ਖ਼ਾਲਸਾ ਕਾਲਜ ਐਜ਼ੂਕੇਸ਼ਨ, ਜੀ. ਟੀ. ਰੋਡ ਵੱਲੋਂ ਗਲੋਬਲ ਰੀਚ ਫ਼ਾਊਂਡੇਸ਼ਨ ਦੇ ਸਹਿਯੋਗ ਨਾਲ ‘6ਵਾਂ ਟੀਚਰ ਆਫ਼ ਦਾ ਯੀਅਰ ਆਫ਼ ਪੰਜਾਬ ਐਵਾਰਡ’ ਦਾ ਐਲਾਨ
ਅੰਮ੍ਰਿਤਸਰ, 30 ਮਾਰਚ ( ਸੁਖਬੀਰ ਸਿੰਘ,ਅਭਿਨੰਦਨ ਸਿੰਘ)
ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਜੀ. ਟੀ. ਰੋਡ ਵਿਖੇ ਖ਼ਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਦੀ ਅਗਵਾਈ ਹੇਠ ਖ਼ਾਲਸਾ ਗਲੋਬਲ ਰੀਚ ਫਾਊਂਡੇਸਨ ਯੂ. ਐਸ. ਏ. ਵੱਲੋਂ ਅਧਿਆਪਕਾਂ ਦੀ ਹੌਂਸਲਾ ਅਫ਼ਜਾਈ ਸਬੰਧੀ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸਹਿਯੋਗ ਨਾਲ ਉਲੀਕੇ ‘6ਵਾਂ ਟੀਚਰ ਆਫ਼ ਦਾ ਯੀਅਰ ਆਫ਼ ਪੰਜਾਬ ਐਵਾਰਡ’ ਦੀਆਂ ਤਿਆਰੀਆਂ ਸਬੰਧੀ ਅੱਜ ਇਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਮੌਕੇ ਫ਼ਾਊਡੇਂਸਨ ਦੇ ਕੋਆਰਡੀਨੇਟਰ ਡਾ. ਸਰਬਜੀਤ ਸਿੰਘ ਹੁਸ਼ਿਆਰ ਨਗਰ ਨੇ ਡਾ. ਕੁਮਾਰ ਤੇ ਹੋਰ ਸਟਾਫ਼ ਨਾਲ ਮਿਲ ਕੇ ਪੋਸਟਰ ਜਾਰੀ ਕਰਦਿਆਂ ਉਕਤ ਪ੍ਰੋਗਰਾਮ ਦਾ ਐਲਾਨ ਕੀਤਾ।
ਇਸ ਸਬੰਧੀ ਡਾ. ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਿੱਥੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਵਾਸਤੇ ਕਈ ਪ੍ਰੋਗਰਾਮ ਬਣਾਏ ਹਨ, ਉੱਥੇ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇ ਰਹੀ ਉਕਤ ਸੰਸਥਾ ਵੱਲੋਂ ਮਹੱਤਵਪੂਰਨ ਸੇਵਾਵਾਂ ਨਿਭਾਉਣ ਵਾਲੇ ਅਧਿਆਪਕਾਂ ਦੀ ਹੌਂਸਲਾ ਅਫਜਾਈ ਸਬੰਧੀ ਉਪਰੋਕਤ 6ਵਾਂ ਟੀਚਰ ਐਵਾਰਡ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਉਕਤ ਐਵਾਰਡ ਦੇ ਪ੍ਰੋਗਰਾਮ ਲਈ ਈਮੇਲ ਰਾਹੀਂ ਅਰਜ਼ੀਆਂ ਲੈਣ ਦੀ ਆਖ਼ਰੀ ਮਿਤੀ 30 ਅਪ੍ਰੈਲ ਨਿਰਧਾਰਿਤ ਕੀਤੀ ਗਈ ਹੈ, ਜਦਕਿ ਇਸ ਸਬੰਧੀ ਦਸਤਾਵੇਜ ਭੇਜਣ ਦੀ ਆਖ਼ਰੀ ਮਿਤੀ 15 ਮਈ 2026 ਹੈ। ਜਿਸ ਸਬੰਧੀ ਸਾਡੀ ਮੇਲ ਆਈਡੀ: kcegtroadawards0gmail.
ਇਸ ਮੌਕੇ ਡਾ. ਹੁਸ਼ਿਆਰ ਨਗਰ ਨੇ ਕਿਹਾ ਕਿ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਅਤੇ ਗਲੋਬਲ ਫ਼ਾਊਂਡੇਸ਼ਨ ਦੇ ਫ਼ਾਊਂਡਰ ਡਾ. ਬਖਸ਼ੀਸ਼ ਸਿੰਘ ਦਾ ਸੁਪਨਾ ਹੈ ਕਿ ਅਧਿਆਪਕ ਦੇ ਕੀਤੇ ਕੰਮ ਦਾ ਮੁਲਾਂਕਣ ਕਰ ਕੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਕਿ ਉਹ ਆਪਣੇ ਕਾਰਜ ਹੋਰ ਵਧਿਆ ਢੰਗ ਨਾਲ ਕਰ ਸਕਣ, ਇਸੇ ਨੂੰ ਪੂਰਾ ਕਰਨਾ ਹੀ ਸਾਡਾ ਮੁੱਖ ਮਕਸਦ ਹੈ। ਉਨ੍ਹਾਂ ਕਿਹਾ ਕਿ 2020 ਤੋਂ ਅਗਾਜ਼ ਕੀਤੇ ਗਏ ਉਕਤ ਐਵਾਰਡ ਸਬੰਧੀ ਵੱਡੀ ਤਦਾਦ ’ਚ ਅਧਿਆਪਕਾਵਾਂ ਵੱਲੋਂ ਅਪਲਾਈ ਕੀਤਾ ਜਾਂਦਾ ਹੈ ਅਤੇ ਹੁਣ ਇਸ ਸਾਲ ਵੀ ਉਕਤ ਪ੍ਰੋਗਰਾਮ ਦੀਆਂ ਤਿਆਰੀਆਂ ਸਬੰਧੀ ਡਾ. ਕੁਮਾਰ ਅਤੇ ਸਬੰਧਿਤ ਸਟਾਫ਼ ਵੱਲੋਂ ਸਮੂਹ ਕੰਮ ਨੂੰ ਬੜੀ ਮਿਹਨਤ ਨਾਲ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਚੇਅਰਮੈਨ ਵੱਲੋਂ ਇਸ ਸਬੰਧੀ ਜ਼ਿਲ੍ਹਾ ਪੱਧਰ ’ਤੇ ਸੱਦਾ ਪੱਤਰ ਸਮੂਹ ਡੀ. ਓ. ਨੂੰ ਭੇਜਿਆ ਜਾਵੇਗਾ।
ਇਸ ਸਬੰਧੀ ਡਾ. ਹੁਸ਼ਿਆਰ ਨਗਰ ਨੇ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਅਤੇ ਸ: ਛੀਨਾ ਵੱਲੋਂ ਪ੍ਰੋਗਰਾਮ ਦੇ ਨੇਪਰੇ ਚਾੜ੍ਹਣ ਲਈ ਦਿੱਤੇ ਜਾ ਰਹੇ ਭਰਪੂਰ ਸਹਿਯੋਗ ਤੇ ਹੱਲ੍ਹਾਸ਼ੇਰੀ ਲਈ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਐਵਾਰਡ ਜੇਤੂਆਂ ਨੂੰ 1 ਲੱਖ ਤੋਂ ਲੈ ਕੇ 10 ਹਜ਼ਾਰ ਰੁਪਏ ਤੱਕ ਦੇ ਚੈਕ ਇਨਾਮ ਵਜੋਂ ਦਿੱਤੇ ਜਾਣਗੇ। ਇਸ ਮੀਟਿੰਗ ਦੌਰਾਨ ਕਮੇਟੀ ਮੈਂਬਰ ਡਾ. ਨਿਰਮਲਜੀਤ ਕੌਰ, ਡਾ. ਗੁਰਜੀਤ ਕੌਰ, ਪ੍ਰੋ: ਰਾਜਵਿੰਦਰ ਕੌਰ, ਡਾ. ਅਵਨੀਤ ਕੌਰ, ਡਾ. ਹਰਸਿਮਰਨਜੀਤ ਕੌਰ ਸ਼ਾਮਿਲ ਹੋਏ।



