ਅੰਮ੍ਰਿਤਸਰ ‘ਚ ਕੈਮਿਸਟਾਂ ਦੀ ਹੜਤਾਲ ਫੇਲ, ਸਾਰੇ ਮੈਡੀਕਲ ਸਟੋਰ ਆਮ ਵਾਂਗ ਖੁੱਲ੍ਹੇ : ਪੰਜਾਬ ਕੈਮਿਸਟ ਐਸੋਸੀਏਸ਼ਨ

ਅੰਮ੍ਰਿਤਸਰ, 20 ਮਈ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਅੰਮ੍ਰਿਤਸਰ ਸ਼ਹਿਰ ਵਿੱਚ ਕੈਮਿਸਟਾਂ ਦੇ ਦੋ ਧੜਿਆਂ ਵਿਚਾਲੇ ਚੱਲ ਰਹੇ ਵਿਵਾਦ ਦਰਮਿਆਨ 20 ਮਈ ਨੂੰ ਦਿੱਤੀ ਗਈ ਮੈਡੀਕਲ ਸਟੋਰ ਬੰਦ ਕਰਨ ਦੀ ਕਾਲ ਪੂਰੀ ਤਰ੍ਹਾਂ ਬੇਅਸਰ ਸਾਬਤ ਹੋਈ। ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਹੋਲਸੇਲ ਅਤੇ ਰਿਟੇਲ ਦਵਾਈਆਂ ਦੀਆਂ ਦੁਕਾਨਾਂ ਆਮ ਦਿਨਾਂ ਵਾਂਗ ਖੁੱਲ੍ਹੀਆਂ ਰਹੀਆਂ, ਜਿਸ ਨਾਲ ਆਮ ਜਨਤਾ ਅਤੇ ਮਰੀਜ਼ਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਈ।
ਜਾਣਕਾਰੀ ਅਨੁਸਾਰ ਇੱਕ ਧੜੇ ਵੱਲੋਂ ਕੈਮਿਸਟਾਂ ਨੂੰ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ ਗਈ ਸੀ, ਜਦਕਿ ਦੂਸਰੇ ਧੜੇ ਨੇ ਇਸ ਦਾ ਖੁੱਲ੍ਹ ਕੇ ਵਿਰੋਧ ਕਰਦਿਆਂ ਸਾਰੇ ਮੈਡੀਕਲ ਸਟੋਰ ਖੁੱਲ੍ਹੇ ਰੱਖਣ ਦੀ ਅਪੀਲ ਕੀਤੀ। ਦੂਸਰੇ ਧੜੇ ਦੇ ਆਗੂਆਂ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਜਬਰਦਸਤੀ ਬੰਦ ਦੀ ਕਾਲ ਦੇ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਾਜਕੁਮਾਰ ਸ਼ਰਮਾ, ਵਾਈਸ ਚੇਅਰਮੈਨ ਟੀਐਸ ਬਾਵਾ, ਭਾਰਤੀ ਮੈਡੀਕਲ ਸੈਲ ਦੇ ਪ੍ਰਧਾਨ ਮਨਿੰਦਰ ਦੱਤਾ, ਡਿਸਟਰਿਕਟ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਵਿਸ਼ਾਲ ਦੇਵਰਾਜ ਅਤੇ ਹੋਰ ਕੈਮਿਸਟ ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾਵ ਕਿ ਸ਼ਹਿਰ ਦੇ ਮੁੱਖ ਇਲਾਕਿਆਂ ਸਮੇਤ ਦਿਹਾਤੀ ਖੇਤਰਾਂ ਅਤੇ ਸਰਕਾਰੀ ਹਸਪਤਾਲਾਂ ਦੇ ਨੇੜੇ ਵੀ ਸਾਰੇ ਕੈਮਿਸਟ ਸਟੋਰ ਖੁੱਲ੍ਹੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਕਿਸੇ ਵੀ ਕੈਮਿਸਟ ਨੂੰ ਕੋਈ ਦਬਾਅ ਜਾਂ ਤੰਗ-ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ।
ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਕੁਝ ਲੋਕਾਂ ਵੱਲੋਂ ਸਵੇਰੇ ਤੜਕੇ, ਮਾਰਕੀਟ ਖੁੱਲ੍ਹਣ ਤੋਂ ਪਹਿਲਾਂ ਬੰਦ ਦੁਕਾਨਾਂ ਦੇ ਸ਼ਟਰਾਂ ਦੀਆਂ ਤਸਵੀਰਾਂ ਖਿੱਚ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀਆਂ ਗਈਆਂ ਤਾਂ ਜੋ ਲੋਕਾਂ ਵਿੱਚ ਭਰਮ ਪੈਦਾ ਕੀਤਾ ਜਾ ਸਕੇ ਕਿ ਹੜਤਾਲ ਸਫਲ ਰਹੀ ਹੈ। ਹਕੀਕਤ ਵਿੱਚ ਮਾਰਕੀਟ ਦੇ ਖੁੱਲ੍ਹਣ ਦਾ ਸਮਾਂ ਲਗਭਗ 11 ਵਜੇ ਦਾ ਹੁੰਦਾ ਹੈ, ਜਦਕਿ ਇਹ ਤਸਵੀਰਾਂ ਸਵੇਰੇ 8 ਵਜੇ ਦੇ ਕਰੀਬ ਦੀਆਂ ਦੱਸੀਆਂ ਜਾ ਰਹੀਆਂ ਹਨ।
ਵਪਾਰੀ ਆਗੂਆਂ ਨੇ ਕਿਹਾ ਕਿ ਇਹ ਹੜਤਾਲ ਕੁਝ ਵਿਅਕਤੀਗਤ ਹਿੱਤਾਂ ਕਰਕੇ ਸੱਦੀ ਗਈ ਸੀ ਅਤੇ ਇਸਦਾ ਕੈਮਿਸਟ ਭਾਈਚਾਰੇ ਦੇ ਵੱਡੇ ਹਿੱਤਾਂ ਨਾਲ ਕੋਈ ਲੈਣਾ-ਦੇਣਾ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਵਪਾਰੀ ਅਜਿਹੀਆਂ ਕਾਲਾਂ ਤੋਂ ਸਚੇਤ ਹੋ ਚੁੱਕੇ ਹਨ ਅਤੇ ਗੁੰਮਰਾਹਕੁੰਨ ਪ੍ਰਚਾਰ ਦਾ ਹਿੱਸਾ ਨਹੀਂ ਬਣ ਰਹੇ।
ਇਸ ਮਾਮਲੇ ‘ਤੇ ਨੌਜਵਾਨ ਕੈਮਿਸਟ ਆਗੂਆਂ ਨੇ ਵੀ ਆਪਣੀ ਰਾਇ ਦਿੰਦਿਆਂ ਕਿਹਾ ਕਿ ਸਮੇਂ ਦੇ ਨਾਲ ਕੈਮਿਸਟਾਂ ਨੂੰ ਨਵੀਂ ਤਕਨੀਕ ਅਤੇ ਆਨਲਾਈਨ ਫਾਰਮੇਸੀ ਦੇ ਚੈਲੈਂਜ ਨਾਲ ਨਿਪਟਣ ਲਈ ਤਿਆਰ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਬੰਦ ਅਤੇ ਹੜਤਾਲਾਂ ਇਸਦਾ ਹੱਲ ਨਹੀਂ ਹਨ, ਸਗੋਂ ਨਵੀਂ ਸੋਚ ਅਤੇ ਅਪਡੇਟ ਹੋਣ ਦੀ ਲੋੜ ਹੈ।
ਅਖੀਰ ਵਿੱਚ ਵਪਾਰੀ ਆਗੂਆਂ ਨੇ ਸਪੱਸ਼ਟ ਕੀਤਾ ਕਿ ਉਹ ਭਵਿੱਖ ਵਿੱਚ ਵੀ ਕਿਸੇ ਵੀ ਤਰ੍ਹਾਂ ਦੇ ਬੰਦ ਦੇ ਹੱਕ ਵਿੱਚ ਨਹੀਂ ਹਨ ਅਤੇ ਲੋਕਾਂ ਨੂੰ ਸਹੀ ਜਾਣਕਾਰੀ ਤੱਕ ਪਹੁੰਚਾਉਣਾ ਹੀ ਉਨ੍ਹਾਂ ਦੀ ਪਹਿਲ ਹੈ।



