ਸਿੰਘ ਹੁਰਾਂ ਦੀ ਵਿਚਾਰਧਾਰਾ ਨੂੰ ਪੁਨਰ-ਜੀਵੰਤ ਕਰ ਦਿੰਦੇ ਹਨ।

ਇਸ ਸਮਾਗਮ ਵਿਚ ਮੁੱਖ ਵਕਤਾ ਵਜੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪ੍ਰਸਿੱਧ ਸਮਾਜ-ਸ਼ਾਸਤਰੀ ਡਾ. ਹਰਵਿੰਦਰ ਸਿੰਘ ਭੱਟੀ ਨੇ ਸ. ਨਾਨਕ ਸਿੰਘ ਦੇ ਨਾਵਲਾਂ ਵਿਚਲੇ ਸਮਾਜਿਕ ਸੁਹਜ-ਸ਼ਾਸਤਰ ਅਤੇ ਉਸ ਸਮੇਂ ਦੀਆਂ ਸਮਾਜਿਕ ਕੁਰੀਤੀਆਂ (ਕੁਹਜ) ਦਾ ਗੰਭੀਰ ਵਿਸ਼ਲੇਸ਼ਣ ਪੇਸ਼ ਕੀਤਾ। ਡਾ. ਭੱਟੀ ਨੇ ਕਿਹਾ ਕਿ ਨਾਨਕ ਸਿੰਘ ਸਿਰਫ਼ ਇੱਕ ਬਿਰਤਾਂਤਕਾਰ ਨਹੀਂ ਸਨ, ਸਗੋਂ ਸਮਾਜ ਦੇ ਅਜਿਹੇ ਨਬਜ਼-ਸ਼ਨਾਸ ਸਨ ਜਿਨ੍ਹਾਂ ਨੇ ਸਾਹਿਤ ਰਾਹੀਂ ਸੁਧਾਰਵਾਦੀ ਲਹਿਰ ਨੂੰ ਪ੍ਰਚੰਡ ਕੀਤਾ। ਉਹ ਸਹੀ ਅਰਥਾਂ ਵਿਚ ਸਾਂਝੀ ਪੰਜਾਬੀਅਤ ਅਤੇ ਧਰਮ-ਨਿਰਪੱਖ ਸਮਾਜ ਦੀ ਸਿਰਜਣਾ ਦੇ ਆਦਰਸ਼ ਦੇ ਸੰਸਥਾਪਕ ਸਨ।

ਇਸ ਤੋਂ ਪਹਿਲਾਂ ਪੰਜਾਬੀ ਸਮਾਜ ਦਾ ਸੁਹਜ ਅਤੇ ਕੁਹਜ: ਸ. ਨਾਨਕ ਸਿੰਘ ਦੀਆਂ ਲਿਖਤਾਂ ਦੇ ਪ੍ਰਸੰਗ ਵਿਚ ਵਿਸ਼ੇ ‘ਤੇ ਕਰਵਾਏ ਗਏ ਇਸ ਭਾਸ਼ਣ ਮੌਕੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਸ਼ੇ ਦੀ ਰੂਪ-ਰੇਖਾ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਨਾਨਕ ਸਿੰਘ ਇਕ ਪੂਰੇ ਯੁੱਗ ਦੀ ਪ੍ਰਤੀਨਿਧਤਾ ਕਰਦੇ ਨਾਵਲਕਾਰ ਹਨ।

ਉਹਨਾਂ ਨੇ ਇਕ ਸਦੀ ਦੌਰਾਨ ਵਾਪਰੀਆਂ ਤਮਾਮ ਮਹੱਤਵਪੂਰਨ ਉੱਤੇ ਨਾਵਲ ਲਿਖੇ। ਸ. ਨਾਨਕ ਸਿੰਘ ਸੈਂਟਰ ਦੇ ਕੋਆਰਡੀਨੇਟਰ ਡਾ. ਹਰਿੰਦਰ ਕੌਰ ਸੋਹਲ ਨੇ ਕਿਹਾ ਕਿ ਇਹ ਸੈਂਟਰ ਨਾਨਕ ਸਿੰਘ ਨਾਲ ਸੰਬਧਿਤ ਰਚਨਾਵਾਂ ਦੀ ਪਹਿਚਾਣ ਅਤੇ ਉਹਨਾਂ ਦੇ ਇਕੱਤਰੀਕਰਨ ਵਾਸਤੇ ਪ੍ਰਤੀਬੱਧ ਹੈ। ਉਹਨਾਂ ਕਿਹਾ ਕਿ ਨਾਨਕ ਸਿੰਘ ਦੀ ਭੂਮਿਕਾ ਇਕ ਵਿਅਕਤੀ ਵਾਲੀ ਨਹੀਂ ਸਗੋਂ ਇਕ ਸੰਸਥਾ ਵਾਲੀ ਹੈ।

ਇਸ ਮੌਕੇ ਨਾਨਕ ਸਿੰਘ ਦੇ ਨਾਵਲਾਂ ਦੇ ਖੋਜ-ਕਾਰਜ ਉੱਤੇ ਆਧਾਰਿਤ ਡਾ. ਹਰਿੰਦਰ ਸੋਹਲ ਦੁਆਰਾ ਸੰਪਾਦਿਤ ਸਮੀਖਿਆ ਪੁਸਤਕ “ਨਾਨਕ ਸਿੰਘ ਦੀ ਗਲਪਕਾਰੀ : ਖੋਜ-ਦ੍ਰਿਸ਼ਟੀ” ਦਾ ਲੋਕ-ਅਰਪਣ ਵੀ ਕੀਤਾ ਗਿਆ।

ਇਸ ਮੌਕੇ ਉੱਤੇ ਨਾਨਕ ਸਿੰਘ ਸੈਂਟਰ ਵੱਲੋਂ ਸ੍ਰੀ ਰਾਜਦੀਪ ਮਹਿਰਾ ਨੂੰ 25000/- ਰੁਪਏ ਦੀ ਰਾਸ਼ੀ ਵੀ ਖੋਜ-ਕਾਰਜ ਦੇ ਮਕਸਦ ਲਈ ਭੇਟ ਕੀਤੀ ਗਈ। ਅੰਤ ਵਿੱਚ ਸ. ਨਾਨਕ ਸਿੰਘ ਸੈਂਟਰ ਦੇ ਕੋਆਰਡੀਨੇਟਰ ਡਾ. ਹਰਿੰਦਰ ਕੌਰ ਸੋਹਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਅਮਰਜੀਤ ਸਿੰਘ, ਸ੍ਰੀਮਤੀ ਮਨੀ ਸੂਰੀ, ਡਾ. ਅਮਰ ਸਿੰਘ, ਸ੍ਰੀ ਪ੍ਰਵੀਨ ਪੁਰੀ (ਡਾਇਰੈਕਟਰ, ਲੋਕ ਸੰਪਰਕ ਵਿਭਾਗ),ਡਾ. ਮੇਘਾ ਸਲਵਾਨ, ਡਾ. ਬਲਜੀਤ ਕੌਰ ਰਿਆੜ, ਡਾ. ਰਾਜਵਿੰਦਰ ਕੌਰ, ਡਾ. ਸਿਮਰਨਜੀਤ ਸਿੰਘ, ਡਾ. ਹਸਨ ਰੇਹਾਨ, ਡਾ. ਵਿਸ਼ਾਲ ਭਾਰਦਵਾਜ,ਡਾ. ਕੰਵਲਜੀਤ ਕੌਰ, ਡਾ. ਕੰਵਲਦੀਪ ਕੌਰ, ਡਾ. ਜਸਪਾਲ ਸਿੰਘ, ਡਾ. ਅਸ਼ੋਕ ਭਗਤ, ਡਾ. ਚੰਦਨਪ੍ਰੀਤ ਸਿੰਘ,ਡਾ. ਅੰਜੂ ਬਾਲਾ ਅਤੇ ਡਾ. ਸੁਖਪ੍ਰੀਤ ਕੌਰ ਤੋਂ ਇਲਾਵਾ ਕਈ ਵਿਦਵਾਨ ਅਤੇ ਮਾਹਿਰ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ ।

 

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button