ਥਾਣਾ ਮਜੀਠਾ ਰੋਡ ਨਵਜੰਮਾ ਬੱਚੇ ਨੂੰ ਹੋਸਪਿਟਲ ਤੋਂ ਚੁੱਕਣ ਵਾਲੇ ਕਾਬੂ ਬੱਚਾ ਪਰਿਵਾਰ ਦੇ ਕੀਤਾ ਹਵਾਲੇ। 24 ਘੰਟੇ ਤੋਂ ਘੱਟ ਸਮੇ ਵਿੱਚ ਅਗਵਾ ਹੋਇਆ ਬੱਚਾ ਬ੍ਰਾਮਦ
ਅੰਮ੍ਰਿਤਸਰ, 19 ਮਾਰਚ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਥਾਣਾ ਮਜੀਠਾ ਰੋਡ ਦੀ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਹਸਪਤਾਲ ਤੋਂ ਅਗਵਾ ਕੀਤੇ ਗਏ 3 ਦਿਨ ਦੇ ਨਵਜੰਮੇ ਬੱਚੇ ਨੂੰ 24 ਘੰਟਿਆਂ ਤੋਂ ਘੱਟ ਸਮੇਂ ਵਿੱਚ ਬਰਾਮਦ ਕਰਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ। ਇਸ ਮਾਮਲੇ ਵਿੱਚ ਇੱਕ ਔਰਤ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।
ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮੁਕੱਦਮਾ ਨੰਬਰ 34 ਮਿਤੀ 19 ਮਾਰਚ 2026 ਅਧੀਨ ਧਾਰਾ 137(2) BNS ਤਹਿਤ ਕੇਸ ਦਰਜ ਕੀਤਾ ਗਿਆ ਹੈ। ਗ੍ਰਿਫਤਾਰ ਕੀਤੀ ਗਈ ਦੋਸ਼ਣ ਦੀ ਪਛਾਣ ਜਸਪ੍ਰੀਤ ਕੌਰ ਪਤਨੀ ਹਰਪ੍ਰੀਤ ਸਿੰਘ ਵਾਸੀ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ।
ਸ਼ਿਕਾਇਤਕਰਤਾ ਰਾਣੀ ਕੌਰ ਨੇ ਦੱਸਿਆ ਕਿ 15 ਮਾਰਚ ਨੂੰ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ। ਤਬੀਅਤ ਖਰਾਬ ਹੋਣ ਕਾਰਨ ਉਸਨੂੰ ਗੁਰੂ ਨਾਨਕ ਦੇਵ ਹਸਪਤਾਲ (ਬੇਬੇ ਨਾਨਕੀ), ਅੰਮ੍ਰਿਤਸਰ ਵਿੱਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਦੇ ਗਾਇਨੀ ਵਾਰਡ ਵਿੱਚ ਇੱਕ ਅਣਪਛਾਤੀ ਔਰਤ ਪਿਛਲੇ ਕੁਝ ਦਿਨਾਂ ਤੋਂ ਆਉਂਦੀ ਰਹਿੰਦੀ ਸੀ ਅਤੇ ਬੱਚਿਆਂ ਨਾਲ ਘੁੱਲ-ਮਿਲ ਕੇ ਉਨ੍ਹਾਂ ਨੂੰ ਗੋਦੀ ਵਿੱਚ ਚੁੱਕਦੀ ਰਹਿੰਦੀ ਸੀ।
19 ਮਾਰਚ ਨੂੰ ਮੌਕਾ ਵੇਖਦਿਆਂ ਉਹ ਔਰਤ ਨਵਜੰਮੇ ਬੱਚੇ ਨੂੰ ਗੋਦੀ ਵਿੱਚ ਚੁੱਕ ਕੇ ਹਸਪਤਾਲ ਤੋਂ ਬਾਹਰ ਲੈ ਗਈ ਅਤੇ ਵਾਪਸ ਨਾ ਆਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕੀਤੀ।
ਕਮਿਸ਼ਨਰ ਪੁਲਿਸ ਦੇ ਹੁਕਮਾਂ ਅਤੇ ਉੱਚ ਅਧਿਕਾਰੀਆਂ ਦੀ ਦੇਖ-ਰੇਖ ਹੇਠ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ। ਪੁਲਿਸ ਨੇ ਸੀਸੀਟੀਵੀ ਕੈਮਰਿਆਂ ਅਤੇ ਤਕਨੀਕੀ ਸਾਧਨਾਂ ਦੀ ਮਦਦ ਨਾਲ ਦੋਸ਼ਣ ਦਾ ਪਤਾ ਲਗਾਇਆ ਅਤੇ 24 ਘੰਟਿਆਂ ਦੇ ਅੰਦਰ ਹੀ ਉਸਨੂੰ ਗ੍ਰਿਫਤਾਰ ਕਰ ਲਿਆ।
ਪੁਲਿਸ ਨੇ ਦੋਸ਼ਣ ਦੇ ਕਬਜ਼ੇ ਵਿਚੋਂ ਅਗਵਾ ਕੀਤਾ ਗਿਆ 3 ਦਿਨ ਦਾ ਬੱਚਾ ਸੁਰੱਖਿਅਤ ਬਰਾਮਦ ਕਰਕੇ ਉਸਦੇ ਪਰਿਵਾਰ ਨੂੰ ਸੌਂਪ ਦਿੱਤਾ। ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।



