ਅੰਮ੍ਰਿਤਸਰ, 10 ਅਪ੍ਰੈਲ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਬੀ ਬੀ ਕੇ ਡੀ ਏ ਵੀ ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਨੇ ਅਕਾਦਮਿਕ, ਖੇਡਾਂ ਅਤੇ ਸਹਿ-ਪਾਠਕ੍ਰਮ ਪ੍ਰੋਗਰਾਮਾਂ ਦੇ ਖੇਤਰ ਵਿਚ ਮੁਕਾਮ ਪ੍ਰਾਪਤ ਕਰਨ ਵਾਲ਼ੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕਰਨ ਲਈ 57ਵਾਂ ਸਾਲਾਨਾ ਪੁਰਸਕਾਰ ਦਿਵਸ ਮਨਾਇਆ । ਸਮਾਗਮ ਦੌਰਾਨ ਮਾਣਯੋਗ ਡਾ. ਐਸ.ਪੀ. ਸਿੰਘ ਓਬਰਾਏ, ਅੰਡਸ਼ਟਰੀ ਲੀਡਰ ਅਤੇ ਉੱਘੇ ਸਮਾਜ ਸੇਵੀ, ਦੁਬਈ, ਮੁੱਖ ਮਹਿਮਾਨ ਰਹੇ ਜਦੋਂ ਕਿ ਡਾ. ਕੰਵਰ ਮਨਦੀਪ ਸਿੰਘ, ਡਾਇਰੈਕਟਰ ਸਪੋਰਟਸ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਅਤੇ ਪ੍ਰੋ. ਡਾ. ਮਨਿੰਦਰ ਲਾਲ ਸਿੰਘ, ਸਾਬਕਾ ਡਾਇਰੈਕਟਰ, ਐਮ ਟੀ ਟੀ ਸੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਦੀ ਸ਼ੁਰੂਆਤ ਡੀਏਵੀ ਗਾਇਨ ਅਤੇ ਵੈਦਿਕ ਮੰਤਰਾਂ ਦੇ ਜਾਪ ਦੇ ਨਾਲ ਗਿਆਨ ਦੇ ਰਸਮੀ ਜੋਤੀ ਜਗਾਉਣ ਨਾਲ਼ ਹੋਈ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਮਹਿਮਾਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਡਾ. ਐਸ.ਪੀ. ਸਿੰਘ ਓਬਰਾਏ ਸਮਾਜ ਲਈ ਇੱਕ ਮਹਾਨ ਸੰਪਤੀ ਹਨ ਅਤੇ ਉਨ੍ਹਾਂ ਨੇ ਭਾਰਤ ਦੇ ਨੌਜਵਾਨਾਂ ਲਈ ਇੱਕ ਰੋਲ ਮਾਡਲ ਵਜੋਂ ਸੇਵਾ ਕਰਦੇ ਹੋਏ ਮਨੁੱਖਤਾ ਦੀ ਭਲਾਈ ਲਈ ਬਹੁਤ ਵੱਡਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਲਜ ਲਈ ਇਹ ਮਾਣ ਵਾਲ਼ੀ ਗੱਲ ਹੈ ਕਿ ਉਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਜੀ.ਐਨ.ਡੀ.ਯੂ ਦੀਆਂ ਪ੍ਰੀਖਿਆਵਾਂ ਅਤੇ ਵੱਖ-ਵੱਖ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਵਿਚ ਹਮੇਸ਼ਾਂ ਬੇਹਤਰੀਨ ਪ੍ਰਦਰਸ਼ਨ ਕਰਦਿਆਂ ਮੈਰਿਟ ਸਥਾਨਾਂ ਨੂੰ ਬਰਕਰਾਰ ਰੱਖਿਆ ਹੈ । ਉਹਨਾਂ ਕਿਹਾ ਕਿ ਬੀ ਬੀ ਕੇ ਡੀ ਏ ਵੀ ਕਾਲਜ ਫਾਰ ਵੂਮੈਨ ਉੱਤਰੀ ਭਾਰਤ ਦੀਆਂ ਚੋਟੀ ਦੀਆਂ ਮਹਿਲਾ ਸੰਸਥਾਵਾਂ ਵਿਚੋਂ ਇੱਕ ਹੋਣ ਦਾ ਮਾਣ ਰੱਖਦਾ ਹੈ । ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੁਰਸਕਾਰ ਸਫ਼ਲਤਾ ਦੇ ਸੁਆਦ ਨੂੰ ਵਧਾਉੰਦੇ ਹਨ । ਉਨ੍ਹਾਂ ਕਿਹਾ ਕਿ ਜ਼ਿੰਦਗੀ ਦੇ ਸਫ਼ਰ ਵਿਚ ਇਮਤਿਹਾਨ ਆਉੰਦੇ ਹਨ ਪਰ ਹਾਰ ਨਹੀਂ ਮੰਨਣੀ ਚਾਹੀਦੀ ਸਗੋਂ ਪੂਰੇ ਜੋਸ਼ ਨਾਲ਼ ਅੱਗੇ ਵਧਣਾ ਚਾਹੀਦਾ ਹੈ। ਉਹਨਾਂ ਵੱਖ-ਵੱਖ ਖੇਤਰਾਂ ਵਿਚ ਕਾਲਜ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ ਸਾਲਾਨਾ ਰਿਪੋਰਟ ਵੀ ਪੇਸ਼ ਕੀਤੀ।
ਡਾ. ਐਸ.ਪੀ. ਸਿੰਘ ਓਬਰਾਏ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਡੀ ਏ ਵੀ ਸੰਸਥਾਵਾਂ ਸਿੱਖਿਅਤ ਭਾਰਤ ਦੇ ਸੁਪਨੇ ਨਾਲ਼ ਸਥਾਪਿਤ ਕੀਤੀਆਂ ਗਈਆਂ ਸਨ ਅਤੇ ਬੀ ਬੀ ਕੇ ਡੀ ਏ ਵੀ ਕਾਲਜ ਫਾਰ ਵੂਮੈਨ ਇਸ ਸੁਪਨੇ ਨੂੰ ਵਚਨਬੱਧਤਾ ਅਤੇ ਸਮਰਪਣ ਨਾਲ਼ ਪੂਰਾ ਕਰ ਰਿਹਾ ਹੈ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਡੀ ਏ ਵੀ ਸੰਸਥਾਵਾਂ ਮਹਾਰਿਸ਼ੀ ਦਯਾਨੰਦ ਸਰਸਵਤੀ ਦੇ ਆਦਰਸ਼ਾਂ ਅਤੇ ਦ੍ਰਿਸ਼ਟੀਕੋਣ ਵਿਚ ਮਜ਼ਬੂਤੀ ਨਾਲ਼ ਪਹਿਰਾ ਦੇ ਰਹੀਆਂ ਹਨ । ਉਨ੍ਹਾਂ ਕਿਹ ਕਿ ਇਹ ਸੰਸਥਾਵਾਂ ਵੈਦਿਕ ਕਦਰਾਂ-ਕੀਮਤਾਂ ‘ਤੇ ਅਧਾਰਤ ਸਿੱਖਿਆ ਫੈਲਾਉਣ, ਨੈਤਿਕ ਏਕੀਕਰਨ ਨੂੰ ਉਤਸ਼ਾਹਿਤ ਕਰਨ ਅਤੇ ਜ਼ਿੰਮੇਵਾਰ ਨਾਗਰਿਕਾਂ ਦਾ ਪਾਲਣ-ਪੋਸ਼ਣ ਕਰਨ ਦੇ ਉਦੇਸ਼ ਨਾਲ਼ ਸਥਾਪਿਤ ਕੀਤੀਆਂ ਗਈਆਂ ਸਨ। ਉਨ੍ਹਾਂ ਅੱਗੇ ਕਿਹਾ ਕਿ ਕਾਲਜ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਉਦੇਸ਼ ਨਾਲ ਰਾਜ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਅਣਥੱਕ ਮਿਹਨਤ ਕਰ ਰਿਹਾ ਹੈ। ਡਾ. ਕੰਵਰ ਮਨਦੀਪ ਸਿੰਘ ਅਤੇ ਪ੍ਰੋ. ਡਾ. ਮਨਿੰਦਰ ਲਾਲ ਸਿੰਘ ਨੇ ਕਾਲਜ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਇਸਦੇ ਭਵਿੱਖ ਦੇ ਵਿਕਾਸ ਅਤੇ ਤਰੱਕੀ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਦਿਨ ਲਗਭਗ 800 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਸ਼੍ਰੀਮਤੀ ਵੇਦਿਤਾ ਕਪੂਰ, ਬੀਬੀਏ ਸੈਮ VI, ਨੂੰ ਅਕਾਦਮਿਕ ਅਤੇ ਸਹਿ-ਪਾਠਕ੍ਰਮ ਗਤੀਵਿਧੀਆਂ ਵਿਚ ਉੱਤਮਤਾ ਲਈ ਸਵਰਗੀ ਸ਼੍ਰੀਮਤੀ ਸਰਸਵਤੀ ਦੇਵੀ ਪੁਰਸਕਾਰ ਨਾਲ਼ ਸਨਮਾਨਿਤ ਕੀਤਾ ਗਿਆ ਅਤੇ ਸ਼੍ਰੀਮਤੀ ਤ੍ਰਿਸ਼ਾ, ਬੀ.ਐਸ.ਸੀ. (ਅਰਥਸ਼ਾਸਤਰ) ਸੈਮ VI, ਨੂੰ ਆਲ-ਰਾਊਂਡਰ ਸਰਵੋਤਮ ਵਿਦਿਆਰਥੀ ਲਈ ਸਵਰਗੀ ਸ਼੍ਰੀ ਏ.ਐਸ. ਸੋਨੀ ਪੁਰਸਕਾਰ ਦਿੱਤਾ ਗਿਆ। ਕਾਲਜ ਦੇ ਖਿਡਾਰੀਆਂ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਅੰਤਰ-ਵਰਸਿਟੀ ਪੱਧਰ ਅਤੇ ਓਪਨ ਇੰਡੀਆ ਯੂਨੀਵਰਸਿਟੀ ਖੇਡਾਂ ਵਿਚ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਸਨਮਾਨ ਵਿਚ 5,00,000 ਰੁਪਏ ਦੀ ਵੱਡੀ ਰਕਮ ਨਾਲ਼ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਵੱਖ-ਵੱਖ ਖੇਡਾਂ ਦੇ ਕੋਚਾਂ ਨੂੰ ਸਨਮਾਨਿਤ ਕੀਤਾ ਗਿਆ। ਹਾਕੀ ਖਿਡਾਰਨ ਸ਼੍ਰੀਮਤੀ ਜੋਤੀ ਨੂੰ ਸਾਲ 2025-26 ਦੌਰਾਨ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਸਾਲ ਦੀ ਸਰਵੋਤਮ ਖਿਡਾਰੀ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੇ ਗਿੱਧੇ ਅਤੇ ਲੋਕ ਗੀਤ ਦੇ ਆਪਣੇ ਮਨਮੋਹਕ ਪ੍ਰਦਰਸ਼ਨ ਨਾਲ਼ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਐਡਵੋਕੇਟ ਸੁਦਰਸ਼ਨ ਕਪੂਰ, ਚੇਅਰਮੈਨ, ਸਥਾਨਕ ਸਲਾਹਕਾਰ ਕਮੇਟੀ ਨੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ। ਡਾ. ਨਿੱਝਰ, ਸ਼੍ਰੀਮਤੀ ਬਲਬੀਰ ਕੌਰ ਬੇਦੀ, ਡਾ. ਪੀ ਐੱਸ ਗਰੋਵਰ,ਡਾ. ਕਵਲ ਬਾਗੀ, ਸ਼੍ਰੀ ਅਸਵਨੀ ਕਪੂਰ, ਸਥਾਨਕ ਕਮੇਟੀ ਦੇ ਮੈਂਬਰ, ਆਰੀਆ ਸਮਾਜ ਦੇ ਮੈਂਬਰ, ਸ਼੍ਰੀ ਪਿਆਰੇ ਲਾਲ ਸੇਠ, ਡਾ. ਅਰਵਿੰਦ ਸ਼ਰਮਾ, ਸ਼੍ਰੀ ਅਨਿਲ ਵਿਨਾਇਕ, ਅਤੇ ਸ਼੍ਰੀ ਅਤੁਲ ਮਹਿਰਾ ਇਸ ਮੌਕੇ ਮੌਜੂਦ ਰਹੇ । ਸਮਾਗਮ ਦਾ ਸਮਾਪਨ ਰਾਸ਼ਟਰੀ ਗੀਤ ਗਾਇਨ ਨਾਲ਼ ਹੋਇਆ।




