AmritsarBreaking NewsE-PaperEducation‌Local NewsPunjabState
Trending

ਨੌਵਾਂ ਪ੍ਰਮਿੰਦਰਜੀਤ ਯਾਦਗਾਰੀ ਪੁਰਸਕਾਰ ਸ਼ਾਇਰ ਵਿਸ਼ਾਲ ਨੂੰ ਅਤੇ ਸਨਮਾਨ-ਸਮਾਰੋਹ 9 ਫਰਵਰੀ ਨੂੰ

ਅੰਮ੍ਰਿਤਸਰ, 7 ਫਰਵਰੀ 2025 (ਸੁਖਬੀਰ ਸਿੰਘ, ਅਭਿਨੰਦਨ ਸਿੰਘ)

ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਇਪਸਾ ਆਸਟ੍ਰੇਲੀਆ ਦੇ ਸਹਿਯੋਗ ਨਾਲ ਇਸ ਵਾਰ ਦਾ ਵਿਕਾਰੀ ਨੌਵਾਂ ਪ੍ਰਮਿੰਦਰਜੀਤ ਯਾਦਗਾਰੀ ਪੁਰਸਕਾਰ ਉੱਘੇ ਕਵੀ ਤੇ ਸੰਪਾਦਕ ਸ਼੍ਰੀ ਵਿਸ਼ਾਲ ਨੂੰ ਦੇਣ ਦਾ ਫੈਸਲਾ ਹੋਇਆ ਹੈ।9 ਫਰਵਰੀ, ਦਿਨ ਐਤਵਾਰ ਦਸਮੇਸ਼ ਪਬਲਿਕ ਸਕੂਲ, ਬਾਬਾ ਬਕਾਲਾ ਸਾਹਿਬ ਵਿਖੇ ਇਹ ਸਨਮਾਨ ਉਨ੍ਹਾਂ ਨੂੰ ਪੰਜਾਬੀ ਦੇ ਉੱਘੇ ਗਜ਼ਲਕਾਰ ਗੁਰਤੇਜ ਕੋਹਾਰਵਾਲਾ, ਵਿਸ਼ੇਸ਼ ਮਹਿਮਾਨ ਲੇਖਕ ਤੇ ਫ਼ਿਲਮੀ ਲੇਖਕ ਕੁਲਦੀਪ ਸਿੰਘ ਬੇਦੀ ਤੋਂ ਇਲਾਵਾ ਉੱਘੇ ਕਵੀ,ਅਲੋਚਕ ਪ੍ਰੋ. ਕੁਲਵੰਤ ਔਜਲਾ ਦੇਣਗੇ । ਇਸ ਸਮਾਰੋਹ ਦੇ ਪ੍ਰਧਾਨਗੀ ਮੰਡਲ ‘ਚ ਡਾ. ਗੋਪਾਲ ਸਿੰਘ ਬੁੱਟਰ, ਮੱਖਣ ਕੋਹਾੜ , ਸ਼ਾਇਰ ਇੰਦਰੇਸ਼ ਮੀਤ, ਕਹਾਣੀਕਾਰ ਦੀਪ ਦਵਿੰਦਰ, ਕੰਵਰ ਇਕਬਾਲ ਤੇ ਗੁਰਮੀਤ ਸਿੰਘ ਬਾਜਵਾ ਸ਼ਾਮਲ ਹੋਣਗੇ।

‘ਪ੍ਰਮਿੰਦਰਜੀਤ ਯਾਦਗਾਰੀ ਪੁਰਸਕਾਰ’ ਦੀ ਖਾਸੀਅਤ ਹੈ ਕਿ ਇਸ ਵਿਚ ਮਾਨ-ਸਨਮਾਨ ਅਤੇ ਨਗਦ ਰਾਸ਼ੀ ਤੋਂ ਇਲਾਵਾ ਪੰਜਾਬੀ ਸਾਹਿਤ ਤੇ ਗੰਭੀਰ ਚਰਚਾ ਵੀ ਹੁੰਦੀ ਹੈ ਅਤੇ ਸਨਮਾਨਿਤ ਸ਼ਖ਼ਸੀਅਤ ਦੇ ਸਾਹਿਤ ਜਗਤ ਵਿਚ ਯੋਗਦਾਨ ਨੂੰ ਸਾਹਮਣੇ ਲਿਆਂਦਾ ਜਾਂਦਾ ਹੈ।ਇਸ ਸ਼ਾਨਦਾਰ ਪਿਰਤ ਦੇ ਲਈ ਜਿੱਥੇ ਪ੍ਰਬੰਧਕ ਵਧਾਈ ਦੇ ਪਾਤਰ ਹਨ ਉੱਥੇ ਇਸ ਉਪਲਬਧੀ ‘ਤੇ ਪੰਜਾਬੀ ਸਾਹਿਤਕ ਜਗਤ ਵੱਲੋਂ ਸ਼ਾਇਰ ਵਿਸ਼ਾਲ ਨੂੰ ਵੀ ਵਧਾਈ ਦੇਣੀ ਬਣਦੀ ਹੈ।

ਉਸ ਨੇ ਪੰਜਾਬੀ ਸਾਹਿਤ ਵਿਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ। ਉਹ ਪੂਰੀ ਤਰ੍ਹਾਂ ਪੰਜਾਬੀ ਸਾਹਿਤ ਨੂੰ ਤਾਂ ਸਮਰਪਿਤ ਹੈ ਹੀ ਹੈ ਇਸ ਤੋਂ ਇਲਾਵਾ ਪੰਜਾਬੀ ਸਾਹਿਤ ਨੂੰ ਉਚਾ ਚੁੱਕਣ ਵਾਲਿਆਂ ਦੇ ਨਾਲ ਵੀ ਜਿੰਮੇਵਾਰੀਆਂ ਨਿਭਾਉਂਦਾ ਨਜ਼ਰ ਆਉਂਦਾ ਹੈ। ਉਸ ਨੇ ਆਪਣੀਆਂ ਸੰਜੀਦਾ ਸੰਪਾਦਕੀਆਂ ਰਾਹੀਂ ਜਿੱਥੇ ਬੇਬਾਕ ਟਿੱਪਣੀਆਂ ਕਰਕੇ ਵਿਦਵਾਨ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਉੱਥੇ ਉਸ ਆਪਣੀ ਦਿਲਖਿਚਵੀ ਅਤੇ ਦਿਲਵਿੰਵੀਂ ਵਾਰਤਕ ਸ਼ੈਲੀ ਨਾਲ ਪਾਠਕਾਂ ਦਾ ਘੇਰਾ ਵਿਸ਼ਾਲ ਕੀਤਾ ਹੈ। ਉਸ ਦੀ ਕਾਵਿ ਸ਼ੈਲੀ ਤਾਂ ਹੈ ਹੀ ਕਮਾਲ ਦੀ ਹੈ।ਪ੍ਰਬੰਧਕਾਂ ਵੱਲੋਂ ਸ਼ਾਇਰ ਵਿਸ਼ਾਲ ਨੂੰ ਦਿੱਤਾ ਜਾ ਰਿਹਾ ਸਨਮਾਨ ਉਸ ਦੇ ਇੱਕ ਪੰਜਾਬੀ ਦੇ ਨਾਮਵਰ ਸ਼ਾਇਰ ਹੋਣ, ਇੱਕ ਚੰਗੇ ਗੀਤਕਾਰ, ਸੰਪਾਦਕ, ਵਾਰਤਕ ਲੇਖਕ ਹੋਣ ਵੱਜੋਂ ਮਾਨਤਾ ਦੇਣ ਦੇ ਬਰਾਬਰ ਹੈ। ਇੱਕ ਸ਼ਾਇਰ ਵਜੋਂ ਆਪਣੀ ਪਛਾਣ ਬਣਾਉਣ ਵਿਚ ਕਾਮਯਾਬ ਹੋਏ ਵਿਸ਼ਾਲ ਵੱਲੋਂ ਪੰਜਾਬੀ ਸਾਹਿਤ ਦੀ ਝੋਲੀ ਵਿਚ “ਤਿਤਲੀ ਤੇ ਕਾਲੀ ਹਵਾ”, “ਕੈਨਵਸ ਕੋਲ ਪਈ ਬੰਸਰੀ”, “ਮੈਂ ਅਜੇ ਹੋਣਾ ਹੈ” ਅਤੇ “ਤ੍ਰੇਹ ” ਵਰਗੀਆਂ ਮਸ਼ਹੂਰ ਕਾਵਿ-ਪੁਸਤਕਾਂ ਪਾਈਆਂ ਹਨ ।

“ਇਟਲੀ ‘ਚ ਮੌਲਦਾ ਪੰਜਾਬ” ਅਤੇ “ਥਾਰੀ ਯਾਦ ਚੋਖੀ ਆਵੇ” ਵਾਰਤਕ-ਪੁਸਤਕਾਂ ਰਾਹੀਂ ਉਸ ਨੇ ਪਾਠਕਾਂ ਤੋਂ ਖੂਬ ਵਾਹ-ਵਾਹ ਖੱਟੀ ਹੈ। ਉਸ ਨੂੰ ਸਾਹਿਤਕ ਪੱਤਰਕਾਰੀ ਦੀ ਖੂਬ ਪ੍ਰਸ਼ੰਸਾ ਹਾਸਲ ਹੋਈ ਹੈ।ਜ਼ਿਕਰਯੋਗ ਹੈ ਕਿ ਪ੍ਰਮਿੰਦਰਜੀਤ ਦੇ ਜਾਣ ਤੋਂ ਬਾਅਦ ਵਿਸ਼ਾਲ ਨੇ 9 ਸਾਲ ‘ਅੱਖਰ’ ਮੈਗਜ਼ੀਨ ਦੀ ਸੰਪਾਦਨਾ ਕਰਕੇ ‘ਅੱਖਰ’ ਦਾ ਜ਼ਿਕਰਯੋਗ ਸਥਾਨ ਬਣਾਉਣ ਲਈ ਅਹਿਮ ਭੂਮਿਕਾ ਨਿਭਾਈ। ਇਟਲੀ ਪਰਵਾਸ ਵੇਲੇ 8 ਸਾਲ ਉਨ੍ਹਾਂ ‘ਇੰਡੋ-ਇਟਾਲੀਅਨ ਟਾਈਮਜ਼’ ਪਰਚੇ ਦੀ ਸੰਪਾਦਨਾ ਕੀਤੀ ਜੋ ਯੂਰਪ ਭਰ ‘ਚ ਪਹਿਲਾ ਪਰਚਾ ਸੀ।

ਵਿਸ਼ਾਲ ਜਲੰਧਰ ਦੂਰਦਰਸ਼ਨ ‘ਤੇ ‘ਜਵਾਂ-ਤਰੰਗ’ ਪ੍ਰੋਗਰਾਮ ਦਾ ਸੰਚਾਲਨ ਵੀ ਕਰਦਾ ਰਿਹਾ ਹੈ। ਕਰੀਬ 100 ਨਾਟਕਾਂ ਦੀ ਪਿੱਠ ਭੂਮੀ ‘ਤੇ ਚੱਲਣ ਵਾਲੇ ਗੀਤਾਂ ਤੋਂ ਇਲਾਵਾ ‘ਬੋਲ’ ਨਾਂ ਦੀ ਪੰਜਾਬੀ ਫ਼ੀਚਰ ਫ਼ਿਲਮ ਦੇ ਗੀਤ ਵੀ ਲਿਖੇ ਤੇ ਨਾਲ ਹੀ ਪੰਜਾਬ ਸਰਕਾਰ ਦੇ ਸਰਬ ਸਿੱਖਿਆ ਅਭਿਆਨ ਅਧੀਨ ਆਉਂਦੇ ਵਿਸ਼ੇਸ਼ ਬੱਚਿਆਂ ਲਈ ਲਘੂ ਫ਼ਿਲਮ ਤੇ ਉਸ ਦੇ ਗੀਤ ਵੀ ਲਿਖੇ। ਵੱਖ-ਵੱਖ ਚੈਨਲਾਂ ਲਈ ਸਾਹਿਤਕ ਪ੍ਰੋਗਰਾਮ ਵੀ ਰਿਕਾਰਡ ਕੀਤੇ, ਨਾਟਕਾਂ ਤੇ ਇਕ ਲਘੂ ਫ਼ਿਲਮ ‘ਏਨਾ ਨੂੰ ਪਿਆਰ ਕਰੋ’ ‘ਚ ਅਦਾਕਾਰੀ ਵੀ ਕੀਤੀ।

ਵਿਸ਼ਾਲ ਦੀਆਂ ਚੋਣਵੀਆਂ ਕਵਿਤਾਵਾਂ, ਹਿੰਦੀ, ਅੰਗਰੇਜ਼ੀ, ਕੰਨੜ, ਉੜੀਆ, ਅਸਾਮੀ, ਉਰਦੂ, ਇਟਾਲੀਅਨ ਭਾਸ਼ਾ ‘ਚ ਅਨੁਵਾਦ ਹੋ ਚੁੱਕੀਆਂ ਹਨ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਐਮ. ਏ. ਦੇ ਵਿਦਿਆਰਥੀਆਂ ਲਈ ਸਲੇਬਸ ‘ਚ ਵੀ ਮੌਜੂਦ ਹਨ।ਏਥੇ ਇਹ ਵੀ ਵਰਨਣਯੋਗ ਹੈ ਕਿ ਵਿਸ਼ਾਲ ਦੀ ਕਵਿਤਾ ਦਾ ਸਫ਼ਰ 1986 ‘ਚ ਲੋਅ, ਨਾਗਮਣੀ ਤੋਂ ਸ਼ੁਰੂ ਹੋਇਆ ਤੇ ਬਾਅਦ ‘ਚ ਪੰਜਾਬੀ ਦੇ ਨਾਮਵਰ ਪਰਚਿਆਂ ‘ਚ ਉਸ ਦੀਆਂ ਕਵਿਤਾਵਾਂ ਛੱਪਦੀਆਂ ਰਹੀਆਂ।

ਵਿਸ਼ਾਲ ਦੀ ਕਵਿਤਾ ਦਾ ਮੁੱਖ ਸੁਰ ਰਾਜਨੀਤਕ, ਵਿਸ਼ਵ ਭਰ ‘ਚ ਮਿੱਟੀ ਨਾਲ ਜੁੜੇ ਲੋਕਾਂ ਤੇ ਮੁਹੱਬਤੀ ਸਰੋਕਾਰਾਂ ਨੂੰ ਪੇਸ਼ ਕਰਦੀ ਹੈ। ਉਹ ਹੁਣ ਤੱਕ ਇੰਗਲੈਂਡ, ਇਟਲੀ, ਕੈਨੇਡਾ ਦੀਆਂ ਵਿਸ਼ਵ ਕਾਨਫ਼ਰੰਸਾਂ ‘ਚ ਭਾਗ ਲੈ ਚੁੱਕੇ ਹਨ।ਸ਼ਾਇਰ ਵਿਸ਼ਾਲ ਨੂੰ ਪ੍ਰਮਿੰਦਰਜੀਤ ਯਾਦਗਾਰੀ ਪੁਰਸਕਾਰ ਦੇਣਾ ਪੰਜਾਬੀ ਸਾਹਿਤ ਦਾ ਗੌਰਵ ਵਧਾਉਣ ਵਾਲੀ ਗੱਲ ਹੈ।ਮੈਂ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਅਤੇ ਇਪਸਾ ਆਸਟ੍ਰੇਲੀਆ ਦੇ ਇਸ ਫੈਸਲੇ ਦਾ ਸਵਾਗਤ ਕਰਦਾ ਹਾਂ ਅਤੇ ਸ਼ਾਇਰ ਵਿਸ਼ਾਲ ਨੂੰ ਵਧਾਈ ਦਿੰਦਾ ਹਾਂ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button