ਅੰਮ੍ਰਿਤਸਰ ਰੇਲਵੇ ਸਟੇਸ਼ਨ ਦੀ ਵੱਡੀ ਕਾਰਵਾਈ: ਲੁੱਟ-ਖੋਹ ਕਰਨ ਵਾਲਾ ਗਰੋਹ ਕਾਬੂ, 10 ਮੋਬਾਇਲ ਤੇ 2 ਚਾਕੂ ਬਰਾਮਦ

ਅੰਮ੍ਰਿਤਸਰ, 12 ਅਪ੍ਰੈਲ 2026 (ਸੁਖਬੀਰ ਸਿੰਘ,ਅਭਿਨੰਦਨ ਸਿੰਘ)
ਸਪੈਸ਼ਲ ਡੀ.ਜੀ.ਪੀ. ਰੇਲਵੇਜ਼ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜੀ.ਆਰ.ਪੀ. ਅੰਮ੍ਰਿਤਸਰ ਵੱਲੋਂ ਰੇਲਵੇ ਸਟੇਸ਼ਨ ਅਤੇ ਰੇਲਗੱਡੀਆਂ ਵਿੱਚ ਯਾਤਰੀਆਂ ਨਾਲ ਹੋ ਰਹੀਆਂ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਸਖਤ ਕਾਰਵਾਈ ਕੀਤੀ ਜਾ ਰਹੀ ਹੈ।
ਇਸੇ ਮੁਹਿੰਮ ਤਹਿਤ 8 ਅਪ੍ਰੈਲ 2026 ਨੂੰ SI ਜਗਦੀਸ਼ ਸਿੰਘ ਸਮੇਤ ਜੀ.ਆਰ.ਪੀ. ਅਤੇ RPF ਟੀਮ ਵੱਲੋਂ ਚੈਕਿੰਗ ਦੌਰਾਨ ਮੁਖਬਰ ਤੋਂ ਸੁਚਨਾ ਮਿਲੀ ਕਿ ਭੰਡਾਰੀ ਪੁੱਲ ਦੇ ਥੱਲੇ ਇੱਕ ਗਰੋਹ ਵੱਡੀ ਵਾਰਦਾਤ ਦੀ ਯੋਜਨਾ ਬਣਾ ਰਿਹਾ ਹੈ। ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਦੋ ਟੀਮਾਂ ਬਣਾ ਕੇ ਛਾਪਾ ਮਾਰਿਆ ਅਤੇ ਗਰੋਹ ਦੇ ਚਾਰ ਮੈਂਬਰਾਂ ਨੂੰ ਘੇਰਾਬੰਦੀ ਕਰਕੇ ਕਾਬੂ ਕਰ ਲਿਆ।
ਗ੍ਰਿਫ਼ਤਾਰ ਕੀਤੇ ਗਏ ਆਰੋਪੀਆਂ ਵਿੱਚ ਹਰਪ੍ਰੀਤ ਸਿੰਘ ਉਰਫ ਹੈਪੀ, ਮਨਦੀਪ ਕੁਮਾਰ ਉਰਫ ਨਿੱਕਾ, ਦਿਲਬਾਗ ਸਿੰਘ ਉਰਫ ਜਾਨੀ ਅਤੇ ਅਕਾਸ਼ ਸ਼ਾਮਲ ਹਨ। ਤਲਾਸ਼ੀ ਦੌਰਾਨ ਪੁਲਿਸ ਨੂੰ ਉਨ੍ਹਾਂ ਕੋਲੋਂ ਕੁੱਲ 10 ਚੋਰੀਸ਼ੁਦਾ ਮੋਬਾਇਲ ਫੋਨ ਅਤੇ 2 ਕਮਾਨੀਦਾਰ ਚਾਕੂ ਬਰਾਮਦ ਹੋਏ।
ਪੁਲਿਸ ਅਧਿਕਾਰੀਆਂ ਦੇ ਅਨੁਸਾਰ ਇਹ ਗਰੋਹ ਕਾਫੀ ਸਮੇਂ ਤੋਂ ਰੇਲਵੇ ਸਟੇਸ਼ਨ ਅਤੇ ਰੇਲਗੱਡੀਆਂ ਵਿੱਚ ਯਾਤਰੀਆਂ ਨੂੰ ਨਿਸ਼ਾਨਾ ਬਣਾ ਰਿਹਾ ਸੀ। SHO ਸੁਖਵਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਇਸ ਗਰੋਹ ਨੂੰ ਕਾਬੂ ਕਰਨ ਲਈ ਖਾਸ ਟੀਮਾਂ ਵੱਲੋਂ ਦਿਨ-ਰਾਤ ਨਾਕੇਬੰਦੀ ਅਤੇ ਨਿਗਰਾਨੀ ਕੀਤੀ ਜਾ ਰਹੀ ਸੀ, ਜਿਸ ਦੇ ਨਤੀਜੇ ਵਜੋਂ ਇਹ ਵੱਡੀ ਸਫਲਤਾ ਮਿਲੀ ਹੈ।
ਗ੍ਰਿਫ਼ਤਾਰ ਆਰੋਪੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਅਗਲੀ ਤਫਤੀਸ਼ ਜਾਰੀ ਹੈ। ਪੁਲਿਸ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ ਤਾਂ ਜੋ ਯਾਤਰੀਆਂ ਦੀ ਜਾਨ ਅਤੇ ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।



