Breaking NewsNews
Trending

ਭੀਖ ਮੰਗਣ ਦੀ ਪ੍ਰਵਿਰਤੀ ਰੋਕਣ ਲਈ ਸਮਾਈਲ ਸਕੀਮ ਤਹਿਤ ਵਿਸ਼ੇਸ਼ ਰੈਸਕਿਊ ਮੁਹਿੰਮ, 10 ਵਿਅਕਤੀ ਰੈਸਕਿਊ

ਅੰਮ੍ਰਿਤਸਰ, 12 ਜੂਨ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)

ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅੰਮ੍ਰਿਤਸਰ ਸ੍ਰੀ ਰੁਪਿੰਦਰ ਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਵੱਲੋਂ ਚਲਾਈ ਜਾ ਰਹੀ ਸਮਾਈਲ (SMILE) ਸਕੀਮ ਤਹਿਤ ਅੱਜ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਰੈਸਕਿਊ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦਾ ਉਦੇਸ਼ ਭੀਖ ਮੰਗਣ ਦੀ ਪ੍ਰਵਿਰਤੀ ਨੂੰ ਰੋਕਣਾ ਅਤੇ ਲੋੜਵੰਦ ਵਿਅਕਤੀਆਂ ਦੇ ਪੁਨਰਵਾਸ ਨੂੰ ਯਕੀਨੀ ਬਣਾਉਣਾ ਸੀ।

ਸਮਾਈਲ ਸਕੀਮ ਦੀ ਇੰਪਲੀਮੈਂਟਿੰਗ ਏਜੰਸੀ ਉੱਮੀਦ ਸੰਸਥਾ ਵੱਲੋਂ ਸ੍ਰੀਮਤੀ ਅਨੁਰਾਧਾ, ਪ੍ਰੋਜੈਕਟ ਮੈਨੇਜਰ ਦੀ ਅਗਵਾਈ ਹੇਠ ਚਲਾਈ ਗਈ ਇਸ ਮੁਹਿੰਮ ਵਿੱਚ ਪੁਲਿਸ ਵਿਭਾਗ, ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ, ਜ਼ਿਲ੍ਹਾ ਭਲਾਈ ਵਿਭਾਗ, ਜ਼ਿਲ੍ਹਾ ਸਿੱਖਿਆ ਵਿਭਾਗ ਅਤੇ ਹੋਰ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ। ਟੀਮ ਵੱਲੋਂ ਦੁਰਗਿਆਣਾ ਮੰਦਰ, ਗਊਸ਼ਾਲਾ ਲੋਹਗੜ੍ਹ ਅਤੇ ਹੋਰ ਸੰਵੇਦਨਸ਼ੀਲ ਥਾਵਾਂ ’ਤੇ ਵਿਸ਼ੇਸ਼ ਜਾਂਚ ਕੀਤੀ ਗਈ।

ਰੈਸਕਿਊ ਦੌਰਾਨ ਭੀਖ ਮੰਗਣ ਦੀ ਗਤੀਵਿਧੀ ਵਿੱਚ ਸ਼ਾਮਲ 10 ਵਿਅਕਤੀਆਂ ਨੂੰ ਰੈਸਕਿਊ ਕੀਤਾ ਗਿਆ। ਇਨ੍ਹਾਂ ਵਿਅਕਤੀਆਂ ਦੀ ਕਾਊਂਸਲਿੰਗ ਕਰਕੇ ਉਨ੍ਹਾਂ ਨੂੰ ਸਰਕਾਰ ਵੱਲੋਂ ਉਪਲਬਧ ਪੁਨਰਵਾਸ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਸ੍ਰੀ ਰੁਪਿੰਦਰ ਪਾਲ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਮੰਤਵ ਕੇਵਲ ਭੀਖ ਮੰਗਣ ਵਾਲੇ ਵਿਅਕਤੀਆਂ ਨੂੰ ਸੜਕਾਂ ਤੋਂ ਹਟਾਉਣਾ ਨਹੀਂ, ਸਗੋਂ ਉਨ੍ਹਾਂ ਦਾ ਸਥਾਈ ਪੁਨਰਵਾਸ ਕਰਕੇ ਸਮਾਜ ਦੀ ਮੁੱਖ ਧਾਰਾ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਮੁਹਿੰਮਾਂ ਭਵਿੱਖ ਵਿੱਚ ਵੀ ਨਿਰੰਤਰ ਜਾਰੀ ਰਹਿਣਗੀਆਂ ਤਾਂ ਜੋ ਲੋੜਵੰਦ ਵਿਅਕਤੀਆਂ ਨੂੰ ਸਨਮਾਨਜਨਕ ਜੀਵਨ ਜਿਊਣ ਦਾ ਮੌਕਾ ਮਿਲ ਸਕੇ।

ਸ੍ਰੀਮਤੀ ਅਨੁਰਾਧਾ, ਪ੍ਰੋਜੈਕਟ ਮੈਨੇਜਰ, ਸਮਾਈਲ ਸਕੀਮ ਨੇ ਦੱਸਿਆ ਕਿ ਰੈਸਕਿਊ ਕੀਤੇ ਗਏ ਵਿਅਕਤੀਆਂ ਨੂੰ ਲੋੜ ਅਨੁਸਾਰ ਸ਼ੈਲਟਰ, ਸਿਹਤ ਸੇਵਾਵਾਂ, ਕਾਊਂਸਲਿੰਗ ਅਤੇ ਹੁਨਰ ਵਿਕਾਸ ਪ੍ਰੋਗਰਾਮਾਂ ਨਾਲ ਜੋੜ ਕੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ।

ਜ਼ਿਲ੍ਹਾ ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭੀਖ ਦੇਣ ਦੀ ਬਜਾਏ ਅਜਿਹੇ ਲੋੜਵੰਦ ਵਿਅਕਤੀਆਂ ਬਾਰੇ ਪ੍ਰਸ਼ਾਸਨ ਨੂੰ ਸੂਚਿਤ ਕਰਨ ਤਾਂ ਜੋ ਉਨ੍ਹਾਂ ਦਾ ਯੋਗ ਪੁਨਰਵਾਸ ਕਰਕੇ ਉਨ੍ਹਾਂ ਨੂੰ ਬਿਹਤਰ ਜੀਵਨ ਪ੍ਰਦਾਨ ਕੀਤਾ ਜਾ ਸਕੇ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button