ਰੇਸ਼ਮ ਸਿੰਘ ਵੜੈਚ ਮਾਰਕੀਟ ਕਮੇਟੀ ਚੁਗਾਵਾਂ ਦੇ ਚੇਅਰਮੈਨ ਨਿਯੁਕਤ , ਹਲਕਾ ਇੰਚਾਰਜ ਸੋਨੀਆ ਮਾਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 23 ਅਗਸਤ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰੇਸ਼ਮ ਸਿੰਘ ਵੜੈਚ ਨੂੰ ਅੱਜ ਮਾਰਕੀਟ ਕਮੇਟੀ ਚੁਗਾਵਾਂ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਨਾਲ ਪਾਰਟੀ ਵਰਕਰਾਂ ਅਤੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਹੈ।
ਰੇਸ਼ਮ ਸਿੰਘ ਵੜੈਚ ਨੇ ਬੀਤੇ ਸਮੇਂ ਜ਼ਿਲ੍ਹਾ ਪਰਿਸ਼ਦ ਦੇ ਚੁਗਾਵਾਂ ਜ਼ੋਨ ਤੋਂ ਚੋਣ ਲੜਦਿਆਂ ਪੂਰੇ ਅੰਮ੍ਰਿਤਸਰ ਜ਼ਿਲ੍ਹੇ ਵਿੱਚੋਂ ਸਭ ਤੋਂ ਵੱਧ 3,778 ਵੋਟਾਂ ਦੀ ਲੀਡ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਦੇ ਸ਼ਾਨਦਾਰ ਚੋਣ ਪ੍ਰਦਰਸ਼ਨ, ਮਿਹਨਤ ਅਤੇ ਪਾਰਟੀ ਪ੍ਰਤੀ ਸਮਰਪਣ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਮਾਰਕੀਟ ਕਮੇਟੀ ਚੁਗਾਵਾਂ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ।
ਰੇਸ਼ਮ ਸਿੰਘ ਵੜੈਚ ਨੂੰ ਮਾਰਕੀਟ ਕਮੇਟੀ ਚੁਗਾਵਾਂ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ’ਤੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੀ ਇੰਚਾਰਜ ਸੋਨੀਆ ਮਾਨ ਨੇ ਆਮ ਆਦਮੀ ਪਾਰਟੀ ਦੇ ਕੌਮੀ ਆਗੂ ਸ੍ਰੀ ਅਰਵਿੰਦ ਕੇਜਰੀਵਾਲ, ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਮਨੀਸ਼ ਸਿਸੋਦੀਆ, ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਪੰਜਾਬ ਪ੍ਰਧਾਨ ਸ੍ਰੀ ਅਮਨ ਅਰੋੜਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਰੇਸ਼ਮ ਸਿੰਘ ਵੜੈਚ ਵਰਗੇ ਮਿਹਨਤੀ ਅਤੇ ਸਮਰਪਿਤ ਵਲੰਟੀਅਰ ਨੂੰ ਇਹ ਜ਼ਿੰਮੇਵਾਰੀ ਸੌਂਪ ਕੇ ਉਸ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਮੈਰਿਟ, ਯੋਗਤਾ ਅਤੇ ਮਿਹਨਤ ਨੂੰ ਤਰਜੀਹ ਦਿੰਦੀ ਹੈ, ਜਦਕਿ ਰਵਾਇਤੀ ਪਾਰਟੀਆਂ ਇਸ ਤਰ੍ਹਾਂ ਯੋਗਤਾ ਅਤੇ ਮੈਰਿਟ ਦੇ ਆਧਾਰ ’ਤੇ ਜ਼ਿੰਮੇਵਾਰੀਆਂ ਸੌਂਪਣ ਵਿੱਚ ਨਾਕਾਮ ਰਹੀਆਂ ਹਨ।
ਸੋਨੀਆ ਮਾਨ ਨੇ ਉਮੀਦ ਜ਼ਾਹਿਰ ਕੀਤੀ ਕਿ ਰੇਸ਼ਮ ਸਿੰਘ ਵੜੈਚ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਚੁਗਾਵਾਂ ਕਿਸਾਨਾਂ ਦੀ ਭਲਾਈ ਲਈ ਹੋਰ ਬਿਹਤਰ ਢੰਗ ਨਾਲ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਵੱਲੋਂ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਵਧੀਆ ਭਾਅ ਦਿਵਾਉਣ, ਮੰਡੀਆਂ ਵਿੱਚ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਹਿਮ ਭੂਮਿਕਾ ਨਿਭਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਅਤੇ ਖੇਤੀਬਾੜੀ ਖੇਤਰ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਨਵ-ਨਿਯੁਕਤ ਚੇਅਰਮੈਨ ਦੀ ਅਗਵਾਈ ਵਿੱਚ ਮਾਰਕੀਟ ਕਮੇਟੀ ਚੁਗਾਵਾਂ ਵੀ ਇਸ ਦਿਸ਼ਾ ਵਿੱਚ ਆਪਣਾ ਪ੍ਰਭਾਵਸ਼ਾਲੀ ਯੋਗਦਾਨ ਪਾਵੇਗੀ।



