Breaking NewsNews
Trending

ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਵਫ਼ਦ ਨੇ ਕੀਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ

ਮਕਸਦ - ਦੋਵਾਂ ਯੂਨੀਵਰਸਿਟੀਆਂ ਵਿਚਕਾਰ ਬੌਧਿਕ ਸਾਂਝ ਪੈਦਾ ਕਰਨਾ ਅਤੇ ਪੰਜਾਬੀ ਅਧਿਐਨ ਨੂੰ ਦਰਪੇਸ਼ ਨਵੀਆਂ ਚੁਣੌਤੀਆਂ ਬਾਰੇ ਸਾਂਝੇ ਹੱਲ ਤਲਾਸ਼ਣਾ

 ਅੰਮ੍ਰਿਤਸਰ,01 ਮਈ 2026  (ਸੁਖਬੀਰ ਸਿੰਘ,ਅਭਿਨੰਦਨ ਸਿੰਘ)

ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦਾ ਇੱਕ ਉੱਚ-ਪੱਧਰੀ ਵਫ਼ਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿਖੇ ਵਿਦਿਅਕ ਅਤੇ ਅਕਾਦਮਿਕ ਦੌਰੇ ਲਈ ਪਹੁੰਚਿਆ। ਇਸ ਵਫ਼ਦ ਵਿੱਚ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਅਤੇ ਡਾ. ਲਤਾ ਖੇੜਾ ਸਮੇਤ ਖੋਜਾਰਥੀ ਅਤੇ ਪੋਸਟ-ਗ੍ਰੈਜੂਏਟ ਵਿਦਿਆਰਥੀ ਸ਼ਾਮਲ ਸਨ। ਇਸ ਫੇਰੀ ਦਾ ਮੁੱਖ ਮਕਸਦ ਦੋਵਾਂ ਯੂਨੀਵਰਸਿਟੀਆਂ ਵਿਚਕਾਰ ਬੌਧਿਕ ਸਾਂਝ ਪੈਦਾ ਕਰਨਾ ਅਤੇ ਪੰਜਾਬੀ ਅਧਿਐਨ ਦੀਆਂ ਨਵੀਆਂ ਚੁਣੌਤੀਆਂ ਬਾਰੇ ਸਾਂਝੇ ਹੱਲ ਤਲਾਸ਼ਣਾ ਸੀ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਰਹਿਨੁਮਾਈ ਅਤੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਦੀ ਅਗਵਾਈ ਅਧੀਨ ਹੇਠ ਵਫ਼ਦ ਦੇ ਯੂਨੀਵਰਸਿਟੀ ਕੈਂਪਸ ਪਹੁੰਚਣ ਉੱਤੇ ਡਾ.ਮਨਜਿੰਦਰ ਸਿੰਘ ਅਤੇ ਸਮੂਹ ਅਧਿਆਪਕ ਸਾਹਿਬਾਨ ਵੱਲੋਂ ਸਨਮਾਨ ਚਿੰਨ੍ਹ ਭੇਟ ਕਰਕੇ ਵਫ਼ਦ ਦਾ ਭਰਵਾਂ ਸਵਾਗਤ ਕੀਤਾ ਗਿਆ।

ਡਾ.ਮਨਜਿੰਦਰ ਸਿੰਘ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀਆਂ ਸਾਹਿਤਕ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪ੍ਰਸਾਰ ਲਈ ਅਕਾਦਮਿਕ ਸੰਸਥਾਵਾਂ ਦਾ ਆਪਸੀ ਤਾਲਮੇਲ ਇੱਕ ਅਹਿਮ ਕੜੀ ਵਜੋਂ ਕੰਮ ਕਰਦਾ ਹੈ।ਇਸ ਉਪਰੰਤ ਡਾ. ਲਤਾ ਖੇੜਾ ਨੇ ਕਿਹਾ ਕਿ ਇਸ ਮਿਲਣੀ ਨੇ ਦੋਵਾਂ ਗੁਆਂਢੀ ਰਾਜਾਂ ਦੇ ਪੰਜਾਬੀ ਸਾਹਿਤਕ ਮਾਹੌਲ ਨੂੰ ਹੋਰ ਨੇੜੇ ਲਿਆਂਦਾ ਹੈ ।

ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਮੀਰ ਅਕਾਦਮਿਕ ਸਰੋਤਾਂ ਅਤੇ ਲਾਇਬ੍ਰੇਰੀ ਦੀ ਭਰਪੂਰ ਪ੍ਰਸੰਸਾ ਕੀਤੀ। ਉਹਨਾਂ ਕਿਹਾ ਕਿ ਇਹ ਦੌਰਾ ਨਾ ਕੇਵਲ ਇੱਕ ਰਸਮੀ ਮੁਲਾਕਾਤ ਹੈ ਸਗੋਂ ਪੰਜਾਬੀ ਅਕਾਦਮਿਕ ਜਗਤ ਲਈ ਅਨੁਭਵਾਂ ਦੇ ਸੰਦਰਭ ਵਿਚ ਇਕ ਮੀਲ ਪੱਥਰ ਵਾਂਗ ਹੈ। ਉਹਨਾਂ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਦੋਵੇਂ ਵਿਭਾਗ ਮਿਲ ਕੇ ਸਾਂਝੇ ਖੋਜ-ਪ੍ਰੋਜੈਕਟਾਂ ਅਤੇ ਕਾਨਫਰੰਸਾਂ ਦਾ ਆਯੋਜਨ ਕਰਨਗੇ।

ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਖੋਜਾਰਥੀ ਬਲਜੀਤ ਸਿੰਘ ਨੇ ਕਿਹਾ ਕਿ ਅਜਿਹੇ ਸਮਾਗਮ ਪੰਜਾਬੀ ਭਾਸ਼ਾ ਦੇ ਖੋਜ-ਵਿਦਿਆਰਥੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦਾ ਅਹਿਮ ਮਾਧਿਅਮ ਸਾਬਿਤ ਹੁੰਦੇ ਹਨ । ਇਸ ਮੌਕੇ ਉੱਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਵਿਦਿਆਰਥਣ ਜੋਤੀ ਅਤੇ ਪ੍ਰਿਆ ਨੇ ਸੁਹਾਗ ਅਤੇ ਪੰਜਾਬੀ ਗੀਤ ਗਾ ਕੇ ਸਰੋਤਿਆਂ ਦਾ ਮਨ ਮੋਹ ਲਿਆ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਖੋਜ-ਵਿਦਿਆਰਥੀ ਸੁਖਮਨਪ੍ਰੀਤ ਸਿੰਘ ਨੇ ਦੋਵਾਂ ਸੰਸਥਾਵਾਂ ਦੇ ਖੋਜਾਰਥੀਆਂ ਨੇ ਆਪਣੇ ਖੋਜ-ਕਾਰਜਾਂ ਦੀ ਪ੍ਰਗਤੀ ਅਤੇ ਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।

ਸਮਾਗਮ ਦਾ ਮੁੱਖ ਹਿੱਸਾ ਦੋਵਾਂ ਯੂਨੀਵਰਸਿਟੀਆਂ ਦੇ ਅਧਿਆਪਕਾਂ ਅਤੇ ਖੋਜਾਰਥੀਆਂ ਵਿਚਕਾਰ ਹੋਇਆ ਅਕਾਦਮਿਕ ਸੰਵਾਦ ਰਿਹਾ। ਅਜੋਕੇ ਸਮੇਂ ਵਿੱਚ ਤੁਲਨਾਤਮਕ ਅਧਿਐਨ ਅਤੇ ਅੰਤਰ ਅਨੁਸ਼ਾਸਨੀ ਖੋਜ ਦੀ ਲੋੜ ਤੇ ਜ਼ੋਰ ਦਿੱਤਾ ਗਿਆ। ਹਰਿਆਣਾ ਅਤੇ ਪੰਜਾਬ ਵਿੱਚ ਪੰਜਾਬੀ ਅਧਿਆਪਨ ਦੀ ਮੌਜੂਦਾ ਸਥਿਤੀ ਦਾ ਵਿਸ਼ਲੇਸ਼ਣ ਵੀ ਕੀਤਾ ਗਿਆ।

ਮੰਚ ਸੰਚਾਲਨ ਦੀ ਭੂਮਿਕਾ ਡਾ. ਬਲਜੀਤ ਕੌਰ ਰਿਆੜ ਵੱਲੋਂ ਬਾਖ਼ੂਬੀ ਨਿਭਾਈ ਗਈ। ਡਾ. ਮੇਘਾ ਸਲਵਾਨ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਮੀਦ ਪ੍ਰਗਟਾਈ ਕਿ ਅਜਿਹੇ ਵਿਦਿਅਕ ਦੌਰੇ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਲਈ ਨਿਰੰਤਰ ਜਾਰੀ ਰਹਿਣੇ ਚਾਹੀਦੇ ਹਨ। ਇਸ ਮੌਕੇ ਉੱਤੇ ਡਾ. ਹਰਿੰਦਰ ਕੌਰ ਸੋਹਲ, ਡਾ. ਰਾਜਵਿੰਦਰ ਕੌਰ, ਡਾ. ਸਿਮਰਨਜੀਤ ਸਿੰਘ, ਡਾ. ਕੰਵਲਜੀਤ ਕੌਰ ਡਾ. ਕੰਵਲਦੀਪ ਕੌਰ, ਡਾ. ਹਰਿੰਦਰ ਸਿੰਘ ਤੁੜ, ਡਾ. ਜਸਪਾਲ ਸਿੰਘ, ਡਾ. ਸੁਖਪ੍ਰੀਤ ਕੌਰ ਅਤੇ ਡਾ. ਚੰਦਨਪ੍ਰੀਤ ਸਿੰਘ ਤੋਂ ਇਲਾਵਾ ਕਈ ਵਿਦਵਾਨ ਅਤੇ ਮਾਹਿਰ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button